ਧੋਖੇ ਨਾਲ ਨੀਲੇ ਕਾਰਡ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਸ਼ੁਰੂ ਹੋਈ ਕਾਰਵਾਈ

07/21/2017 6:22:12 PM

ਪਟਿਆਲਾ (ਬਲਜਿੰਦਰ) : ਨੀਲੇ ਕਾਰਡਾਂ ਦੀ ਜਾਂਚ ਵਿਚ ਹੁਣ ਹੌਲੀ-ਹੌਲੀ ਜਾਅਲੀ ਕਾਗਜ਼ਾਤ ਦੇ ਰਾਹੀਂ ਕਾਰਡ ਬਣਾਉਣ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਪ੍ਰਸ਼ਾਸਨ ਨੇ ਇਸ ਮਾਮਲੇ ਵਿਚ ਸਖਤੀ ਵੀ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਥਾਣਾ ਪਸਿਆਣਾ ਦੀ ਪੁਲਸ ਵੱਲੋਂ ਦੋ ਵੱਖ-ਵੱਖ ਕੇਸਾਂ ਵਿਚ ਚਾਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਜਿਨ੍ਹਾਂ ਵਿਚ ਪਹਿਲਾਂ ਕੇਸ ਮਲਕੀਤ ਖਾਨ ਪੁੱਤਰ ਜੰਮਾ ਖਾਨ ਵਾਸੀ ਬਲੀਪੁਰ ਝੰਬੋ ਦੀ ਸ਼ਿਕਾਇਤ 'ਤੇ ਕਾਕਾ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਬਲੀਪੁਰ ਝੰਬੋ ਦੇ ਖਿਲਾਫ ਦਰਜ ਕੀਤਾ ਗਿਆ ਹੈ। ਕਾਕਾ ਸਿੰਘ 'ਤੇ ਜਾਅਲੀ ਕਾਗਜ਼ਾਤ ਲਗਾ ਕੇ ਨੀਲਾ ਕਾਰਡ ਬਣਾਉਣ ਦਾ ਦੋਸ਼ ਸੀ। ਪੁਲਸ ਨੇ ਜਾਂਚ ਤੋਂ ਬਾਅਦ ਕਾਕਾ ਸਿੰਘ ਖਿਲਾਫ 420 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੁਜੇ ਕੇਸ ਵਿਚ ਥਾਣਾ ਪਸਿਆਣਾ ਦੀ ਪੁਲਸ ਨੇ ਅਸ਼ੋਕ ਵਰਮਾ ਪੁੱਤਰ ਮਦਨ ਲਾਲ ਵਾਸੀ ਰਾਜਪੁਰਾ ਕਲੋਨੀ ਪਟਿਆਲਾ ਦੀ ਸ਼ਿਕਾਇਤ 'ਤੇ ਗੋਬਿੰਦ ਸਿੰਘ, ਬਲਦੇਵ ਸਿੰਘ ਅਤੇ ਹਰਬੰਸ ਸਿੰਘ ਪੁੱਤਰ ਸ਼ਾਦੀ ਸਿੰਘ ਵਾਸੀ ਪਿੰਡ ਬਲੀਪੁਰ ਝੰਬੋ ਖਿਲਾਫ 420 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕੀਤਾ ਹੈ। ਉਕਤ ਵਿਅਕਤੀਆਂ ਖਿਲਾਫ ਵੀ ਜਾਅਲੀ ਕਾਗਜ਼ਾਤ ਤਿਆਰ ਕਰਕੇ ਨੀਲੇ ਕਾਰਡ ਬਣਾਉਣ ਦਾ ਦੋਸ਼ ਹੈ।