ਵਾਜਿਆਂ-ਗਾਜਿਆਂ ਤੇ ਫੁੱਲਾਂ ਲੱਦੀ ਕਾਰ ''ਚ ਘਰ ਆਈ ਇਹ ''ਨਵਜੰਮੀ ਪਰੀ''

11/10/2018 4:27:16 PM

ਰੂਪਨਗਰ (ਕੈਲਾਸ਼)— ਧੀ ਦੇ ਬਿਨਾਂ ਸੰਸਾਰ ਦੀ ਕਲਪਨਾ ਵੀ ਸੰਭਵ ਨਹੀਂ ਅਤੇ ਧੀ ਦੇ ਜਨਮ 'ਤੇ ਖੁਸ਼ੀ ਦਾ ਇਜ਼ਹਾਰ ਕਰਨਾ ਬਦਲਦੇ ਸਮੇਂ ਦਾ ਪ੍ਰਤੀਕ ਹੈ। ਅਜਿਹਾ ਹੀ ਇਕ ਮਾਮਲਾ ਰੂਪਨਗਰ 'ਚ ਦੇਖਣ ਨੂੰ ਮਿਲਿਆ, ਜਿੱਥੇ ਧੀ ਵੱਲੋਂ ਜਨਮ ਲੈਣ 'ਤੇ ਉਸ ਨੂੰ ਫੁੱਲਾਂ ਵਾਲੀ ਕਾਰ 'ਚ ਸਜਾ ਕੇ ਘਰ ਲਿਜਾਇਆ ਗਿਆ। ਇਸ ਦੌਰਾਨ ਢੋਲ-ਵਾਜਿਆਂ ਦੇ ਨਾਲ ਸਹੁਰੇ ਪਰਿਵਾਰ ਵੱਲੋਂ ਨੂੰਹ ਅਤੇ ਧੀ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ।

ਜਾਣਕਾਰੀ ਅਨੁਸਾਰ ਪਰਮਜੀਤ ਕੌਰ ਪਤਨੀ ਹਨੀ ਸਿੰਘ ਨਿਵਾਸੀ ਗੁਰੂ ਨਗਰ ਸ੍ਰੀ ਭੱਠਾ ਸਾਹਿਬ ਨੂੰ ਜਦੋਂ ਸਥਾਨਕ ਇਕ ਨਿੱਜੀ ਹਸਪਤਾਲ 'ਚ ਡਿਲਿਵਰੀ ਲਈ ਦਾਖਲ ਕਰਵਾਇਆ ਗਿਆ ਤਾਂ ਦੋ ਨਵੰਬਰ ਨੂੰ ਆਪਰੇਸ਼ਨ ਦੇ ਨਾਲ ਉਸ ਨੇ ਪਹਿਲੇ ਬੱਚੇ ਲੜਕੀ ਨੂੰ ਜਨਮ ਦਿੱਤਾ। ਧੀ ਹੋਣ ਦੀ ਖਬਰ ਨੂੰ ਸੁਣ ਦਾਦਾ-ਦਾਦੀ ਮਨੋਹਰ  ਲਾਲ ਅਤੇ ਨੀਨਾ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਾ ਰਿਹਾ। 

ਜਦੋਂ ਪਰਮਜੀਤ ਕੌਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਉਸ ਨੂੰ ਪਰਿਵਾਰ ਵੱਲੋਂ ਨਵਜੰਮੀ ਬੱਚੀ ਦੇ ਨਾਲ ਫੁੱਲਾਂ ਨਾਲ ਸਜੀ ਗੱਡੀ 'ਚ ਲਿਜਾਇਆ ਗਿਆ, ਜਿੱਥੇ ਮੌਜੂਦ ਢੋਲ-ਵਾਜਿਆਂ ਨਾਲ ਉਸ ਦਾ ਸੁਆਗਤ ਕੀਤਾ ਗਿਆ। ਧੀ ਹੋਣ ਦੀ ਮਨਾਈ ਗਈ ਖੁਸ਼ੀ ਦਾ ਚਰਚਾ ਪੂਰੇ ਮੁਹੱਲੇ ਅਤੇ ਲੋਕਾਂ 'ਚ ਹੁੰਦੀ ਰਹੀ। ਲੋਕਾਂ ਨੇ ਇਸ ਮੌਕੇ ਕਿਹਾ ਕਿ ਬਦਲਦੇ ਸਮੇਂ 'ਚ ਧੀ ਅਤੇ ਮੁੰਡੇ 'ਚ ਜਨਮ ਨੂੰ ਲੈ ਕੇ ਚੱਲਿਆ ਆ ਰਿਹਾ ਭੇਦਭਾਵ ਸਮਾਪਤ ਹੋ ਰਿਹਾ ਹੈ।

shivani attri

This news is Content Editor shivani attri