ਬੇਬੇ ਨੂੰ ਗ਼ਲਤ ਬੋਲ ਬੁਰੀ ਫਸੀ ਕੰਗਨਾ ਰਣੌਤ, ਹੁਣ ਲੁਧਿਆਣਾ ਤੋਂ ਭੇਜਿਆ ਗਿਆ ਕਾਨੂੰਨੀ ਨੋਟਿਸ

12/07/2020 11:22:02 AM

ਲੁਧਿਆਣਾ (ਮਹਿਰਾ) - ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ 'ਚ ਜੁਟੇ ਕਿਸਾਨਾਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਮੁਸ਼ਕਿਲਾਂ 'ਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਆਪਣੇ ਟਵਿੱਟਰ ਹੈਂਡਲ 'ਤੇ ਕਿਸਾਨ ਅੰਦੋਲਨ 'ਚ ਭਾਗ ਲੈ ਰਹੀ ਮਾਤਾ ਮਹਿੰਦਰ ਕੌਰ ਨੂੰ ਲੈ ਕੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਤੋਂ ਗੁੱਸੇ 'ਚ ਆਏ ਲੁਧਿਆਣਾ ਦੇ ਡਾ. ਕਮਲਜੀਤ ਸਿੰਘ ਸੋਈ ਨੇ ਆਪਣੇ ਵਕੀਲ ਜ਼ਰੀਏ ਕੰਗਨਾ ਨੂੰ ਕਾਨੂੰਨੀ ਨੋਟਿਸ ਭੇਜ ਕੇ ਉਸ ਨੂੰ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ ਹੈ ਅਤੇ ਇਸ ਤਰ੍ਹਾਂ ਨਾ ਕਰਨ 'ਤੇ ਅਦਾਲਤ 'ਚ ਫੌਜ਼ਦਾਰੀ ਧਾਰਾਵਾਂ ਤਹਿਤ ਮਾਮਲਾ ਦਾਇਰ ਕਰਵਾਉਣ ਦੀ ਚਿਤਾਵਨੀ ਦਿੱਤੀ ਹੈ। ਡਾ. ਸੋਈ ਨੇ ਆਪਣੇ ਕਾਨੂੰਨੀ ਨੋਟਿਸ 'ਚ ਕਿਹਾ ਹੈ ਕਿ ਜੇਕਰ ਕੰਗਨਾ ਨੇ ਮੁਆਫ਼ੀ ਨਾ ਮੰਗੀ ਤਾਂ ਉਹ ਉਨ੍ਹਾਂ ਵਿਰੁੱਧ 500 ਕਰੋੜ ਦਾ ਦਾਅਵਾ ਠੋਕਣਗੇ।

