ਲੰਡਨ ਤੋਂ ਇਕੱਲਾ ਭਾਰਤ ਪੁੱਜਾ ਮਾਸੂਮ ਬੱਚਾ, ਦਾਦਾ-ਦਾਦੀ ਹਿਮੰਤ ਦੇਖ ਰਹਿ ਗਏ ਹੈਰਾਨ

07/27/2016 5:05:51 PM

ਅੰਮ੍ਰਿਤਸਰ : ਹਰ ਮਾਤਾ-ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਬੱਚੇ ਦੀ ਹਰ ਇੱਛਾ ਪੂਰੀ ਕਰਨ ਤਾਂ ਜੋ ਬੱਚਾ ਕਦੇ ਇਹ ਨਾ ਸੋਚੇ ਕਿ ਮਾਤਾ-ਪਿਤਾ ਨੇ ਉਸ ਦੀ ਗੱਲ ਨਹੀਂ ਸੁਣੀ। ਕੁਝ ਅਜਿਹੀ ਹੀ ਸੋਚ ਰੱਖਦੇ ਲੰਡਨ ਦੇ ਰਹਿਣ ਵਾਲੇ ਇਕ ਜੋੜੇ ਨੇ ਆਪਣੇ 6 ਸਾਲਾਂ ਦੇ ਬੱਚੇ ਨੂੰ ਇਕੱਲਿਆਂ ਹੀ ਭਾਰਤ ਭੇਜ ਦਿੱਤਾ। ਸੂਤਰਾਂ ਮੁਤਾਬਕ ਲੰਡਨ ''ਚ ਰਹਿਣ ਵਾਲਾ ਸਮੀਕਸ਼ ਨਾਂ ਦਾ ਬੱਚਾ ਪੰਜਾਬ ਰਹਿੰਦੇ ਆਪਣੇ ਦਾਦਾ-ਦਾਦੀ ਨੂੰ ਮਿਲਣਾ ਚਾਹੁੰਦਾ ਸੀ। 
ਸਮੀਕਸ਼ ਨੂੰ ਗਰਮੀਆਂ ਦੀਆਂ ਛੁੱਟੀਆਂ ਪਈਆਂ ਤਾਂ ਉਸ ਨੇ ਆਪਣੇ ਮਾਤਾ-ਪਿਤਾ ਨੂੰ ਭਾਰਤ ਆਉਣ ਲਈ ਕਿਹਾ ਪਰ ਉਸ ਦੇ ਮਾਤਾ-ਪਿਤਾ ਨੌਕਰੀ ਕਰਨ ਦੇ ਚੱਲਦਿਆਂ ਭਾਰਤ ਨਹੀਂ ਆ ਸਕਦੇ ਸਨ। ਇਸ ਦੇ ਨਾਲ ਹੀ ਉਹ ਆਪਣੇ ਬੱਚੇ ਦੀ ਇੱਛਾ ਵੀ ਪੂਰੀ ਕਰਨੀ ਚਾਹੁੰਦੇ ਸਨ। ਉਨ੍ਹਾਂ ਨੇ ਸਮੀਕਸ਼ ਤੋਂ ਪੁੱਛਿਆ ਕਿ ਕੀ ਉਹ ਇਕੱਲਾ ਭਾਰਤ ਜਾਣ ਲਈ ਤਿਆਰ ਹੈ, ਜਿਵੇਂ ਹੀ ਸਮੀਕਸ਼ ਨੇ ਹਾਂ ਕੀਤੀ ਤਾਂ ਉਨ੍ਹਾਂ ਨੇ ਸਮੀਕਸ਼ ਦੇ ਭਾਰਤ ਆਉਣ ਦਾ ਸਾਰਾ ਪ੍ਰਬੰਧ ਕਰ ਦਿੱਤਾ।
ਇਕ ਨਿਜੀ ਚੈਨਲ ਦੀ ਖਬਰ ਮੁਤਾਬਕ ਸਮੀਕਸ਼ ਦੇ ਪਿਤਾ ਨੇ ਏਅਰ ਇੰਡੀਆ ਦੇ ਦਫਤਰ ''ਚ ਜਾ ਕੇ ਇਸ ਬਾਰੇ ਗੱਲ ਕੀਤੀ ਤਾਂ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਬੱਚੇ ਨੂੰ ਬੜੇ ਆਰਾਮ ਨਾਲ ਅੰਮ੍ਰਿਤਸਰ ਪਹੁੰਚਾ ਦਿੱਤਾ ਜਾਵੇਗਾ। ਦੂਜੇ ਪਾਸੇ ਆਪਣੇ ਪੋਤੇ ਨੂੰ ਮਿਲਣ ਲਈ ਤੜਫ ਰਹੇ ਦਾਦਾ-ਦਾਦੀ ਫਲਾਈਟ ਦੇ ਅੰਮ੍ਰਿਤਸਰ ਪੁੱਜਣ ਤੋਂ ਕਈ ਘੰਟੇ ਪਹਿਲਾਂ ਹੀ ਏਅਰਪੋਰਟ ''ਤੇ ਪਹੁੰਚ ਗਏ।  ਜਿਵੇਂ ਹੀ ਏਅਰ ਇੰਡੀਆ ਦੇ ਅਧਿਕਾਰੀ ਨੇ ਸਮੀਕਸ਼ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਤਾਂ ਉਹ ਦਾਦਾ-ਦਾਦੀ ਨਾਲ ਲਿਪਟ ਗਿਆ। ਲੰਡਨ ਤੋਂ 10 ਘੰਟਿਆਂ ਦੀ ਹਵਾਈ ਯਾਤਰਾ ਕਰਕੇ ਅੰਮ੍ਰਿਤਸਰ ਪੁੱਜਿਆ ਸਮੀਕਸ਼ ਸਵਾ ਮਹੀਨੇ ਦੀਆਂ ਛੁੱਟੀਆਂ ਬਿਤਾ ਕੇ 31 ਅਗਸਤ ਨੂੰ ਵਾਪਸ ਲੰਡਨ ਚਲਾ ਜਾਵੇਗਾ। ਸਮੀਕਸ਼ ਦੇ ਦਾਦਾ-ਦਾਦੀ ਦਾ ਕਹਿਣਾ ਹੈ ਕਿ ਆਪਣੇ ਪੋਤੇ ਦੀ ਹਿਮੰਤ ਦੇਖ ਕੇ ਉਹ ਖੁਦ ਹੈਰਾਨ ਹਨ। 
 

Babita Marhas

This news is News Editor Babita Marhas