ਰਿਸ਼ਵਤ ਲੈਣ ਦੇ ਮਾਮਲੇ ''ਚ ਰਾਣਾ ਗੁਰਜੀਤ ਖਿਲਾਫ ਐੱਫ਼. ਆਈ. ਆਰ. ਦਰਜ ਹੋਵੇ

04/02/2018 7:11:30 AM

ਚੰਡੀਗੜ੍ਹ (ਸ਼ਰਮਾ) - ਪੰਜਾਬ ਵਿਧਾਨਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਸਿੰਚਾਈ ਵਿਭਾਗ ਦੇ ਘਪਲੇ ਦੇ ਮੁੱਖ ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ ਤੋਂ ਪੰਜ ਕਰੋੜ ਰੁਪਏ ਰਿਸ਼ਵਤ ਲੈਣ ਦੇ ਦਾਗੀ ਰਾਣਾ ਗੁਰਜੀਤ ਦੇ ਖਿਲਾਫ਼ ਐੱਫ. ਆਈ. ਆਰ. ਦਰਜ ਕੀਤੇ ਜਾਣ ਦੀ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ। ਖਹਿਰਾ ਨੇ ਅੱਜ ਇਥੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਦੋਸ਼ੀਆਂ ਨੂੰ ਬਚਾਉਣ ਲਈ ਪਹਿਲਾਂ ਆਪਣੀ ਪਸੰਦ ਮੁਤਾਬਿਕ ਨਾਰੰਗ ਕਮਿਸ਼ਨ ਗਠਿਤ ਕੀਤਾ ਅਤੇ ਫਿਰ ਰਿਪੋਰਟ ਨੂੰ ਅੱਠ ਮਹੀਨੇ ਦਬਾਈ ਰੱਖਿਆ ਅਤੇ ਅਗਲੇ ਛੇ ਮਹੀਨਿਆਂ ਤੱਕ ਬਹਿਸ ਨਾ ਕੀਤੇ ਜਾਣਾ ਯਕੀਨੀ ਬਣਾਉਣ ਲਈ ਬਜਟ ਸੈਸ਼ਨ ਦੇ ਆਖਰੀ ਦਿਨ ਮੇਜ਼ ਉੱਪਰ ਰੱਖਿਆ, ਨੇ ਸਿਰਫ ਸਾਡੇ ਸਿੱਧੇ ਇਲਜ਼ਾਮਾਂ ਨੂੰ ਪੁਖਤਾ ਸਾਬਿਤ ਕੀਤਾ ਹੈ ਕਿ ਨਾਰੰਗ ਕਮਿਸ਼ਨ ਗਠਿਤ ਕੀਤਾ ਜਾਣਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਚਹੇਤੇ ਫਾਈਨਾਂਸਰ ਰਾਣਾ ਗੁਰਜੀਤ ਨੂੰ ਕਲੀਨ ਚਿੱਟ ਦੇਣ ਲਈ ਪਹਿਲਾਂ ਤੋਂ ਹੀ ਰਚੀ ਗਈ ਸਾਜ਼ਿਸ਼ ਸੀ।
ਸੈਦਪੁਰ ਖੁਰਦ ਅਤੇ ਮਹਿਦੀਪੁਰ ਦੀਆਂ ਰੇਤ ਖੱਡਾਂ ਹਾਸਲ ਕਰਨ ਵਾਲੀ ਰਾਣਾ ਗੁਰਜੀਤ ਦੀ ਫਰੰਟ ਕੰਪਨੀ ਮੈਸਰਜ਼ ਇੰਟਰਪ੍ਰਾਈਸਸ ਵਿਚ ਆਏ ਪੈਸੇ ਦਾ ਸਰੋਤ ਜਾਣਨ ਵਿਚ ਅਸਫਲ ਰਹੇ ਜਸਟਿਸ ਨਾਰੰਗ ਉੱਪਰ ਖਹਿਰਾ ਖੂਬ ਵਰ੍ਹੇ। ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਦੀਆਂ ਕੰਪਨੀਆਂ ਵੱਲੋਂ ਸਿੱਧਾ ਪੈਸਾ ਨਿਵੇਸ਼ ਕੀਤੇ ਜਾਣ ਤੋਂ ਇਲਾਵਾ 1000 ਕਰੋੜ ਰੁਪਏ ਦੇ ਇਰੀਗੇਸ਼ਨ ਘਪਲੇਬਾਜ਼ ਠੇਕੇਦਾਰ ਗੁਰਿੰਦਰ ਸਿੰਘ ਵੱਲੋਂ ਮੈਸਰਜ਼ ਰਾਜਬੀਰ ਇੰਟਰਪ੍ਰਾਈਸਸ ਵਿਚ ਨਿਵੇਸ਼ ਕੀਤੇ ਗਏ 5 ਕਰੋੜ ਰੁਪਏ ਸਭ ਤੋਂ ਅਹਿਮ ਹਿੱਸਾ ਸਨ, ਜਿਸ ਦੀਆਂ ਕਿ ਬਾਹਾਂ ਮਰੋੜ ਕੇ ਉਸ ਵੇਲੇ ਦੇ ਇਰੀਗੇਸ਼ਨ ਮੰਤਰੀ ਰਾਣਾ ਗੁਰਜੀਤ ਨੇ ਉਸ ਦੇ ਕਾਰੋਬਾਰ ਨੂੰ ਬਚਾਉਣ ਲਈ ਉਕਤ 5 ਕਰੋੜ ਰੁਪਏ ਦੀ ਰਿਸ਼ਵਤ ਲਈ।
ਖਹਿਰਾ ਨੇ ਕਿਹਾ ਕਿ ਉਨ੍ਹਾਂ ਕੋਲ ਪੁਖਤਾ ਜਾਣਕਾਰੀ ਹੈ ਕਿ ਗੁਰਿੰਦਰ ਸਿੰਘ ਕੋਲੋਂ 5 ਕਰੋੜ ਰੁਪਏ ਰਿਸ਼ਵਤ ਲੈਣ ਤੋਂ ਬਾਅਦ ਰਾਣਾ ਗੁਰਜੀਤ ਨੇ ਉਸ ਕੋਲੋਂ 10 ਕਰੋੜ ਰੁਪਏ ਹੋਰ ਲਏ ਤਾਂ ਕਿ ਵਿਜੀਲੈਂਸ ਬਿਊਰੋ ਵਲੋਂ ਉਸ ਦੇ ਖਿਲਾਫ 19 ਅਪ੍ਰੈਲ 2017 ਨੂੰ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤੇ ਜਾਣ ਉਪਰੰਤ ਇਰੀਗੇਸ਼ਨ ਵਿਭਾਗ ਵੱਲੋਂ ਉਸ ਦੀਆਂ ਰੋਕੀਆਂ ਗਈਆਂ ਵੱਡੀਆਂ ਪੇਮੈਂਟਾਂ ਜਾਰੀ ਕੀਤੀਆਂ ਜਾ ਸਕਣ। ਖਹਿਰਾ ਨੇ ਕੈ. ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਬਿਨਾਂ ਦੇਰੀ ਕੀਤੇ ਉਹ ਦਾਗੀ ਰਾਣਾ ਗੁਰਜੀਤ ਦੇ ਖਿਲਾਫ ਐੱਫ. ਆਈ. ਆਰ. ਦਰਜ ਕਰਵਾਉਣ।