ਝੋਲੀ 'ਚ ਪੁੱਤ ਦੀ ਪਈ ਲਾਸ਼ ਪਰ ਮਾਪਿਆਂ ਨੇ ਪਾਈ ਵੋਟ, ਹੁਣ ਹੋਇਆ ਸਨਮਾਨ

05/28/2019 7:01:29 PM

ਹੁਸ਼ਿਆਰਪੁਰ— ਇਥੋਂ ਦੇ ਪਿੰਡ ਮਹੰਗੋਵਾਲ ਦੇ ਇਕ ਜੋੜੇ ਨੇ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕਾਂ ਲਈ ਮਿਸਾਲ ਕਾਇਮ ਕੀਤੀ ਹੈ। ਦੱਸਣਯੋਗ ਹੈ ਕਿ 18 ਮਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ 6ਵੀਂ ਜਮਾਤ 'ਚ ਪੜ੍ਹਨ ਵਾਲਾ 12 ਸਾਲਾ ਵਿਦਿਆਰਥੀ ਹਰਜੋਤ ਘਰ 'ਚ ਆਪਣੇ ਦੋਸਤ ਦੇ ਨਾਲ ਖੇਡ ਰਿਹਾ ਸੀ ਕਿ ਦੋਸਤ ਨਾਲ ਝਗੜਾ ਹੋਣ ਤੋਂ ਬਾਅਦ ਮਾਂ ਨੇ ਉਸ ਨੂੰ ਝਿੜਕ ਦਿੱਤਾ ਸੀ। ਇਸੇ ਗੱਲ ਤੋਂ ਨਾਰਾਜ਼ ਹੋ ਕੇ ਪੁੱਤ ਨੇ ਫਾਹਾ ਲੈ ਲਿਆ ਸੀ। ਗੰਭੀਰ ਹਾਲਤ 'ਚ ਮੌਕੇ 'ਤੇ ਲੋਕਾਂ ਵੱਲੋਂ ਹਰਜੋਤ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਸੀ। 
ਅੰਤਿਮ ਸੰਸਕਾਰ ਤੋਂ ਪਹਿਲਾਂ ਮਾਂ-ਬਾਪ ਨੇ ਪਾਈ ਵੋਟ 
ਇਸ ਤੋਂ ਅਗਲੇ ਹੀ ਦਿਨ ਯਾਨੀ ਕਿ 19 ਮਈ ਨੂੰ ਪੰਜਾਬ 'ਚ ਵੋਟਾਂ ਸਨ ਤਾਂ ਹਰਜੋਤ ਦੇ ਪਿਤਾ ਜਗਵਿੰਦਰ ਅਤੇ ਉਸ ਦੀ ਮਾਂ ਸੁਖਦੀਪ ਕੌਰ ਜਦੋਂ ਆਪਣੇ ਬੇਟੇ ਦੀ ਲਾਸ਼ ਲੈ ਕੇ ਸਿਵਲ ਹਸਪਤਾਲ 'ਚੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਨੇ ਅੰਤਿਮ ਸੰਸਕਾਰ ਤੋਂ ਪਹਿਲਾਂ ਵੋਟ ਦੇਣ ਦਾ ਫੈਸਲਾ ਕੀਤਾ। ਪਰਿਵਾਰ ਮੁਤਾਬਕ ਜਦੋਂ ਉਹ ਪੁੱਤ ਦੀ ਲਾਸ਼ ਨੂੰ ਲੈ ਕੇ ਪਿੰਡ ਪਹੁੰਚੇ ਤਾਂ ਪਿੰਡ ਵਾਲਿਆਂ ਨੇ ਕਿਹਾ ਸੀ ਕਿ ਉਹ ਪਹਿਲਾਂ ਅੰਤਿਮ ਸੰਸਕਾਰ ਕਰਨਗੇ ਅਤੇ ਬਾਅਦ 'ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਹਾਲਾਂਕਿ ਉਨ੍ਹਾਂ ਨੇ ਸੋਚਿਆ ਕਿ ਉਹ ਪਹਿਲਾਂ ਵੋਟ ਪਾਉਣਗੇ ਅਤੇ ਫਿਰ ਲੜਕੇ ਦਾ ਸਸਕਾਰ ਕਰਨਗੇ। ਪੁੱਤ ਦਾ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਲੜਕੇ ਦੇ ਮਾਂ-ਬਾਪ ਸਮੇਤ ਪਿੰਡ ਵਾਸੀਆਂ ਨੇ ਜਮਹੂਰੀ ਹੱਕ ਦੀ ਵਰਤੋਂ ਕੀਤੀ। 
ਪਰਿਵਾਰ ਦੇ ਰਿਸ਼ਤੇਦਾਰ ਕੈਪਟਨ ਵਿਕਰਮ ਕੁਮਾਰ ਨੇ ਦੱਸਿਆ ਕਿ ਵੋਟਿੰਗ ਕੇਂਦਰ ਦੇ ਬਾਹਰ ਐਂਬੂਲੈਂਸ 'ਚ ਨੌਜਵਾਨ ਦੀ ਲਾਸ਼ ਨੂੰ ਦੇਖ ਕੇ ਵੋਟਿੰਗ ਕਰਮਚਾਰੀ ਵੀ ਹੈਰਾਨ ਰਹਿ ਗਏ। ਲਾਈਨ 'ਚ ਇੰਤਜ਼ਾਰ ਕਰ ਰਹੇ ਵੋਟਰਾਂ ਨੇ ਲੜਕੇ ਦੇ ਮਾਂ-ਬਾਪ ਅਤੇ ਪਿੰਡ ਵਾਸੀਆਂ ਲਈ ਰਸਤਾ ਬਣਾਇਆ ਅਤੇ ਪੋਲਿੰਗ ਸਟਾਫ ਨੇ ਵੀ ਉਨ੍ਹਾਂ ਦਾ ਸਹਿਯੋਗ ਦਿੱਤਾ। 
