ਅਬੋਹਰ : ਖੇਤਾਂ 'ਚ ਬੰਬ ਮਿਲਣ ਨਾਲ ਫੈਲੀ ਸਨਸਨੀ

03/20/2019 2:39:35 PM

ਅਬੋਹਰ (ਜ.ਬ) - ਉਪ ਮੰਡਲ ਦੇ ਪਿੰਡ ਉਸਮਾਨ ਖੇੜਾ ਦੇ ਖੇਤ 'ਚੋਂ ਬੰਬ ਮਿਲਣ ਕਾਰਨ ਸਨਸਨੀ ਫੈਲ ਗਈ, ਜਿਸ ਦੀ ਸੂਚਨਾ ਮਿਲਦੇ ਹੀ ਖੁਈਆਂ ਸਰਵਰ ਦੀ ਪੁਲਸ ਅਤੇ ਆਰਮੀ ਦੇ ਕੁਝ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਮਿਲੀ ਜਾਣਕਾਰੀ ਅਨੁਸਾਰ ਉਸਮਾਨਖੇੜਾ ਨਿਵਾਸੀ ਗੁਰਮੀਤ ਸਿੰਘ ਪੁੱਤਰ ਸ਼ਿਆਮ ਸਿੰਘ ਦੇ ਖੇਤ 'ਚ ਮਜ਼ਦੂਰ ਸਰ੍ਹੋਂ ਦੀ ਫਸਲ ਕੱਟ ਰਹੇ ਸਨ ਤਾਂ ਉਨ੍ਹਾਂ ਨੂੰ ਉਥੋਂ ਇਕ ਬੰਬਨੁਮਾ ਚੀਜ਼ ਦਿਖਾਈ ਦਿੱਤੀ, ਜਿਸ ਦੀ ਸੂਚਨਾ ਉਨ੍ਹਾਂ ਨੇ ਖੇਤ ਦੇ ਮਾਲਕ ਗੁਰਮੀਤ ਨੂੰ ਦਿੱਤੀ। ਗੁਰਮੀਤ ਸਿੰਘ ਨੇ ਇਹ ਸੂਚਨਾ ਖੁਈਆਂ ਸਰਵਰ ਥਾਣਾ ਇੰਚਾਰਜ ਸੁਨੀਲ ਕੁਮਾਰ ਨੂੰ ਦਿੱਤੀ, ਜਿਸ ਤੋਂ ਬਾਅਦ ਉਹ ਅਤੇ ਕੱਲਰਖੇੜਾ ਚੌਕੀ ਇੰਚਾਰਜ ਬਲਵੀਰ ਸਿੰਘ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਇਸ ਦੇ ਬਾਰੇ ਸਾਦੁਵਾਲਾ ਰਾਜਸਥਾਨ ਦੀ ਆਰਮੀ ਟੀਮ ਨੂੰ ਦੱਸਿਆ, ਜੋ ਬੰਬਨੁਮਾ ਚੀਜ਼ ਨੂੰ ਡਿਫਿਊਜ਼ ਕਰਕੇ ਆਪਣੇ ਨਾਲ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਕੱਲਰਖੇੜਾ 'ਚ ਜੋ ਬੰਬ ਘਰ 'ਚ ਡਿੱਗਿਆ ਸੀ, ਉਸ ਘਟਨਾ ਨੂੰ ਇਸ ਘਟਨਾ ਦੇ ਨਾਲ ਜੋੜਿਆ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੰਬ ਇਕ ਜਗ੍ਹਾ ਨਹੀਂ, ਆਸ-ਪਾਸ ਵੀ ਡਿੱਗੇ ਹਨ। ਪੁਲਸ ਤੇ ਆਰਮੀ ਮਾਮਲੇ ਦੀ ਜਾਂਚ ਕਰ ਰਹੀ ਹੈ।

rajwinder kaur

This news is Content Editor rajwinder kaur