ਲਾਪਤਾ ਹੋਇਆ ਮੁੰਡਾ, ਲਾਸ਼ ਵੀ ਮਿਲ ਗਈ, ਫਿਰ ਵੀ ਪੈਸੇ ਮੰਗਦਾ ਰਿਹਾ ਸ਼ਾਤਰ ਵਿਅਕਤੀ

03/10/2021 4:22:07 PM

ਫਤਿਹਗੜ੍ਹ ਸਾਹਿਬ (ਬਖਸ਼ੀ)- ਜ਼ਿਲ੍ਹਾ ਪੁਲਸ ਮੁਖੀ ਅਮਨੀਤ ਕੌਂਡਲ ਵਲੋਂ ਵਿੱਢੀ ਗਈ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਮੁਹਿੰਮ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਥਾਣਾ ਮੂਲੇਪੁਰ ਦੇ ਇੰਸਪੈਕਟਰ ਜਾਨਪਾਲ ਸਿੰਘ ਦੀ ਟੀਮ ਨੇ ਇਕ ਨੋਸਰਬਾਜ਼ ਨੂੰ ਕਾਬੂ ਕੀਤਾ। ਇਸ ਸਬੰਧੀ ਐੱਸ.ਐੱਚ.ਓ. ਮੂਲੇਪਰ ਜਾਨਪਾਲ ਸਿੰਘ ਨੇ ਦੱਸਿਆ ਕਿ 5 ਜਨਵਰੀ 2021 ਨੂੰ ਗੁਰਜੀਤ ਸਿੰਘ ਵਾਸੀ ਸਰਾਣਾ ਨੇ ਮੁਕੱਦਮਾ ਨੰ: 19 ਮਿਤੀ 5 ਮਾਰਚ 2021 ਨੂੰ ਆਈ.ਪੀ.ਸੀ. ਦੀ ਧਾਰਾ 365 ਅਧੀਨ ਆਪਣੇ ਲੜਕੇ ਨਵਜੋਤ ਸਿੰਘ ਦੀ ਗੁੰਮਸ਼ੁਦਗੀ ਦੇ ਸਬੰਧ ਵਿਚ ਦਰਜ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਗੁੰਮਸ਼ੁਦਾ ਨਵਜੋਤ ਸਿੰਘ ਦੇ ਵਾਰਸਾਂ ਵਲੋਂ ਅਤੇ ਪੁਲਸ ਵਲੋਂ ਤਲਾਸ਼ ਸਬੰਧੀ ਇਸ਼ਤਿਹਾਰ ਵੱਖ-ਵੱਖ ਵਟਸਐਪ ਗਰੁੱਪਾਂ ਵਿਚ ਪਾਏ ਗਏ ਸਨ। ਇਸ ਇਸ਼ਤਿਹਾਰ ’ਤੇ ਨਵਜੋਤ ਸਿੰਘ ਦੇ ਪਿਤਾ ਗੁਰਜੀਤ ਸਿੰਘ ਵਲੋਂ ਸੂਚਨਾ ਪ੍ਰਾਪਤ ਕਰਨ ਲਈ ਆਪਣਾ ਮੋਬਾਇਲ ਫੋਨ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਬੱਚਿਆਂ ਨੂੰ ਕਤਲ ਕਰਨ ਵਾਲੇ ਕਾਤਲ ਦੀ ਪੋਸਟਮਾਰਟਮ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