ਭਾਜਪਾ ਦੇ ਰਾਸ਼ਟਰੀ ਉੱਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਦੁੱਖ ਕੀਤਾ ਸਾਂਝਾ
ਰਾਜ ਸਭਾ ਦੇ ਸਾਬਕਾ ਮੈਂਬਰ ਅਤੇ ਭਾਜਪਾ ਦੇ ਰਾਸ਼ਟਰੀ ਉੱਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਸੋਮਵਾਰ ਨੂੰ ਉਕਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਸਸਕਾਰ ਤੋਂ ਪਹਿਲਾਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ 'ਤੇ ਪਰਿਵਾਰ ਦੀ ਸ਼ਲਾਘਾ ਕੀਤੀ। ਅਜਿਹੀ ਮਿਸਾਲ ਕਾਇਮ ਕਰਨ 'ਤੇ ਅਵਿਨਾਸ਼ ਰਾਏ ਖੰਨਾ ਨੇ ਭਾਰਤੀ ਚੋਣ ਕਮਿਸ਼ਨ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਜੋੜੇ ਨੂੰ ਸਨਮਾਨਤ ਕਰਨ ਲਈ ਵੀ ਚਿੱਠੀ ਲਿਖੀ ਸੀ। ਉਨ੍ਹਾਂ ਨੇ ਕਿਹਾ ਕਿ ਵਿਆਹ ਦੌਰਾਨ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਸੌਖੀ ਹੈ ਪਰ ਅਜਿਹੇ ਦੁਖ 'ਚ ਸਭ ਤੋਂ ਪਹਿਲਾਂ ਵੋਟ ਪਾਉਣਾ ਬੇਹੱਦ ਔਖਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਦੁੱਖ ਦੀ ਦਾਸਤਾਨ ਸੁਣਾਉਂਦੇ ਹੋਏ ਪੁੱਤ ਦੇ ਪਿਤਾ ਜਗਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਬੇਹੱਦ ਬੁੱਧੀਮਾਨ ਸੀ। ਉਹ ਖਾਸ ਕਰਕੇ ਇਕੱਲਾ ਖੇਡਦਾ ਸੀ। ਉਸ ਦਿਨ ਮਾਂ ਨੇ ਦੋਸਤ ਨਾਲ ਝਗੜਾ ਹੋਣ 'ਤੇ ਉਸ ਨੂੰ ਝਿੜਕ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਜਿਹਾ ਕਦਮ ਚੁੱਕ ਲਿਆ। 
ਜਗਵਿੰਦਰ ਨੇ ਦੱਸਿਆ ਕਿ ਜਦੋਂ ਉਨ੍ਹਾਂ 'ਤੇ ਦੁੱਖਾਂ ਦਾ ਪਹਾੜ ਟੁੱਟਾ ਸੀ ਤਾਂ ਉਹ ਹਮੀਰਪੁਰ 'ਚ ਕੰਮ ਕਰਨ ਗਏ ਹੋਏ ਸਨ ਅਤੇ ਉਨ੍ਹਾਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪਿੰਡ ਆਉਣਾ ਸੀ। ਜਦੋਂ ਉਹ ਉਥੋਂ ਚੱਲੇ ਤਾਂ ਉਨ੍ਹਾਂ ਦੀ ਪਤਨੀ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਹਰਜੋਤ ਦੀ ਸਿਹਤ ਕਾਫੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਇਥੇ ਪਹੁੰਚੇ ਤਾਂ ਹਰਜੋਤ ਦੀ ਮੌਤ ਹੋ ਚੁੱਕੀ ਸੀ।

shivani attri

This news is Content Editor shivani attri