ਮੀਂਹ ਨੇ ਝੋਨੇ ਦੀ ਲਿਫਟਿੰਗ ਨੂੰ ਲਾਈਆਂ ਬ੍ਰੇਕਾਂ

11/18/2017 6:54:07 AM

ਸੰਦੌੜ, (ਰਿਖੀ)- ਪਿਛਲੇ ਦਿਨੀਂ ਪਏ ਮੀਂਹ ਨੇ ਜਿੱਥੇ ਸਮੋਗ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਦਿੱਤੀ ਹੈ ਉਥੇ ਆਪਣੇ ਅੰਤਲੇ ਪੜਾਅ ਵਿਚ ਚੱਲ ਰਹੇ ਝੋਨੇ ਦੇ ਮੰਡੀ ਦੇ ਸੀਜ਼ਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ । ਅਜੇ ਵੀ ਇਲਾਕੇ ਦੀਆਂ ਮੰਡੀਆਂ ਵਿਚ ਲੱਖਾਂ ਬੋਰੀਆਂ ਖਰੀਦ ਹੋ ਚੁੱਕੇ ਝੋਨੇ ਦੀਆਂ ਭਰੀਆਂ ਪਈਆਂ ਹਨ, ਜਿਸ ਨੇ ਅਲਾਟ ਕੀਤੇ ਸ਼ੈਲਰਾਂ ਵਿਚ ਪਹੁੰਚਣਾ ਹੈ ਪਰ ਇਸ ਮੀਂਹ ਕਾਰਨ ਖੁੱਲ੍ਹੇ ਆਸਮਾਨ ਹੇਠ ਪਏ ਝੋਨੇ 'ਚ ਸਿੱਲ੍ਹ ਦਾ ਵਧਣਾ ਕੁਦਰਤੀ ਹੈ, ਜਿਸ ਕਾਰਨ ਸੰਭਾਵਨਾ ਹੈ ਕਿ ਹੁਣ ਸ਼ੈਲਰਾਂ ਵਾਲੇ ਇਸ ਝੋਨੇ ਨੂੰ ਲੈਣ ਤੋਂ ਪਹਿਲਾਂ ਹੋਰ ਸੰਜੀਦਗੀ ਦਿਖਾਉਣਗੇ ਜਾਂ ਫਿਰ ਦੁਬਾਰਾ ਨਮੀ ਦੀ ਜਾਂਚ ਕਰਨਗੇ, ਜਿਸ ਕਾਰਨ ਆੜ੍ਹਤੀਆਂ ਦੀ ਸਿਰਦਰਦੀ ਵਧ ਸਕਦੀ ਹੈ ।
ਸੂਰਜ ਦੇਵਤਾ ਵੱਲ ਤੱਕਣ ਲੱਗੇ ਆੜ੍ਹਤੀ
ਜਿਹੜੀਆਂ ਬੋਰੀਆਂ ਝੋਨੇ ਨਾਲ ਭਰੀਆਂ ਪਈਆਂ ਹਨ, ਉਹ ਕਿਸਾਨਾਂ ਵੱਲੋਂ ਤਾਂ ਵਿਕ ਚੁੱਕੀਆਂ ਹਨ ਅਤੇ ਉਮੀਦ ਹੈ ਕਿ ਬਹੁਤੇ ਕਿਸਾਨਾਂ ਨੂੰ ਇਨ੍ਹਾਂ ਦੇ ਚੈੱਕ ਵੀ ਮਿਲ ਗਏ ਹੋਣਗੇ ਪਰ ਜਿੰਨਾ ਚਿਰ ਲਿਫਟਿੰਗ ਨਹੀਂ ਹੁੰਦੀ, ਆੜ੍ਹਤੀਆਂ ਲਈ ਸਿਰਦਰਦੀ ਬਣ ਗਈ ਹੈ। ਇਸ ਲਈ ਬਹੁਤੇ ਆੜ੍ਹਤੀ ਸੂਰਜ ਦੇਵਤਾ ਵੱਲ ਤੱਕ ਰਹੇ ਹਨ ਕਿ ਤੇਜ਼ ਧੁੱਪ ਨਿਕਲੇ ਤੇ ਝੋਨੇ ਦੀ ਸਿੱਲ੍ਹ ਖਤਮ ਹੋਣ ਨਾਲ ਲਿਫਟਿੰਗ ਚਾਲੂ ਹੋ ਸਕੇ।
ਮਜ਼ਦੂਰ ਵੀ ਚੁਕਾਈ ਦੇ ਇੰਤਜ਼ਾਰ 'ਚ
ਜੇਕਰ ਇਹ ਝੋਨਾ ਚੁੱਕਿਆ ਜਾਂਦਾ ਹੈ ਤਾਂ ਬਹੁਤੀਆਂ ਅਨਾਜ ਮੰਡੀਆਂ ਦਾ ਕੰਮ ਖਤਮ ਹੋ ਜਾਵੇਗਾ ਅਤੇ ਮਜ਼ਦੂਰ ਜਿਨ੍ਹਾਂ ਨੇ ਇਸ ਸੀਜ਼ਨ ਤੋਂ ਬਾਅਦ ਆਪਣੀ ਰੋਜ਼ੀ ਰੋਟੀ ਲਈ ਹੋਰ ਕਾਰਜ 'ਚ ਲੱਗਣਾ ਹੁੰਦਾ ਹੈ, ਵੀ ਵਿਹਲੇ ਹੋ ਜਾਣਗੇ ਪਰ ਫਿਲਹਾਲ ਮੀਂਹ ਕਾਰਨ ਰੁਕੇ ਕੰਮ ਕਰ ਕੇ ਉਹ ਮੰਡੀਆਂ ਵਿਚ ਹੀ ਰਹਿਣ ਲਈ ਮਜਬੂਰ ਹਨ। ਇਸ ਸਬੰਧੀ ਮਜ਼ਦੂਰ ਨਿੱਕਾ ਸਿੰਘ ਨੇ ਕਿਹਾ ਕਿ ਮੰਡੀ ਦਾ ਸੀਜ਼ਨ ਤਾਂ ਸਾਡਾ ਛਿਮਾਹੀ ਹੁੰਦਾ ਹੈ। ਜਦੋਂ ਕੰਮ ਖਤਮ ਹੋ ਜਾਂਦਾ ਹੈ ਅਸੀਂ ਲੇਬਰ ਦਾ ਦੂਸਰਾ ਕੰਮ ਕਰਨ ਲੱਗ ਜਾਂਦੇ ਹਾਂ ।
ਓਧਰ, ਇੰਸਪੈਕਟਰ ਅਜੇ ਕੁਮਾਰ ਨੇ ਕਿਹਾ ਕਿ ਮੀਂਹ ਕਾਰਨ ਰੁਕੀ ਲਿਫਟਿੰਗ ਦਾ ਕੰਮ ਭਲਕੇ ਸ਼ੁਰੂ ਹੋ ਜਾਵੇਗਾ ।