ਭ੍ਰਿਸ਼ਟ ਅਧਿਕਾਰੀਆਂ ਦੀ ਜਾਰੀ ਸੂਚੀ ਬਾਰੇ ਮੰਤਰੀ ਜਿੰਪਾ ਦਾ ਵੱਡਾ ਬਿਆਨ, ਜਾਣੋ ਕੀ ਬੋਲੇ

06/22/2023 5:04:31 PM

ਖੰਨਾ (ਵਿਪਨ) : ਪੰਜਾਬ ਮਾਲ ਵਿਭਾਗ ਦੇ ਕਈ ਭ੍ਰਿਸ਼ਟ ਅਧਿਕਾਰੀਆਂ ਦੀ ਜਾਰੀ ਹੋਈ ਸੂਚੀ ਨੂੰ ਲੈ ਕੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵੱਡਾ ਬਿਆਨ ਦਿੱਤਾ ਹੈ। ਇੱਥੇ ਪੁੱਜੇ ਮੰਤਰੀ ਜਿੰਪਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੀਆਂ ਸ਼ਿਕਾਇਤਾਂ ਵਿਜੀਲੈਂਸ ਕੋਲ ਆਈਆਂ ਸਨ, ਜਿਸ ਦੇ ਆਧਾਰ 'ਤੇ ਵਿਜੀਲੈਂਸ ਨੇ ਮੁੱਢਲੀ ਜਾਂਚ 'ਚ ਇਨ੍ਹਾਂ ਦੇ ਨਾਵਾਂ ਦੀ ਸੂਚੀ ਬਣਾ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੇਸ ਨੂੰ ਮਜ਼ਬੂਤ ਕਰਨ ਲਈ ਸ਼ਿਕਾਇਤਾਂ ਦੇ ਨਾਲ-ਨਾਲ ਸਬੂਤ ਵੀ ਜ਼ਰੂਰੀ ਹੁੰਦੇ ਹਨ। ਮੰਤਰੀ ਨੇ ਕਿਹਾ ਕਿ ਹੁਣ ਵਿਜੀਲੈਂਸ ਸਬੂਤ ਇਕੱਠੇ ਕਰ ਰਹੀ ਹੈ। ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ 'ਮਾਨਸੂਨ' ਨੂੰ ਲੈ ਕੇ ਆਈ ਤਾਜ਼ਾ ਖ਼ਬਰ, ਇਨ੍ਹਾਂ ਤਾਰੀਖ਼ਾਂ ਲਈ ਮੌਸਮ ਨੂੰ ਲੈ ਕੇ ਜਾਰੀ ਹੋਇਆ ਅਲਰਟ

