ਸਰਹੱਦੀ ਕਿਸਾਨਾਂ ਨੇ ਲਾਇਆ ਬੀ. ਐੱਸ. ਐੱਫ. ਵਿਰੁੱਧ ਧਰਨਾ

06/23/2018 5:27:19 AM

ਖੇਮਕਰਨ, (ਗੁਰਮੇਲ, ਅਵਤਾਰ)- ਸਰਹੱਦ ’ਤੇ ਵਸੇ ਤਾਰੋਂ ਪਾਰਲੀਆਂ ਜ਼ਮੀਨਾਂ ਵਾਲੇ ਕਿਸਾਨਾਂ ਨੇ ਕਸਬਾ ਖੇਮਕਰਨ ਦੇ ਬੀ. ਐੱਸ. ਐੱਫ. ਹੈਡਕੁਆਰਟਰ ਦੇ ਬਾਹਰ ਬੀ. ਐੱਸ. ਐੱਫ. ਵਿਰੁੱਧ ਧਰਨਾ ਲਾਇਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਪੰਜਾਬ ਕਿਸਾਨ ਬਾਰਡਰ ਵੈੱਲਫੇਅਰ ਯੂਨੀਅਨ ਦੇ ਪ੍ਰਧਾਨ ਰਘਬੀਰ ਸਿੰਘ ਭੰਗਾਲਾ ਤੇ ਮੀਤ ਪ੍ਰਧਾਨ ਸੁਰਜੀਤ ਸਿੰਘ ਭੂਰਾ ਨੇ ਦੱਸਿਆ ਸਰਹੱਦ ’ਤੇ ਤਾਇਨਾਤ 14 ਬਟਾਲੀਅਨ ਬੀ. ਐੱਸ. ਐੱਫ. ਤਾਰੋਂ ਪਾਰ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। 
ਝੋਨੇ ਦੀ ਬੀਜਾਈ ਦਾ ਸੀਜ਼ਨ ਹੋਣ ਕਰ ਕੇ ਸਾਨੂੰ ਤਾਰੋਂ ਪਾਰ ਜ਼ਮੀਨ ’ਤੇ ਜ਼ਿਆਦਾ ਲੇਬਰ ਦੀ ਜ਼ਰੂਰਤ ਪੈਂਦੀ ਹੈ ਪਰ ਬੀ. ਐੱਸ. ਐੱਫ. ਵੱਲੋਂ ਬਹੁਤ ਘੱਟ ਗਿਣਤੀ ਵਿਚ ਅੱਗੇ ਭੇਜਿਆ ਜਾਂਦਾ ਹੈ, ਜਿਸ ਨਾਲ ਸਾਡੀ ਖੇਤੀ ’ਤੇ ਬੁਰਾ ਅਸਰ ਪੈ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਬੀ. ਐੱਸ. ਐੱਫ. ਕਿਸਾਨਾਂ ਨੂੰ ਖੇਤੀ ਨਹੀਂ ਕਰਵਾਉਣਾ ਚਾਹੁੰਦੀ , ਅਸੀਂ ਆਪਣੇ ਖੇਤੀ ਦੇ ਸੰਦ ਬੀ. ਐੱਸ. ਐੱਫ. ਦੇ ਸਪੁਰਦ ਕਰਨ ਨੂੰ ਤਿਆਰ ਹਾਂ। ਉਨ੍ਹਾਂ ਚਿਤਾਵਨੀ ਦਿੰਦਿਆਂ ਆਖਿਆ ਕਿ ਮੰਗਾਂ ਨਾ ਮੰਨੇ ਜਾਣ ਤੱਕ ਧਰਨਾ ਜਾਰੀ ਰਹੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਪੱਤੂ, ਹਰਜਿੰਦਰ ਸਿੰਘ ਭੰਬਾ, ਪ੍ਰਗਟ ਸਿੰਘ ਬੱਗਾ, ਰਛਪਾਲ ਸਿੰਘ ਕਲਸ, ਹਰਪਾਲ ਸਿੰਘ, ਗੁਰਸੇਵਕ ਸਿੰਘ, ਦਿਲਬਾਗ ਸਿੰਘ, ਗੁਰਜੰਟ ਸਿੰਘ, ਨਿਸ਼ਾਨ ਸਿੰਘ, ਸੁਖਜਿੰਦਰ ਸਿੰਘ, ਸਤਨਾਮ ਸਿੰਘ ਹਾਜ਼ਰ ਸਨ।
ਕੀ ਕਹਿਣਾ  ਹੈ 14 ਬਟਾਲੀਅਨ ਬੀ. ਐੱਸ. ਐੱਫ. ਕਮਾਂਡੈਂਟ ਵੀ. ਕੇ. ਸੋਲੰਕੀ  ਦਾ
ਇਸ ਧਰਨੇ ਸਬੰਧੀ ਜਦੋਂ 14 ਬਟਾਲੀਅਨ ਬੀ. ਐੱਸ. ਐੱਫ. ਦੇ ਕਮਾਂਡੈਂਟ ਵੀ. ਕੇ. ਸੋਲੰਕੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਬੀ. ਐੱਸ.ਐੱਫ. ਵੱਲੋਂ ਸਰਹੱਦੀ ਗੇਟਾਂ ਰਾਹੀਂ ਵੱਧ ਤੋਂ ਵੱਧ ਹਰ ਰੋਜ਼ ਕਿਸਾਨਾਂ ਨੂੰ ਝੋਨਾ ਲਾਉਣ ਲਈ ਤਾਰੋਂ ਪਾਰ  ਜ਼ਮੀਨ ’ਤੇ ਭੇਜਿਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਲਾਏ ਜਾ ਰਹੇ ਦੋਸ਼ ਬੇ-ਬੁਨਿਆਦ ਹਨ। ਬੀ. ਐੱਸ. ਐੱਫ. ਕਿਸਾਨਾਂ ਨੂੰ ਖੇਤੀ ਕਰਵਾਉਣ ਲਈ ਵਚਨਬੱਧ ਹੈ। ਨਾਲ ਹੀ ਦੇਸ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਬਣਦੀ ਹੈ, ਜਿਸ ਨਾਲ ਉਹ ਸਮਝੌਤਾ ਨਹੀਂ ਕਰ ਸਕਦੇ।