ਟੋਲ-ਪਲਾਜ਼ਾ ਦੇ ਬਾਊਂਸਰਾਂ ਨੌਜਵਾਨ ਨੂੰ ਕੁੱਟਿਆ

07/17/2018 1:13:27 AM

ਬਨੂਡ਼(ਗੁਰਪਾਲ)-ਬਨੂਡ਼ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ’ਤੇ ਪਿੰਡ ਅਜ਼ੀਜ਼ਪੁਰ ਨੇਡ਼ੇ ਬਣਾਏ ਗਏ ਟੋਲ-ਪਲਾਜ਼ਾ ’ਤੇ ਤਾਇਨਾਤ ਬਾਊਂਸਰਾਂ ਵੱਲੋਂ ਕੀਤੀ ਗਈ ਕੁੱਟ-ਮਾਰ ਕਾਰਨ  ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਡੇਰਾਬਸੀ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ  ਗਿਆ ਹੈ।  ਜਾਣਕਾਰੀ ਦਿੰਦਿਆਂ ਟੋਲ-ਪਲਾਜ਼ਾ ਨੇਡ਼ਲੇ ਪਿੰਡ ਖਿਜਰਗਡ਼੍ਹ (ਕਨੌਡ਼) ਦੇ ਵਸਨੀਕ ਨੌਜਵਾਨ ਭੁਪਿੰਦਰ ਸਿੰਘ ਤੇ ਬਲਦੇਵ ਸਿੰਘ ਕਨੌਡ਼ ਨੇ ਦੱਸਿਆ ਕਿ ਉਹ ਰਾਤ ਤਕਰੀਬਨ 9.15 ਵਜੇ ਆਪਣੀ ਇਨੋਵਾ ਵੱਡੀ ਵਿਚ ਆਪਣੇ ਮਿੱਤਰ ਅਮਰਿੰਦਰ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਦਿਆਲਪੁਰਾ ਥਾਣਾ ਜ਼ੀਰਕਪੁਰ ਨੂੰ ਛੱਡਣ ਜਾ ਰਿਹਾ ਸੀ। ਜਦੋਂ ਉਹ ਟੋਲ-ਪਲਾਜ਼ਾ ਦੇ ਕੋਲ ਪਹੁੰਚੇ ਤਾਂ ਕਰਮਚਾਰੀਆਂ ਨੇ ਟੋਲ ਪਰਚੀ ਕਟਵਾਉਣ ਦੀ ਗੱਲ ਕਹੀ। ਜਦੋਂ ਮੇਰਾ ਦੋਸਤ ਅਮਰਿੰਦਰ ਕਾਰ ਵਿਚੋਂ ਉਤਰ ਕੇ ਕਰਮਚਾਰੀਆਂ ਨੂੰ ਨੇਡ਼ਲੇ ਪਿੰਡ ਦੇ ਵਸਨੀਕਾਂ ਦੇ ਨਿੱਜੀ ਵਾਹਨਾਂ ਦੀ ਟੋਲ ਪਰਚੀ ਨਾ ਲੱਗਣ ਬਾਰੇ ਕਹਿਣ ਲਈ ਉਤਰਨ ਲੱਗਾ ਤਾਂ ਉਥੇ ਤਾਇਨਾਤ ਬਾਊਂਸਰ ਨੇ ਉਸ ਦੀ ਲੋਹੇ ਦੇ ਛੋਟੇ ਹਥਿਆਰਾਂ ਨਾਲ ਕੁੱਟ-ਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਉਸ ਦੀ ਇੰਨੀ ਬੇਰਹਿਮੀ ਨਾਲ ਕੁੱਟ-ਮਾਰ ਕੀਤੀ ਕਿ ਉਸ ਦੇ ਨੱਕ ਦੀ ਹੱਡੀ ਟੁੱਟ ਗਈ। ਪਿੰਡ ਕਨੌਡ਼ ਦੇ ਵਸਨੀਕਾਂ ਨੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬਾਊਂਸਰਾਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਟੋਲ-ਪਲਾਜ਼ਾ ਦੇ 3 ਕਿਲੋਮੀਟਰ ਦੇ ਘੇਰੇ ਵਿਚ ਆਉਂਦੇ 7 ਪਿੰਡਾਂ ਦੇ ਵਸਨੀਕਾਂ ਨੂੰ ਲੈ ਕੇ ਕੌਮੀ ਮਾਰਗ ’ਤੇ ਧਰਨਾ ਦੇਣਗੇ।