ਇਹ ਵੀ ਪੜ੍ਹੋ: ਸਿਤਾਰਿਆਂ 'ਚ ਮੁੜ ਛਾਇਆ ਮਾਤਮ, ਕੋਰੋਨਾ ਕਾਰਨ ਪ੍ਰਸਿੱਧ ਅਦਾਕਾਰਾ ਦੀ ਹੋਈ ਮੌਤ 

ਭੁਲੱਥ 'ਚ ਵੀ ਹੋਈ ਕੰਗਨਾ ਰਣੌਤ ਖ਼ਿਲਾਫ਼ ਸ਼ਿਕਾਇਤ ਦਰਜ
ਦੱਸਣਯੋਗ ਹੈ ਕਿ ਖੇਤੀ ਵਿਕਾਸ ਬੈਂਕ ਭੁਲੱਥ ਦੇ ਚੇਅਰਮੈਨ ਗੁਰਮੀਤ ਸਿੰਘ ਥਾਪਰ ਵੱਲੋਂ ਕੰਗਨਾ ਰਣੌਤ ਖ਼ਿਲਾਫ਼ ਕਾਰਵਾਈ ਲਈ ਸ਼ਿਕਾਇਤ ਐੱਸ. ਐੱਚ. ਓ. ਭੁਲੱਥ ਅਮਨਪ੍ਰੀਤ ਕੌਰ ਨੂੰ ਸੌਂਪੀ ਗਈ, ਜਿਸ ਰਾਹੀਂ ਮੰਗ ਕੀਤੀ ਗਈ ਕਿ ਇਸ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇ। ਇਸ ਸਬੰਧ 'ਚ ਐੱਸ. ਐੱਚ. ਓ. ਭੁਲੱਥ ਨੇ ਕਿਹਾ ਕਿ ਇਸ ਸ਼ਿਕਾਇਤ ਨੂੰ ਸੀਨੀਅਰ ਅਫ਼ਸਰਾਂ ਦੇ ਧਿਆਨ 'ਚ ਲਿਆਂਦਾ ਜਾਵੇਗਾ, ਜਿਸ ਉਪਰੰਤ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਭੁਲੱਥ ਵਿਖੇ ਬੀਤੇ ਦਿਨ ਕਿਸਾਨ-ਮਜਦੂਰ ਏਕਤਾ ਸੰਗਠਨ ਵੱਲੋਂ ਚੇਅਰਮੈਨ ਥਾਪਰ ਦੀ ਅਗਵਾਈ ਹੇਠ ਕੰਗਨਾ ਰਣੌਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਗ੍ਰਹਿ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪੁਤਲੇ ਫੂਕੇ ਗਏ। ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਥਾਪਰ ਨੇ ਕਿਹਾ ਕਿ ਕੰਗਨਾ ਰਣੌਤ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ 'ਚ ਸ਼ਾਮਲ ਹੋਈਆਂ ਬੀਬੀਆਂ ਨੂੰ 100 ਰੁਪਏ ਦਿਹਾੜੀ 'ਤੇ ਆਈਆਂ ਕਹਿਣਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਕੰਗਨਾ ਖ਼ੁਦ ਇਕ ਔਰਤ ਹੈ, ਉਸ ਨੂੰ ਤਾਂ ਧਰਨੇ 'ਚ ਸ਼ਾਮਲ ਹੋਈਆਂ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਸੀ।
ਇਸ ਮੌਕੇ ਪਾਵਰਕਾਮ ਭੁਲੱਥ ਦੇ ਐੱਸ. ਡੀ. ਓ. ਪਰਮਿੰਦਰ ਸਿੰਘ ਨੇ ਕਿਹਾ ਕਿ ਜੇਕਰ ਦੇਸ਼ ਦੀ ਆਰਥਿਕਤਾ ਨੂੰ ਬਚਾਉਣਾ ਹੈ ਤਾਂ ਕਿਸਾਨ ਨੂੰ ਆਰਥਿਕ ਤੌਰ 'ਤੇ ਤਗੜਾ ਕਰਨਾ ਪਵੇਗਾ, ਜਿਸ ਤੋਂ ਬਾਅਦ ਮਜਦੂਰ ਵੀ ਆਰਥਿਕ ਤੌਰ 'ਤੇ ਮਜ਼ਬੂਤ ਹੋਵੇਗਾ।

ਇਹ ਵੀ ਪੜ੍ਹੋ: ਮੁਸ਼ਕਿਲਾਂ 'ਚ ਘਿਰੀ ਬਾਲੀਵੁੱਡ ਅਦਾਕਾਰਾ 'ਕੰਗਨਾ ਰਣੌਤ', ਹੁਣ ਭੁਲੱਥ 'ਚ ਹੋਈ ਸ਼ਿਕਾਇਤ ਦਰਜ

ਇਸ ਮੌਕੇ ਸਾਬਕਾ ਵਾਈਸ ਚੇਅਰਮੈਨ ਸੁਖਦੇਵ ਸਿੰਘ ਬੱਬੀ, ਗੁਰਵਿੰਦਰ ਸਿੰਘ ਸੋਹੀ, ਯੂਨਸ ਪੀਟਰ, ਬਲਵਿੰਦਰ ਬਜਾਜ, ਅਮਰੀਕ ਸਿੰਘ ਖੱਸਣ, ਨੱਥਾ ਸਿੰਘ ਮੱਲ੍ਹੀ, ਮਾ. ਭਗਵੰਤ ਸਿੰਘ ਵਿਰਕ ਸਮੇਤ ਸੈਕੜੇ ਲੋਕਾਂ ਨੇ ਕੰਗਨਾ ਰਣੌਤ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੌਕੇ 'ਤੇ ਪਹੁੰਚੇ ਐੱਸ. ਡੀ. ਐੱਮ. ਭੁਲੱਥ ਟੀ. ਬੀਨਿਥ (ਆਈ. ਏ. ਐੱਸ.) ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ, ਜਿਸ 'ਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।

 

 

ਨੋਟ : ਹੁਣ ਲੁਧਿਆਣਾ ਤੋਂ ਕੰਗਨਾ ਰਣੌਤ ਨੂੰ ਭੇਜੇ ਗਏ ਕਾਨੂੰਨੀ ਨੋਟਿਸ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਕੁਮੈਂਟ ਬਾਕਸ 'ਚ ਜਾ ਕੇ ਜ਼ਰੂਰ ਦਿਓ ਆਪਣੀ ਰਾਏ।

sunita

This news is Content Editor sunita