ਬੰਬ ਧਮਾਕੇ ਦੀ ਜਾਂਚ ਨੂੰ ਲੈ ਕੇ ਐੱਨ. ਐੱਸ. ਜੀ. ਦੀ ਟੀਮ ਪੁੱਜੀ ਬਾਘਾ ਪੁਰਾਣਾ

07/02/2020 6:36:22 PM

ਬਾਘਾ ਪੁਰਾਣਾ (ਰਾਕੇਸ਼) : ਸਥਾਨਕ ਕੋਟਕਪੂਰਾ ਰੋਡ 'ਤੇ ਇਕ ਫਾਸਟ ਫੂਡ ਦੀ ਦੁਕਾਨ ਮੂਹਰੇ ਦੋ ਦਿਨ ਪਹਿਲਾਂ ਹੋਏ ਬੰਬ ਧਮਾਕੇ ਦੀ ਜਾਂਚ ਨੂੰ ਲੈ ਕੇ ਪੁਲਸ ਅਧਿਕਾਰੀ ਪੂਰੀ ਮੂਸਤੈਦੀ ਨਾਲ ਜੁਟੇ ਹੋਏ ਹਨ। ਅੱਜ ਤੀਜੇ ਦਿਨ ਵੀ ਆਈ. ਜੀ. ਪੁਲਸ ਰੇਂਜ ਕੋਸ਼ਤਵ ਸ਼ਰਮਾ ਫਰੀਦਕੋਟ, ਐੱਸ. ਐੱਸ. ਪੀ ਹਰਮਨਬੀਰ ਸਿੰਘ ਗਿੱਲ ਮੋਗਾ , ਐੱਸ. ਪੀ. ਗੁਰਦੀਪ ਸਿੰਘ , ਡੀ. ਐੱਸ. ਪੀ ਜਸਬਿੰਦਰ ਸਿੰਘ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ, ਜਿਥੇ ਉਨ੍ਹਾਂ ਨੇ ਤਿੰਨ ਘੰਟੇ ਲਗਾਤਾਰ ਮਾਮਲੇ ਦੀ ਗੰਭੀਰਤਾ ਨੂੰ ਲੈ ਕੇ ਇਕ ਮੀਟਿੰਗ ਵੀ ਕੀਤੀ। ਇਹ ਮਾਮਲਾ ਪੰਜਾਬ ਡੀ. ਜੀ. ਪੀ ਤੱਕ ਪੁੱਜਣ ਤੋਂ ਬਾਅਦ ਉਨ੍ਹਾਂ ਦੇ ਉਪਰਾਲੇ ਸਦਕਾ ਦਿੱਲੀ ਦੇ ਮਾਨੇਸਰ ਤੋਂ ਇਕ ਨੈਸ਼ਨਲ ਸਕਿਓਰਿਟੀ ਗਾਰਡ ਦੀ ਇਕ ਟੀਮ ਕਮਾਡਰ ਮੁਹੰਮਦ ਜਾਮਲ ਖਾਨ ਦੀ ਅਗਵਾਈ ਹੇਠ ਚਾਰ ਮੈਂਬਰ ਟੀਮ ਪੁੱਜੀ, ਜਿੰਨਾਂ ਨੇ ਹੋਏ ਧਮਾਕੇ ਦੌਰਾਨ ਵਰਤੇ ਗਏ ਮਟੀਰੀਅਲ ਦਾ ਪਤਾ ਲਾਉਣ ਲਈ ਅੱਜ ਘਟਨਾ ਵਾਲੀ ਥਾਂ 'ਤੇ ਗੰਦਗੀ ਦੇ ਨਾਲੇ 'ਚੋਂ ਗਾਰ ਕੱਢ ਕੇ ਹੱਥੀ ਜਾਂਚ ਕੀਤੀ ਅਤੇ ਬੰਬ ਪਦਾਰਥ 'ਚ ਵਰਤੇ ਪਾਰਟਸ ਵੀ ਬਰਾਮਦ ਕੀਤੇ, ਜਿਸ ਨੂੰ ਜਾਂਚ ਲੈਬਾਰਟਰੀ 'ਚ ਭੇਜਿਆ ਗਿਆ ਹੈ। 

ਇਹ ਵੀ ਪੜ੍ਹੋ : 18 ਸਾਲ ਦੀ ਉਮਰ ਪੂਰੀ ਕਰਦੇ ਨੌਜਵਾਨਾਂ ਲਈ ਆਨਲਾਈਨ ਵੋਟ ਬਣਾਉਣ ਦਾ ਸੁਨਹਿਰੀ ਮੌਕਾ

PunjabKesari

ਇਸ ਤੋਂ ਪਹਿਲਾਂ ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ ਨੇ ਇਸੇ ਨਾਲੇ ਦੀ ਗੰਦਗੀ 'ਚੋਂ ਅਤੇ ਬਾਹਰ ਖਿਲਰੇ ਪੱਥਰ ਦੇ ਟੁਕੜੇ, ਇਕ ਪਾਈਪ, ਮੇਖਾਂ ਸਮੇਤ ਹੋਰ ਪਾਰਟਸ ਬਰਾਮਦ ਕੀਤੇ ਸਨ, ਜੋ ਇਸ ਕਿਸਮ ਦਾ ਦੇਸੀ ਬੰਬ ਬਣਾਉਣ 'ਚ ਵਰਤੇ ਗਏ ਹੋ ਸਕਦੇ ਹੋਣ। ਜ਼ਿਲ੍ਹਾ ਪੁਲਸ ਮੁਖੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ. ਜੀ. ਕੋਸ਼ਤਵ ਸ਼ਰਮਾ ਨੇ ਕਿਹਾ ਕਿ ਪੁਲਸ ਬੰਬ ਧਮਾਕੇ ਨੂੰ ਲੈ ਕੇ ਕੋਈ ਢਿੱਲ ਨਹੀਂ ਵਰਤ ਰਹੀ ਹੈ। ਸਗੋਂ ਹਰ ਪਹਿਲੂ 'ਤੇ ਵੱਖ-ਵੱਖ ਏਜੰਸੀਆਂ ਰਾਹੀਂ ਜਾਂਚ ਕਰਵਾ ਰਹੀ ਹੈ ਅਤੇ ਧਮਾਕੇ ਦੌਰਾਨ ਵਰਤੇ ਗਏ ਸਾਰੇ ਮਟੀਰੀਅਲ ਦੀ ਜਾਂਚ ਮੁਕੰਮਲ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਕਾਰਨਾਮਾ ਕਰਨ ਵਾਲੇ ਗੈਂਗ ਜਾਂ ਵਿਰੋਧੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ । 

 


Anuradha

Content Editor

Related News