ਜਲੰਧਰ: ਮੇਲੇ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ''ਚ 2 ਮੁਲਜ਼ਮ ਗ੍ਰਿਫਤਾਰ

02/11/2020 6:40:37 PM

ਜਲੰਧਰ (ਮ੍ਰਿਦੁਲ)— ਸ੍ਰੀ ਗੁਰੂ ਰਵਿਦਾਸ ਚੌਕ ਕੋਲ ਕਥਿਤ ਦੋਸਤਾਂ ਵਿਚਾਲੇ ਹੋਈ ਬਹਿਸ ਤੋਂ ਬਾਅਦ ਸਰਜੀਕਲ ਬਲੇਡ ਨਾਲ ਨੌਜਵਾਨ ਦਾ ਕਤਲ ਕਰ ਦੇਣ ਦੇ ਮਾਮਲੇ 'ਚ ਪੁਲਸ ਨੇ  2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਭਾਵੇਂ ਪੁਲਸ ਮੁੱਖ ਮੁਲਜ਼ਮ ਨੀਰਜ ਨੂੰ ਅਜੇ ਤੱਕ ਨਹੀਂ ਫੜ ਸਕੀ ਪਰ ਮੁਲਜ਼ਮ ਦੇ ਸਾਥੀਆਂ ਨੂੰ ਫੜ ਲਿਆ ਗਿਆ ਹੈ। ਮੁਲਜ਼ਮਾਂ ਨੂੰ ਕੋਰਟ 'ਚ ਪੇਸ਼ ਕਰ ਇਕ ਦਿਨ ਦਾ ਰਿਮਾਂਡ ਲਿਆ ਗਿਆ ਹੈ। ਫੜੇ ਗਏ ਮੁਲਜ਼ਮਾਂ ਦਾ ਕਹਿਣਾ ਹੈ ਕਿ ਮੇਲੇ ਕਾਰਨ ਮੰਦਰ ਵਿਚ ਇੰਨੀ ਭੀੜ ਸੀ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਨੀਰਜ ਨੇ ਸਰਬਜੀਤ 'ਤੇ ਵਾਰ ਕਰ ਦਿੱਤਾ।

ਏ. ਸੀ. ਪੀ. ਬਲਵਿੰਦਰ ਇਕਬਾਲ ਸਿੰਘ ਕਾਹਲੋਂ ਨੇ ਦੱਸਿਆ ਕਿ ਬੀਤੀ ਰਾਤ ਹੋਏ ਕਤਲ ਦੇ ਮਾਮਲੇ 'ਚ ਐੱਸ. ਐੱਚ. ਓ. 6 ਸੁਰਜੀਤ ਸਿੰਘ ਅਤੇ ਏ. ਐੱਸ. ਆਈ. ਕਸ਼ਮੀਰ ਦੀ ਟੀਮ ਨੇ ਰਾਤੋ-ਰਾਤ ਸਾਰੇ ਮੁਲਜ਼ਮਾਂ ਨੂੰ ਟਰੇਸ ਕਰ ਲਿਆ ਸੀ। ਕਤਲ ਕੀਤਾ ਗਿਆ ਨੌਜਵਾਨ ਸਰਬਜੀਤ ਉਰਫ ਚੀਮਾ ਅਤੇ ਮੁੱਖ ਮੁਲਜ਼ਮ ਨੀਰਜ ਅਤੇ ਉਸ ਦੇ ਸਾਥੀ ਆਪਸ 'ਚ ਗੁਆਂਢੀ ਹਨ। ਭਾਵੇਂ ਕਿ ਵਾਰਦਾਤ 'ਚ ਨੀਰਜ ਨਾਲ ਉਸ ਦਾ ਵੱਡਾ ਭਰਾ ਸੂਰਜ, ਹੁਸ਼ਿਆਰਪੁਰ ਦਾ ਜੋਗੀ, ਬਸਤੀ ਸ਼ੇਖ ਦੇ ਲਸੂੜੀ ਮੁਹੱਲੇ ਦੇ ਸਾਹਿਲ, ਗੋਪਾਲ ਅਤੇ ਹਿਮਾਚਲ ਦੇ ਕੁੰਦਨ ਲਾਲ ਸ਼ਾਮਲ ਸਨ। ਜਿਸ ਸਮੇਂ ਨੀਰਜ ਨੇ ਸਰਬਜੀਤ ਦੀ ਗਰਦਨ 'ਤੇ ਵਾਰ ਕੀਤਾ ਤਾਂ ਉਸ ਸਮੇਂ ਸਾਰੇ ਮੁਲਜ਼ਮ ਮੌਕੇ 'ਤੇ ਮੌਜੂਦ ਸਨ ਪਰ ਸਰਬਜੀਤ ਦੀ ਮੌਤ ਤੋਂ ਬਾਅਦ ਉਹ ਫਰਾਰ ਹੋ ਗਏ। ਪੁਲਸ ਜਾਂਚ 'ਚ ਕਿਸੇ ਵੀ ਮੁਲਜ਼ਮ ਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ।

