200 ਤੋਂ ਜ਼ਿਆਦਾ ਜਗ੍ਹਾ ਕੀਤੀ ਗਈ ਸੀ ਬੂਥ ਕੈਪਚਰਿੰਗ, ਸਭ ਜਗ੍ਹਾ ਦੁਬਾਰਾ ਪੈਣ ਵੋਟਾਂ : ਚੀਮਾ

02/17/2021 12:52:18 AM

ਚੰਡੀਗੜ੍ਹ, (ਰਮਨਜੀਤ)- ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਤੋਂ ਹਿੰਸਾ ਅਤੇ ਬੂਥ ਕੈਪਚਰਿੰਗ ਵਾਲੀਆਂ ਥਾਂਵਾਂ ’ਤੇ ਦੁਬਾਰਾ ਵੋਟਾਂ ਪਵਾਉਣ ਦੀ ਮੰਗ ਕੀਤੀ ਹੈ। ਪੰਜਾਬ ਵਿਧਾਨਸਭਾ ਵਿਚ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜ ਵਿਚ 200 ਤੋਂ ਜਿਆਦਾ ਥਾਂਵਾਂ ’ਤੇ ਕਾਂਗਰਸ ਦੇ ਗੁੰਡਿਆਂ ਨੇ ਹਿੰਸਾ ਕਰ ਕੇ ਬੂਥ ਕੈਪਚਰਿੰਗ ਕੀਤੀ। ਕਈ ਥਾਂਵਾਂ ’ਤੇ ਹਿੰਸਾ ਅਤੇ ਬੂਥ ਕੈਪਚਰ ਕੀਤੇ ਜਾਣ ਦੀ ਰਿਪੋਰਟ ਦਰਜ ਕੀਤੀ ਗਈ। ‘ਆਪ’ ਵਰਕਰਾਂ ਨੇ ਕਈ ਥਾਂਵਾਂ ’ਤੇ ਕਾਂਗਰਸ ਦੇ ਗੁੰਡਿਆਂ ਦੀ ਮਤਦਾਨ ਕੇਂਦਰਾਂ ਵਿਚ ਜ਼ਬਰਦਸਤੀ ਦਾਖਲ ਹੋਣ ਅਤੇ ਬੂਥਾਂ ’ਤੇ ਕਬਜ਼ਾ ਕਰਨ ਦੀਆਂ ਫੋਟੋਆਂ ਅਤੇ ਵੀਡੀਓ ਸਾਂਝੇ ਕੀਤੇ ਗਏ।

ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਟੀਮ ਨੇ ਰਾਜਭਰ ਦੇ ਪਾਰਟੀ ਵਰਕਰਾਂ ਤੋਂ ਉਨ੍ਹਾਂ ਬੂਥਾਂ ਬਾਰੇ ਰਿਪੋਰਟਾਂ ਇਕੱਠੀਆਂ ਕੀਤੀਆਂ, ਜਿੱਥੇ ਹਿੰਸਾ ਅਤੇ ਬੂਥ ਕੈਪਚਰਿੰਗ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਰਿਪੋਰਟ ਦੇ ਨਤੀਜੇ ਹੈਰਾਨ ਕਰਨ ਵਾਲੇ ਨਿਕਲੇ। 200 ਤੋਂ ਜ਼ਿਆਦਾ ਬੂਥਾਂ ’ਤੇ ਹਿੰਸਾ ਅਤੇ ਬੂਥ ਕੈਪਚਰਿੰਗ ਦੀਆਂ ਘਟਨਾਵਾਂ ਹੋਈਆਂ। ਕੁਝ ਥਾਂਵਾਂ ’ਤੇ ਤਾਂ ਲਗਭਗ ਸਾਰੇ ਵਾਰਡਾਂ ਵਿਚ ਬੂਥ ਕੈਪਚਰਿੰਗ ਅਤੇ ਹਿੰਸਾ ਦੀਆਂ ਘਟਨਾਵਾਂ ਹੋਈਆਂ।

ਚੀਮਾ ਨੇ ਚੋਣ ਕਮਿਸ਼ਨ ਦੇ ਰਵੱਈਏ ’ਤੇ ਸਵਾਲ ਚੁੱਕਦੇ ਹੋਏ ਕਿਹਾ, ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਬੂਥ ਕੈਪਚਰਿੰਗ ਦੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵੀ ਚੋਣ ਕਮਿਸ਼ਨ ਨੇ ਚੋਣ ਨੂੰ ਸੁਤੰਤਰ ਕਰਾਰ ਦੇਣ ਲਈ ਸਿਰਫ 3 ਮਤਦਾਨ ਕੇਂਦਰਾਂ ’ਤੇ ਦੁਬਾਰਾ ਮਤਦਾਨ ਕਰਵਾਉਣ ਦਾ ਫੈਸਲਾ ਕੀਤਾ।

ਉਨ੍ਹਾਂ ਨੇ ਕਿਹਾ ਕਿ ਖੁਦ ਕਾਂਗਰਸ ਦੇ ਪ੍ਰਦੇਸ਼ ਯੁਵਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਚੋਣਾਂ ਵਿਚ ਕਾਂਗਰਸ ਦੇ ਲੋਕਾਂ ਵਲੋਂ ਹਿੰਸਾ ਅਤੇ ਧਾਂਦਲੀ ਦੀ ਗੱਲ ਸਵੀਕਾਰੀ। ਬੂਥ ਕੈਪਚਰਿੰਗ ਦੀਆਂ ਘਟਨਾਵਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਦੀ ਨੀਤੀ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਹੈ। ਕਾਂਗਰਸ ਦਾ ਭਰੋਸਾ ਲੋਕਤੰਤਰ ਵਿਚ ਨਹੀਂ ਗੁੰਡਿਆਂ ਵਿਚ ਹੈ ਅਤੇ ਕੈਪਟਨ ਚੋਣਾਂ ਲੁੱਟਣ ਵਾਲੇ ਗੁੰਡਿਆਂ ਦੇ ਮੁਖੀ ਹਨ।
 

Bharat Thapa

This news is Content Editor Bharat Thapa