ਕਪੂਰਥਲਾ ''ਚ ''ਚਿਕਨ'' ਦੀ ਹੋ ਰਹੀ ਜਾਅਲੀ ਬਰੈਂਡਿੰਗ

10/05/2018 11:16:31 AM

ਚੰਡੀਗੜ੍ਹ : ਫੂਡ ਸੇਫ਼ਟੀ ਟੀਮ ਕਪੂਰਥਲਾ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਬੋਨਲੈਸ ਚਿਕਨ ਦੀ ਜਾਅਲੀ ਪੈਕਿੰਗ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਕਮਿਸ਼ਨਰ ਪੰਜਾਬ ਕੇ. ਐਸ. ਪੰਨੂੰ ਨੇ ਦੱਸਿਆ ਕਿ ਬੀਤੀ ਸਵੇਰ ਡੇਅਰੀ ਡਿਵੈਲਪਮੈਂਟ ਵਿਭਾਗ ਦੇ ਅਧਿਕਾਰੀਆਂ ਅਤੇ ਫੂਡ ਸੇਫ਼ਟੀ ਟੀਮ ਕਪੂਰਥਲਾ ਵੱਲੋਂ ਲਾਏ ਗਏ ਇਕ ਨਾਕੇ ਦੌਰਾਨ ਵ੍ਹੀਕਲ ਨੰਬਰ ਪੀ.ਬੀ.02-ਸੀ.ਆਰ. 3834 ਨੂੰ ਜਾਂਚ ਲਈ ਰੋਕਿਆ।

ਇਹ ਵ੍ਹੀਕਲ ਪਰਫੈਕਟ ਪੋਲਟਰੀ ਪ੍ਰੋਕਟਸ ਲਿ. ਅਜਨਾਲਾ ਰੋਡ ਅੰਮ੍ਰਿਤਸਰ ਤੋਂ ਫਰੋਜਨ ਪੋਲਟਰੀ ਪ੍ਰੋਡਕਟ 'ਚਿਕਨ ਬ੍ਰੈਸਟ ਬੋਨਲੈੱਸ' ਲੈ ਕੇ ਜਾ ਰਹਾ ਸੀ, ਜਿਸ ਨੂੰ ਢਿੱਲਵਾਂ ਨਜ਼ਦੀਕ ਰੋਕਿਆ ਗਿਆ। ਇਹ 2 ਕਿਲੋਗ੍ਰਾਮ ਚਿਕਨ ਪੋਲੀਥੀਨ 'ਚ ਪੈਕ ਕੀਤਾ ਹੋਇਆ ਸੀ, ਜਿਸ ਦਾ ਕੁੱਲ ਭਾਰ 1740 ਕਿਲੋਗ੍ਰਾਮ ਸੀ ਅਤੇ ਇਸ ਦੀ ਪੈਕਿੰਗ ਅਤੇ ਮੈਨੂਫੈਕਚਿਰਿੰਗ ਮੀਟ ਮਾਸਟਰਜ਼, ਬਾਬਾ ਦੀਪ ਸਿੰਘ ਨਗਰ, ਪਿੰਡ ਦੁਗਰੀ ਲੁਧਿਆਣਾ ਦੇ ਨਾਮ ਦੇ ਠੱਪੇ ਲਾ ਕੇ ਕੀਤੀ ਗਈ। 

ਉਨ੍ਹਾਂ ਦੱਸਿਆ ਕਿ ਅਗੇਲਰੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਪੈਕਡ ਫਰੋਜਨ ਮੀਟ ਦੇ ਬਿੱਲ 'ਚ ਖਰੀਦਦਾਰਵੀ ਮੀਟ ਮਾਸਟਰਜ਼, ਬਾਬਾ ਦੀਪ ਸਿੰਘ ਨਗਰ, ਪਿੰਡ ਦੁਗਰੀ ਲੁਧਿਆਣਾ ਨੂੰ ਹੀ ਦਰਸਾਇਆ ਗਿਆ ਹੈ।  ਇਸ ਨੇ ਜਾਂਚ ਟੀਮ ਨੂੰ ਇਹ ਜਾਂਚਣ ਲਈ ਪ੍ਰੇਰਿਤ ਕੀਤਾ ਕਿ ਬਿੱਲ 'ਤੇ ਵੇਚਣ ਵਾਲੇ ਦੀ ਥਾਂ ਖਰੀਦਦਾਰ ਦਾ ਨਾਮ ਕਿਵੇਂ ਹੈ।  ਜਿਸ ਤੋਂ ਇਹ ਸਪਸ਼ਟ ਹੋ ਗਿਆ ਕਿ ਇਸ ਵਿੱਚ ਕੁਝ ਘਪਲਾ ਹੈ, ਜਿਸ ਰਾਹੀ ਉਪਭੋਗਤਾ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਪੰਨੂੰ ਨੇ ਕਿਹਾ ਕਿ ਇਸ ਘਟਨਾ ਨੇ ਇਕ ਗੱਲ ਤਾਂ ਸਾਫ ਕਰ ਦਿੱਤੀ ਹੈ ਕਿ ਘੀ ਅਤੇ ਤੇਲ ਦੀ ਫਰਜੀ ਬਰੈਡਿੰਗ ਤੋਂ ਇਲਾਵਾ ਮੀਟ ਦੀ ਵੀ ਫਰਜੀ ਬਰੈਡਿੰਗ ਹੋ ਰਹੀ ਹੈ, ਜੋ ਕਿ ਹੋਰ ਜਾਂਚ ਦੀ ਮੰਗ ਕਰਦੀ ਹੈ।