ਨਹੀਂ ਸੀ ਕੋਈ ਪੁਰਾਣੀ ਰੰਜਿਸ਼
ਫੜੇ ਗਏ ਮੁਲਜ਼ਮ ਸਾਹਿਲ ਜੋ ਕਿ ਨਿੱਜੀ ਹਸਪਤਾਲ 'ਚ ਨੌਕਰੀ ਕਰਦਾ ਹੈ ਅਤੇ ਉਸ ਦੇ ਨਾਲ ਮੇਲਾ ਵੇਖਣ ਹਿਮਾਚਲ ਤੋਂ ਆਏ ਰਿਸ਼ਤੇਦਾਰ ਕੁੰਦਨ ਲਾਲ ਨੇ ਜਾਂਚ 'ਚ ਖੁਲਾਸਾ ਕੀਤਾ ਕਿ ਨੀਰਜ ਅਤੇ ਸਰਬਜੀਤ ਦਾ ਕੁਝ ਦੇਰ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਵੈਸੇ ਉਨ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਨਹੀਂ ਸੀ। ਸ਼ਰਾਬ ਦੇ ਨਸ਼ੇ 'ਚ ਜਦੋਂ ਸਰਬਜੀਤ ਅਤੇ ਨੀਰਜ ਦੀ ਆਪਸ ਵਿਚ ਹੱਥੋਪਾਈ ਹੋਈ ਤਾਂ ਨੀਰਜ ਨੇ ਆਪਣੇ ਭਰਾ ਸੂਰਜ ਅਤੇ ਹੋਰ ਸਾਥੀਆਂ ਨੂੰ ਬੁਲਾ ਲਿਆ। ਮੁਲਜ਼ਮ ਸਾਹਿਲ ਨੇ ਦੱਸਿਆ ਕਿ ਉਹ ਪਹਿਲਾਂ ਨੀਰਜ ਦੇ ਨਾਲ ਨਿੱਜੀ ਹਸਪਤਾਲ 'ਚ ਨੌਕਰੀ ਕਰਦਾ ਸੀ, ਜਿਸ ਕਾਰਨ ਉਹ ਆਪਣੇ ਨਾਲ ਹਰ ਸਮੇਂ ਸਰਜੀਕਲ ਬਲੇਡ ਰੱਖਦਾ ਸੀ। ਵਾਰਦਾਤ ਦੇ ਸਮੇਂ ਵੀ ਉਸ ਨੇ ਸਰਜੀਕਲ ਬਲੇਡ ਦੀ ਵਰਤੋਂ ਕੀਤੀ। ਦੂਜੇ ਪਾਸੇ ਮੁਲਜ਼ਮ ਕੁੰਦਨ ਲਾਲ ਨੇ ਦੱਸਿਆ ਕਿ ਉਹ ਤਾਂ ਹਿਮਾਚਲ ਵਿਚ ਪ੍ਰਾਈਵੇਟ ਕਲੀਨਿਕ 'ਚ ਕੰਮ ਕਰਦਾ ਹੈ ਅਤੇ ਮੇਲਾ ਦੇਖਣ ਲਈ ਹਿਮਾਚਲ ਤੋਂ ਆਇਆ ਸੀ। ਉਸ ਨੂੰ ਕੀ ਪਤਾ ਸੀ ਕਿ ਵਾਰਦਾਤ ਹੋ ਜਾਵੇਗੀ।

ਅੱਡਾ ਹੁਸ਼ਿਆਰਪੁਰ 'ਤੇ ਮੁਲਜ਼ਮ ਨੀਰਜ ਤੇ ਉਸ ਦਾ ਵੱਡਾ ਭਰਾ ਸੂਰਜ ਲਾਉਂਦੇ ਹਨ ਫਾਸਟ ਫੂਡ ਦੀ ਰੇਹੜੀ
ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਮੁੱਖ ਮੁਲਜ਼ਮ ਨੀਰਜ ਅਤੇ ਉਸ ਦਾ ਵੱਡਾ ਭਰਾ ਸੂਰਜ ਅੱਡਾ ਹੁਸ਼ਿਆਰਪੁਰ ਰੋਡ 'ਤੇ ਫਾਸਟ ਫੂਡ ਦੀ ਰੇਹੜੀ ਲਾਉਂਦੇ ਹਨ। ਪਹਿਲਾਂ ਨੀਰਜ ਕਿਸੇ ਨਿੱਜੀ ਹਸਪਤਾਲ 'ਚ ਨੌਕਰੀ ਕਰਦਾ ਸੀ ਪਰ ਬਾਅਦ 'ਚ ਵੱਡੇ ਭਰਾ ਦੇ ਨਾਲ ਹੀ ਫਾਸਟ ਫੂਡ ਦਾ ਕਾਰੋਬਾਰ ਕਰਨ ਲੱਗਾ। 10 ਤਰੀਕ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਕਾਰਨ ਦੋਵਾਂ ਨੇ ਆਪਣੀ ਰੇਹੜੀ ਨਹੀਂ ਲਾਈ ਸੀ।
ਸਰਬਜੀਤ ਨੇ ਗੋਰਾਇਆ 'ਚ ਇਕ ਸਾਲ ਪਹਿਲਾਂ ਹੀ ਟੈਟੂ ਦਾ ਸ਼ੋਅਰੂਮ ਖੋਲ੍ਹਿਆ ਸੀ
ਮ੍ਰਿਤਕ ਸਰਬਜੀਤ ਸਿੰਘ ਨੇ ਇਕ ਸਾਲ ਪਹਿਲਾਂ ਹੀ ਗੋਰਾਇਆ 'ਚ ਟੈਟੂ ਦਾ ਸ਼ੋਅਰੂਮ ਖੋਲ੍ਹਿਆ ਸੀ। ਉਸ ਦੀ ਮਾਂ ਸਰਬਜੀਤ ਦੇ ਪਿਤਾ ਤੋਂ ਵੱਖਰੀ ਗੁਰਾਇਆ 'ਚ ਰਹਿੰਦੀ ਸੀ ਅਤੇ ਸਰਬਜੀਤ ਦਾ ਪਿਤਾ ਅਬਾਦਪੁਰਾ 'ਚ ਰਹਿੰਦਾ ਹੈ ਪਰ ਸਰਬਜੀਤ ਪਿਤਾ ਦੇ ਕੋਲ ਘੱਟ ਅਤੇ ਮਾਂ ਦੇ ਕੋਲ ਹੀ ਗੁਰਾਇਆ 'ਚ ਰਹਿੰਦਾ ਸੀ।

ਪੂਰੇ ਅਬਾਦਪੁਰਾ 'ਚ ਦਹਿਸ਼ਤ ਦਾ ਮਾਹੌਲ ਕਿ ਦੋਸਤੀ ਦੁਸ਼ਮਣੀ 'ਚ ਕਿਵੇਂ ਬਦਲੀ
ਅਬਾਦਪੁਰਾ ਇਲਾਕੇ ਵਿਚ ਰਹਿੰਦੇ ਮ੍ਰਿਤਕ ਸਰਬਜੀਤ ਅਤੇ ਨੀਰਜ ਆਪਸ ਵਿਚ ਗੁਆਂਢੀ ਸਨ ਅਤੇ ਕਾਫੀ ਪੁਰਾਣੇ ਦੋਸਤ ਵੀ ਸਨ ਪਰ ਦੋਸਤੀ ਦੁਸ਼ਮਣੀ 'ਚ ਕਿਵੇਂ ਬਦਲ ਗਈ, ਇਸ ਕਾਰਨ ਅਬਾਦਪੁਰਾ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।

shivani attri

This news is Content Editor shivani attri