ਇੰਸਪੈਕਟਰ ਜਾਨਪਾਲ ਸਿੰਘ ਨੇ ਦੱਸਿਆ ਕਿ ਇਹ ਇਕ ਸ਼ਾਤਰ ਵਿਅਕਤੀ ਸੰਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਨੇਹੀਆਂ ਵਾਧਾ ਗੋਨੇਆਣਾ ਮੰਡੀ ਜ਼ਿਲ੍ਹਾ ਬਠਿੰਡਾ ਨੇ ਗੁਰਜੀਤ ਸਿੰਘ ਧਿਰ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹੋਏ ਗੁਰਜੀਤ ਸਿੰਘ ਦੇ ਮੋਬਾਇਲ ਫੋਨ ’ਤੇ ਮੈਸੇਜ ਕੀਤਾ ਕਿ ਨਵਜੋਤ ਸਿੰਘ ਬਾਰੇ ਉਸ ਨੂੰ ਪਤਾ ਹੈ ਅਤੇ ਉਸ ਨੇ ਕਥਿਤ ਤੌਰ ’ਤੇ ਨਵਜੋਤ ਸਿੰਘ ਦਾ ਪਤਾ ਦੱਸਣ ਬਦਲੇ ਪੈਸਿਆਂ ਦੀ ਮੰਗ ਕਰਨ ਲੱਗ ਪਿਆ। ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਦੇ ਪਿਤਾ ਨੇ ਇਸ ਵਿਅਕਤੀ ’ਤੇ ਵਿਸਵਾਸ਼ ਕਰਕੇ ਕੁਝ ਰਕਮ ਵੀ ਉਸ ਵਲੋਂ ਦੱਸੇ ਗਏ ਅਨੁਸਾਰ ਗੂਗਲ ਪੇਅ ਰਾਹੀਂ ਭੇਜ ਦਿੱਤੀ। ਉਸ ਤੋਂ ਬਾਅਦ 8 ਮਾਰਚ 2021 ਨੂੰ ਸ਼ਾਮ ਸਮੇਂ ਗੁੰਮਸ਼ੁਦਾ ਨਵਜੋਤ ਸਿੰਘ ਦੀ ਲਾਸ਼ ਭਾਖੜਾ ਨਹਿਰ ਧਾਮੋਮਾਜਰਾ ਪਟਿਆਲਾ ਦੇ ਨੇੜੇ ਤੋਂ ਮਿਲ ਗਈ। ਨਵਜੋਤ ਸਿੰਘ ਦੀ ਲਾਸ਼ ਮਿਲਣ ਤੋਂ ਬਾਅਦ ਵੀ ਇਹ ਸ਼ਾਤਰ ਵਿਅਕਤੀ ਸੰਦੀਪ ਸਿੰਘ ਕਥਿਤ ਤੌਰ ’ਤੇ ਉਨ੍ਹਾਂ ਪਾਸੋਂ ਹੋਰ ਪੈਸਿਆਂ ਦੀ ਮੰਗ ਕਰਦਾ ਰਿਹਾ।

ਇਹ ਵੀ ਪੜ੍ਹੋ : ਅਕਾਲੀ ਦਲ ਦੀ ਸਿਆਸਤ 'ਚ ਵੱਡਾ ਧਮਾਕਾ, ਵਲਟੋਹਾ ਦਾ ਪਿਆ ਬਾਦਲ ਦੇ ਜਵਾਈ ਨਾਲ ਪੇਚਾ

ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਦੇ ਪਿਤਾ ਨੇ ਇਸ ਦੀ ਇਤਲਾਹ ਪੁਲਸ ਨੂੰ ਦਿੱਤੀ। ਜਿਸ ’ਤੇ ਅਮਨੀਤ ਕੌਂਡਲ ਜ਼ਿਲ੍ਹਾ ਪੁਲਸ ਮੁਖੀ ਦੇ ਨਿਰਦੇਸ਼ਾਂ ’ਤੇ ਐੱਸ.ਪੀ. (ਇਨਵੈਸਟੀਗੇਸ਼ਨ) ਫਤਿਹਗੜ੍ਹ ਸਾਹਿਬ ਮਨਜੀਤ ਸਿੰਘ ਦੀ ਦੇਖ-ਰੇਖ ਹੇਠ ਡੀ.ਐੱਸ.ਪੀ. ਮਨਜੀਤ ਸਿੰਘ ਅਤੇ ਮੁੱਖ ਥਾਣਾ ਅਫਸਰ ਥਾਣਾ ਮੂਲੇਪੁਰ ਦੀ ਇਕ ਟੀਮ ਦਾ ਗਠਨ ਕੀਤਾ ਗਿਆ ਅਤੇ ਟੀਮ ਨੇ ਆਧੁਨਿਕ ਤਕਨੀਕ ਤਰੀਕੇ ਨਾਲ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ। ਇਸ ਜਾਂਚ ਦੇ ਕੁਝ ਹੀ ਘੰਟਿਆਂ ਵਿਚ ਇਸ ਸ਼ਾਤਰ ਵਿਅਕਤੀ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਵਲੋਂ ਵਾਰਦਾਤ ਵਿਚ ਵਰਤਿਆ ਗਿਆ ਮੋਬਾਇਲ ਫੋਨ ਵੀ ਬਰਾਮਦ ਕੀਤਾ ਜਾ ਚੁੱਕਾ ਹੈ ਅਤੇ ਤਫਤੀਸ਼ ਜਾਰੀ ਹੈ।

ਇਹ ਵੀ ਪੜ੍ਹੋ : ਈ. ਡੀ. ਵਲੋਂ ਮਾਰੇ ਗਏ ਛਾਪਿਆਂ ਤੋਂ ਬਾਅਦ ਸੁਖਪਾਲ ਖਹਿਰਾ ਦਾ ਵੱਡਾ ਐਲਾਨ

Gurminder Singh

This news is Content Editor Gurminder Singh