ਮਨਪ੍ਰੀਤ ਬਾਦਲ ਦਾ ਪੁਤਲਾ ਫੂਕ ਕੇ ਕੀਤਾ ਪਿੱਟ ਸਿਆਪਾ

Thursday, Mar 08, 2018 - 02:56 AM (IST)

ਫਗਵਾੜਾ, (ਜਲੋਟਾ)— ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ (ਰਜਿ.) ਦੇ ਸੱਦੇ ਤੇ ਬਲਾਕ 'ਚ ਪੈਂਦੇ ਆਂਗਣਵਾੜੀ ਸੈਂਟਰਾਂ 'ਚ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਦੇ ਪੁਤਲੇ ਫੂਕਣ ਦੀ ਲੜੀ ਤਹਿਤ ਪਿੰਡ ਅਕਾਲਗੜ੍ਹ ਵਿਖੇ ਆਂਗਣਵਾੜੀ ਵਰਕਰ ਜਸਵਿੰਦਰ ਕੌਰ ਦੀ ਅਗਵਾਈ ਹੇਠ ਪੁਤਲਾ ਫੂਕ ਕੇ ਪੰਜਾਬ ਸਰਕਾਰ ਤੇ ਖਾਸ ਤੌਰ 'ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪਿੱਟ ਸਿਆਪਾ ਕੀਤਾ ਗਿਆ। 
ਪੁਤਲਾ ਫੂਕ ਮੁਜ਼ਾਹਰੇ 'ਚ ਬਲਾਕ ਫਗਵਾੜਾ ਦੀ ਪ੍ਰਧਾਨ ਬੀਬੀ ਬਿਮਲਾ ਦੇਵੀ ਤੇ ਕ੍ਰਿਸ਼ਨਾ ਦੇਵੀ ਸਰਕਲ ਪ੍ਰਧਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਦੱਸਿਆ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਉਨ੍ਹਾਂ ਦੀਆਂ ਮੰਗਾਂ ਬਾਰੇ ਵਿਚਾਰ ਨਹੀਂ ਕਰ ਰਹੇ ਅਤੇ ਨਾ ਹੀ ਉਨਾਂ ਨੂੰ ਮੁਲਾਕਾਤ ਦਾ ਸਮਾਂ ਦਿੱਤਾ ਜਾ ਰਿਹਾ ਹੈ। ਸਿਰਫ ਇਹੀ ਨਹੀਂ ਬਲਕਿ ਵਿੱਤ ਮੰਤਰੀ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ 100 ਕਰੋੜ ਰੁਪਏ ਤੋਂ ਵੱਧ ਦੇ ਬਿੱਲਾਂ ਤੇ ਰੋਕ ਲਗਾ ਦਿੱਤੀ ਹੈ, ਜਿਸ ਕਰ ਕੇ ਬੱਚਿਆਂ ਦਾ ਰਾਸ਼ਨ, ਕੇਂਦਰਾਂ ਦਾ ਕਿਰਾਇਆ, ਵਰਦੀਆਂ ਦੇ ਪੈਸੇ, ਵਰਕਰਾਂ ਦਾ ਟੀ. ਏ. ਤੇ ਸਟੇਸ਼ਨਰੀ ਆਦਿ ਦੇ ਪੈਸੇ ਨਹੀਂ ਮਿਲ ਰਹੇ, ਜਿਸ ਨਾਲ ਉਨ੍ਹਾਂ ਨੂੰ ਭਾਰੀ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੀ ਇਹ ਵੀ ਮੰਗ ਹੈ ਕਿ ਆਂਗਣਵਾੜੀ ਸੈਂਟਰਾਂ ਤੋਂ ਪ੍ਰਾਇਮਰੀ ਸਕੂਲਾਂ 'ਚ ਸ਼ਿਫਟ ਕੀਤੇ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਬੱਚੇ ਵਾਪਸ ਸੈਂਟਰਾਂ ਨੂੰ ਦਿੱਤੇ ਜਾਣ। 
ਵੱਖ-ਵੱਖ ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਇਹ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ। ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਕਿ ਜਲਦੀ ਤੋਂ ਜਲਦੀ ਬਿੱਲਾਂ ਦਾ ਭੁਗਤਾਨ ਤੇ ਮਾਣ ਭੱਤਾ ਜਾਰੀ ਕੀਤਾ ਜਾਵੇ ਤੇ ਇਹ ਭੱਤੇ ਦਿੱਲੀ ਸਰਕਾਰ ਦੀ ਤਰਜ਼ ਤੇ 10 ਤੋਂ 15 ਹਜ਼ਾਰ ਰੁਪਏ ਮਹੀਨਾ ਦੇ ਹਿਸਾਬ ਨਾਲ ਅਦਾ ਕੀਤਾ ਜਾਵੇ। ਰੋਸ ਮੁਜ਼ਾਹਰੇ ਦੌਰਾਨ ਪਿੰਡ ਦੀਆਂ ਔਰਤਾਂ ਵਲੋਂ ਆਂਗਣਵਾੜੀ ਵਰਕਰਾਂ ਨੂੰ ਭਾਰੀ ਸਮਰਥਨ ਪ੍ਰਾਪਤ ਹੋਇਆ। 
ਇਸ ਮੌਕੇ ਬਲਜਿੰਦਰ ਕੌਰ, ਰੀਨਾ ਰਾਣੀ, ਬਿਮਲਜੀਤ ਕੌਰ, ਮਨਦੀਪ ਕੌਰ, ਗੁਰਮੀਤ ਕੌਰ, ਸਤਿਆ ਦੇਵੀ, ਮਲਕੀਤ ਕੌਰ, ਮਨਿੰਦਰ ਕੌਰ, ਪਵਨਦੀਪ ਕੌਰ, ਪੱਲਵੀ, ਜਸਵਿੰਦਰ ਸਿੰਘ, ਰਜਿੰਦਰ ਕੁਮਾਰ, ਜੱਗੂ, ਧਰਮਵੀਰ, ਗੌਰਵਜੀਤ ਸਿੰਘ, ਗੁਰਬਖਸ਼ ਕੌਰ, ਸੁਨੀਤਾ ਰਾਣੀ, ਰਵਿੰਦਰ ਕੌਰ, ਦਲਵਿੰਦਰ ਕੌਰ ਆਦਿ ਹਾਜ਼ਰ ਸਨ।


Related News