ਸਮੂਹ ਸਰਕਾਰੀ ਸਕੂਲਾਂ ਵਿਚ ਹੋਵੇਗੀ ਬੁੱਕ ਬੈਂਕਾਂ ਦੀ ਸਥਾਪਨਾ

01/10/2020 11:53:06 AM

ਮੋਹਾਲੀ (ਨਿਆਮੀਆਂ) : ਸਿੱਖਿਆ ਵਿਭਾਗ ਪੰਜਾਬ ਸਰਕਾਰੀ ਸਕੂਲਾਂ 'ਚ ਗੁਣਾਤਮਕ ਸਿੱਖਿਆ ਦੇਣ ਲਈ ਵਚਨਬੱਧ ਅਤੇ ਲਗਾਤਾਰ ਯਤਨਸ਼ੀਲ ਹੈ। ਇਸੇ ਤਹਿਤ ਵਿਭਾਗ ਵਲੋਂ ਵਿਦਿਆਰਥੀਆਂ ਦੀ ਸਰਵਪੱਖੀ ਸ਼ਖ਼ਸੀਅਤ ਨਿਖਾਰਨ ਲਈ ਸਮੇਂ-ਸਮੇਂ 'ਤੇ ਪ੍ਰੋਗਰਾਮ ਚਲਾਏ ਜਾਂਦੇ ਹਨ। ਜਿਵੇਂ ਪੜ੍ਹਨ ਰੁਚੀਆਂ ਵਿਕਸਤ ਕਰਨ ਦੇ ਉਦੇਸ਼ ਨਾਲ ਲਾਇਬ੍ਰੇਰੀ ਮੁਹਿੰਮ ਅਤੇ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਸੇ ਤਰ੍ਹਾਂ ਹੀ ਵਿਦਿਆਰਥੀਆਂ ਦੀ ਸ਼ਖ਼ਸੀਅਤ ਵਿਚ ਵਸਤਾਂ ਦੀ ਸਾਂਭ-ਸੰਭਾਲ ਦਾ ਗੁਣ ਵਿਕਸਿਤ ਕਰਨ ਲਈ ਸਰਕਾਰੀ ਸਕੂਲਾਂ ਵਿਚ ਬੁੱਕ ਬੈਂਕਾਂ ਦੀ ਸਥਾਪਨਾ ਕੀਤੀ ਜਾਵੇਗੀ।

ਉਂਝ ਤਾਂ ਸਾਲ ਦੇ ਆਰੰਭ ਵਿਚ ਹੀ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਆਪਣੀਆਂ ਕਿਤਾਬਾਂ ਨੂੰ ਸਾਫ਼-ਸੁਥਰੀਆਂ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਅਧਿਆਪਕਾਂ ਦੀ ਪ੍ਰੇਰਨਾ ਸਦਕਾ ਸਰਕਾਰੀ ਸਕੂਲਾਂ ਦੇ ਬਹੁਤੇ ਵਿਦਿਆਰਥੀਆਂ ਨੂੰ ਆਪਣੀਆਂ ਕਿਤਾਬਾਂ 'ਤੇ ਸਾਲ ਦੇ ਸ਼ੁਰੂ ਵਿਚ ਹੀ ਜਿਲਦਾਂ ਬੰਨ੍ਹ ਕੇ ਸੰਭਾਲਣ ਦੀ ਆਦਤ ਹੈ। ਜਿਸ ਦੇ ਨਤੀਜੇ ਵਜੋਂ ਸਾਰਾ ਸਾਲ ਕਿਤਾਬਾਂ ਦੀ ਵਰਤੋਂ ਕਰਨ ਦੇ ਬਾਵਜੂਦ ਵੀ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਕਿਤਾਬਾਂ ਨਵੀਆਂ ਨਕੋਰ ਜਾਪਦੀਆਂ ਹਨ। ਬਹੁਤ ਸਾਰੇ ਸਕੂਲਾਂ ਵਲੋਂ ਪਹਿਲਾਂ ਹੀ ਹਰ ਸੈਸ਼ਨ ਦੇ ਅੰਤ ਵਿਚ ਵਿਦਿਆਰਥੀਆਂ ਤੋਂ ਕਿਤਾਬਾਂ ਲੈ ਕੇ ਬੁੱਕ ਬੈਂਕਾਂ ਦੀ ਸਥਾਪਨਾ ਕੀਤੀ ਜਾਂਦੀ ਹੈ।
ਹੁਣ ਮਾਪਿਆਂ ਅਤੇ ਅਧਿਆਪਕਾਂ ਦੀ ਸਲਾਹ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਭਾਗ ਨੇ ਸਮੂਹ ਸਰਕਾਰੀ ਸਕੂਲਾਂ ਵਿਚ ਬੁੱਕ ਬੈਂਕਾਂ ਦੀ ਸਥਾਪਨਾ ਕਰਨ ਦਾ ਫੈਸਲਾ ਲਿਆ ਹੈ। ਜਿਸ ਤਹਿਤ ਬੁੱਕ ਬੈਂਕ ਦੇ ਸੁਚੱਜੇ ਪ੍ਰਬੰਧ ਲਈ ਮੁੱਖ ਦਫ਼ਤਰ ਦੁਆਰਾ ਲਗਾਤਾਰ ਕੋਆਰਡੀਨੇਸ਼ਨ ਵੀ ਰੱਖਿਆ ਜਾਵੇਗਾ। ਮਾਪਿਆਂ ਦਾ ਕਹਿਣਾ ਹੈ ਕਿ ਵਿਭਾਗ ਦੇ ਇਸ ਸਲਾਹੁਣਯੋਗ ਕਦਮ ਨਾਲ ਜਿੱਥੇ ਵਿਦਿਆਰਥੀਆਂ ਨੂੰ ਵਸਤਾਂ ਦੀ ਸਾਂਭ-ਸੰਭਾਲ ਕਰਨ ਦਾ ਵੱਲ ਆਵੇਗਾ ਉੱਥੇ ਪਹਿਲੀ ਅਪ੍ਰੈਲ ਨੂੰ ਵਿਦਿਆਰਥੀਆਂ ਦੀ ਨਵੀਂ ਜਮਾਤ ਦੀ ਪੜ੍ਹਾਈ ਨਿਰਵਿਘਨ ਸ਼ੁਰੂ ਹੋ ਜਾਵੇਗੀ। ਮਾਪੇ ਇਹ ਵੀ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਵਾਰ-ਵਾਰ ਕਿਤਾਬਾਂ ਨਾ ਪਾੜਨ ਲਈ ਵਰਜਣਾ ਨਹੀਂ ਪਵੇਗਾ ਕਿਉਂਕਿ ਅਧਿਆਪਕਾਂ ਦੀ ਪ੍ਰੇਰਨਾ ਸਦਕਾ ਸਾਰੇ ਹੀ ਵਿਦਿਆਰਥੀ ਬੁੱਕ ਬੈਂਕ ਵਿਚ ਆਪਣਾ ਯੋਗਦਾਨ ਪਾਉਣ ਲਈ ਕਿਤਾਬਾਂ ਨੂੰ ਸੰਭਾਲਣਗੇ।


Babita

Content Editor

Related News