ਇਸ ਤੋਂ ਇਲਾਵਾ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਭਾਈ ਹਰਪ੍ਰੀਤ ਸਿੰਘ ਵੱਲੋਂ ਵਲਟੋਹਾ ਸਬੰਧੀ ਦਿੱਤੇ ਬਿਆਨ 'ਤੇ ਮੰਤਰੀ ਜਿੰਪਾ ਨੇ ਕਿਹਾ ਕਿ ਜੱਥੇਦਾਰਾਂ ਨੂੰ ਆਪਸੀ ਲੜਾਈ ਦੀ ਬਜਾਏ ਗੁਰਬਾਣੀ 'ਤੇ ਅਮਲ ਕਰਨਾ ਚਾਹੀਦਾ ਹੈ। ਹੁਕਮਨਾਮਾ ਸਾਰਿਆਂ ਲਈ ਇੱਕ ਹੈ। ਜੱਥੇਦਾਰਾਂ ਨੂੰ ਵੀ ਗੁਰੂ ਸਾਹਿਬ ਦੇ ਹੁਕਮ 'ਚ ਰਹਿਣਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਗੁਰਬਾਣੀ ਦੇ ਪ੍ਰਸਾਰਣ ਸਬੰਧੀ ਪਾਸ ਕੀਤੇ ਮਤੇ ਖ਼ਿਲਾਫ਼ ਸ਼੍ਰੋਮਣੀ ਕਮੇਟੀ ਦੇ ਵਫ਼ਦ ਦੀ ਰਾਜਪਾਲ ਨਾਲ ਮੁਲਾਕਾਤ ਸਬੰਧੀ ਮੰਤਰੀ ਜਿੰਪਾ ਨੇ ਕਿਹਾ ਕਿ ਦੇਸ਼-ਵਿਦੇਸ਼ 'ਚ ਬੈਠੀ ਸਿੱਖ ਸੰਗਤ ਸਰਕਾਰ ਦੇ ਇਸ ਕਦਮ ਤੋਂ ਬਹੁਤ ਖੁਸ਼ ਹੈ। ਗੁਰਬਾਣੀ ਦਾ ਪ੍ਰਸਾਰਣ ਬਿਲਕੁਲ ਮੁਫ਼ਤ ਹੋਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੂੰ ਸਿਆਸਤ ਦੀ ਬਜਾਏ ਸਰਕਾਰ ਦੇ ਫ਼ੈਸਲੇ ਦਾ ਸੁਆਗਤ ਕਰਨਾ ਚਾਹੀਦਾ ਹੈ ਤਾਂ ਉਨ੍ਹਾਂ ਦਾ ਲੋਕਾਂ 'ਚ ਵਜੂਦ ਬਣਿਆ ਰਹੇਗਾ। ਪੰਜਾਬ ਵਿਧਾਨ ਸਭਾ 'ਚ ਸੁਖਬੀਰ ਬਾਦਲ ਦੀ ਦਾੜ੍ਹੀ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਟਿੱਪਣੀ 'ਤੇ ਹੋਏ ਵਿਵਾਦ ਨੂੰ ਲੈ ਕੇ ਕੈਬਨਿਟ ਮੰਤਰੀ ਬੋਲੇ ਕਿ ਵਿਰੋਧੀ ਇਸ ਮਾਮਲੇ ਨੂੰ ਜਾਣ-ਬੁੱਝ ਕੇ ਉਛਾਲ ਰਹੇ ਹਨ।

ਇਹ ਵੀ ਪੜ੍ਹੋ : ਸਰਕਾਰੀ ਬੱਸ 'ਚ ਬੀਬੀ ਨੇ ਪਾ ਲਿਆ ਗਾਹ, ਥੱਪੜੋ-ਥੱਪੜੀ ਵਾਲਾ ਬਣਿਆ ਮਾਹੌਲ, ਵਾਇਰਲ ਹੋ ਗਈ ਵੀਡੀਓ

ਮੁੱਖ ਮੰਤਰੀ ਦੇ ਕਹਿਣ ਦਾ ਸਿਰਫ ਇੰਨਾ ਮਤਲਬ ਸੀ ਕਿ ਇਨਸਾਨ ਨੂੰ ਦਿਖਾਵਾ ਨਹੀਂ ਕਰਨਾ ਚਾਹੀਦਾ ਅਤੇ ਆਪਣੀ ਅੰਤਰ ਆਤਮਾ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਪਿਛਲੇ 30-35 ਸਾਲਾਂ ਤੋਂ ਮਾਲ ਵਿਭਾਗ ਸਭ ਤੋਂ ਵੱਧ ਬਦਨਾਮ ਰਿਹਾ। ਇਸ ਵਿਭਾਗ 'ਚ ਭ੍ਰਿਸ਼ਟਾਚਾਰ ਚਰਮ ਸੀਮਾ ਤੱਕ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਵਿਭਾਗ 'ਚ ਸੁਧਾਰ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਨਿੱਤ ਨਵੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਮਾਲ ਵਿਭਾਗ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਤੌਰ 'ਤੇ ਇੱਕ ਵਟਸਐਪ ਨੰਬਰ ਜਾਰੀ ਕੀਤਾ ਗਿਆ। ਇਸ ਨੰਬਰ 'ਤੇ ਹੁਣ ਤੱਕ 1200 ਦੇ ਕਰੀਬ ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 600 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਨੰਬਰ ਦਾ ਹੀ ਨਤੀਜਾ ਹੈ ਕਿ ਮਾਲ ਮਹਿਕਮੇ ਦੇ ਭ੍ਰਿਸ਼ਟ ਅਧਿਕਾਰੀਆਂ ਦੇ ਨਾਂ ਪੋਟਲੀ ਵਿੱਚੋਂ ਬਾਹਰ ਨਿਕਲੇ ਹਨ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita