ਚਿੱਟੇ ਦੀ ਓਵਰਡੋਜ਼ ਨਾਲ ਨਾਬਾਲਗ ਦੀ ਮੌਤ, ਪਰਿਵਾਰ ਵੱਲੋਂ ਚੁੱਪ-ਚਪੀਤੇ ਕੀਤੇ ਸਸਕਾਰ ਕਾਰਨ ਇਲਾਕੇ 'ਚ ਫੈਲੀ ਦਹਿਸ਼ਤ

05/23/2022 3:47:15 PM

ਜਲੰਧਰ (ਜ.ਬ.)– ਮੰਡੀ ਰੋਡ ’ਤੇ ਸਥਿਤ ਬ੍ਰਹਮਾ ਨਗਰ ’ਚ ਚਿੱਟੇ (ਹੈਰੋਇਨ) ਦੀ ਓਵਰਡੋਜ਼ ਕਾਰਨ ਇਕ ਨਾਬਾਲਗ ਬੱਚੇ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਮੌਤ ਹੋਣ ਤੋਂ ਬਾਅਦ ਜਦੋਂ ਉਸ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਪੁਲਸ ਦੀ ਕਾਰਵਾਈ ਦੇ ਡਰੋਂ ਉਨ੍ਹਾਂ ਦਬਾਅ ’ਚ ਆ ਕੇ ਬੱਚੇ ਦਾ ਸਸਕਾਰ ਵੀ ਕਰ ਦਿੱਤਾ। ਇੰਨਾ ਹੀ ਨਹੀਂ ਬੱਚੇ ਦੀ ਮੌਤ ਹੋਣ ਤੋਂ ਕੁਝ ਦਿਨ ਪਹਿਲਾਂ ਉਸ ਦੇ ਦੋਸਤ ਦੀ ਮੌਤ ਵੀ ਚਿੱਟੇ ਦੀ ਓਵਰਡੋਜ਼ ਕਾਰਨ ਹੋਈ ਸੀ।

ਚਿੱਟੇ ਦਾ ਗੜ੍ਹ ਬਣਦੇ ਜਾ ਰਹੇ ਰੇਲਵੇ ਸਟੇਸ਼ਨ ਨੇੜੇ ਸਥਿਤ ਮੰਡੀ ਰੋਡ ’ਤੇ ਇਕ ਵਿਅਕਤੀ ਨੇ ਬ੍ਰਹਮਾ ਨਗਰ ਇਲਾਕੇ ਦੇ ਬੱਚਿਆਂ ਨੂੰ ਚਿੱਟੇ ਦੀ ਲਤ ਲਗਵਾ ਉਨ੍ਹਾਂ ਕੋਲੋਂ ਇਕ ਤਾਂ ਨਸ਼ਾ ਵਿਕਵਾਇਆ ਅਤੇ ਬਾਅਦ ’ਚ ਉਨ੍ਹਾਂ ਨੂੰ ਚੋਰੀਆਂ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਵੱਲ ਧੱਕ ਦਿੱਤਾ। ਉਕਤ ਵਿਅਕਤੀ ਖ਼ੁਦ ਤਾਂ ਅੰਡਰਗਰਾਊਂਡ ਹੋ ਚੁੱਕਾ ਹੈ ਪਰ ਆਪਣੇ ਚੇਲਿਆਂ ਕੋਲੋਂ ਮੰਡੀ ਰੋਡ ਨਾਲ ਲੱਗਦੇ ਇਲਾਕਿਆਂ ’ਚ ਚਿੱਟਾ ਸਪਲਾਈ ਕਰਵਾ ਰਿਹਾ ਹੈ। ਨਸ਼ੇ ਦੇ ਇਸ ਚੱਲ ਰਹੇ ਕਾਰੋਬਾਰ ਬਾਰੇ ਇਲਾਕੇ ’ਚ ਪਤਾ ਸਾਰਿਆਂ ਨੂੰ ਹੈ ਪਰ ਇਕ ਲੋਕਲ ਮਹਿਲਾ ਪ੍ਰਧਾਨ ਕਾਰਨ ਕੋਈ ਪੁਲਸ ਨੂੰ ਸੂਚਨਾ ਤਕ ਨਹੀਂ ਦਿੰਦਾ।

ਇਹ ਵੀ ਪੜ੍ਹੋ:  ਜਿਸ ਬੋਰਵੈੱਲ 'ਚ ਡਿੱਗ ਕੇ 6 ਸਾਲਾ 'ਰਿਤਿਕ ਰੌਸ਼ਨ' ਨੇ ਗੁਆਈ ਸੀ ਜਾਨ, ਉਸ ਦੇ ਮਾਲਕ ਖ਼ਿਲਾਫ਼ ਹੋਈ ਵੱਡੀ ਕਾਰਵਾਈ

ਸੂਤਰਾਂ ਦੀ ਮੰਨੀਏ ਤਾਂ ਐਤਵਾਰ ਜਦੋਂ ਇਕ ਨੌਜਵਾਨ ਦੀ ਚਿੱਟੇ ਨਾਲ ਮੌਤ ਹੋਈ ਤਾਂ ਇਲਾਕੇ ’ਚ ਦਹਿਸ਼ਤ ਫ਼ੈਲ ਗਈ ਕਿਉਂਕਿ ਬ੍ਰਹਮਾ ਨਗਰ ਇਲਾਕੇ ਦੇ 6 ਬੱਚੇ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ, ਚਿੱਟਾ ਸਪਲਾਈ ਕਰਦੇ ਹਨ ਅਤੇ ਵੇਚਦੇ ਹਨ। ਆਲਮ ਇਹ ਹੈ ਕਿ ਨਸ਼ੇ ਦੀ ਸਪਲਾਈ ਲਈ ਸਾਰੇ ਦੋਸਤ ਇਲਾਕੇ ’ਚ ਚੋਰੀਆਂ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਕਤ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਇਲਾਕਾ ਵਾਸੀਆਂ ਨੇ ਜਦੋਂ ਪੁਲਸ ਨੂੰ ਸੂਚਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਪ੍ਰਧਾਨ ਨੇ ਆ ਕੇ ਇਲਾਕੇ ਦੇ ਲੋਕਾਂ ’ਤੇ ਦਬਾਅ ਬਣਾਇਆ।

ਪੁਲਸ ਕੋਲ ਸ਼ਿਕਾਇਤ ਨਾ ਹੋਣ ਕਾਰਨ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲੇ ਨੌਜਵਾਨ ਦੇ ਮਾਤਾ-ਪਿਤਾ ਨੇ ਵੀ ਉਸ ਦਾ ਚੁੱਪ ਕੀਤੇ ਅੰਤਿਮ ਸੰਸਕਾਰ ਕਰ ਦਿੱਤਾ। ਓਧਰ ਜਦੋਂ ਇਸ ਸਬੰਧੀ ਥਾਣਾ ਨੰ. 3 ਦੇ ਏ. ਐੱਸ. ਆਈ. ਮਨਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਸ ਕੋਲ ਕੋਈ ਵੀ ਸ਼ਿਕਾਇਤ ਨਹੀਂ ਆਈ। ਬਾਕੀ ਜੇਕਰ ਕੋਈ ਲਿਖਤੀ ਸ਼ਿਕਾਇਤ ਆਉਂਦੀ ਹੈ ਤਾਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  ਜਲੰਧਰ: ਪਰਿਵਾਰ ਲਈ ਕਾਲ ਬਣ ਕੇ ਆਇਆ ਮੀਂਹ, ਕੰਧ ਡਿੱਗਣ ਕਾਰਨ ਨਨਾਣ-ਭਰਜਾਈ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri