ਦੋ ਗੁੱਟਾਂ ''ਚ ਹੋਈ ਖੂਨੀ ਝੜਪ, ਔਰਤ ਸਮੇਤ 4 ਜ਼ਖਮੀ (ਤਸਵੀਰਾਂ)

07/21/2017 12:52:04 PM

ਕਪੂਰਥਲਾ (ਮਲਹੋਤਰਾ) —ਮਾਮੂਲੀ ਗੱਲ ਨੂੰ ਲੈ ਕੇ ਪਿੰਡ ਬੂਟ 'ਚ 2 ਪੱਖਾਂ 'ਚ ਹੋਈ ਕੁੱਟਮਾਰ 'ਚ 4 ਲੋਕਾਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀਆਂ 'ਚ ਇਕ ਔਰਤ ਵੀ ਸ਼ਾਮਲ ਹੈ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


ਪ੍ਰਾਪਤ ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਦੇ ਅਮਰਜੈਂਸੀ ਵਾਰਡ 'ਚ ਇਲਾਜ ਅਧੀਨ ਗੁਰਦੀਪ ਸਿੰਘ ਪੁੱਤਰ ਦਿਆਲ ਸਿੰਘ ਨਿਵਾਸੀ ਪਿੰਡ ਬੂਟ ਨੇ ਦੱਸਿਆ ਕਿ ਉਨ੍ਹਾਂ ਦੀ ਗੁਆਂਢਣ ਕਸ਼ਮੀਰ ਕੌਰ ਪਤਨੀ ਅਮਰ ਸਿੰਘ ਆਪਣੇ ਪੁੱਤਰ ਮਲਕੀਤ ਸਿੰਘ ਤੇ ਹੋਰ ਸਾਥੀਆਂ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਕਰਨ ਲੱਗੀ। ਇਸੇ ਦੌਰਾਨ ਉਸ ਨੂੰ ਛੁਡਵਾਉਣ ਆਏ ਰਾਜਵਿੰਦਰ ਸਿੰਘ ਨੂੰ ਉਕਤ ਲੋਕਾਂ ਨੇ ਜ਼ਖਮੀ ਕਰ ਦਿੱਤਾ।


ਇਸ ਮਾਮਲੇ 'ਚ ਸਿਵਲ ਹਸਪਤਾਲ ਦੇ ਅਮਰਜੈਂਸੀ ਵਾਰਡ 'ਚ ਇਲਾਜ ਕਰਵਾ ਰਹੀ ਕਸ਼ਮੀਰ ਕੌਰ ਨੇ ਦੱਸਿਆ ਕਿ ਉਹ ਆਪਣੇ ਘਰ 'ਚ ਕੰਮ ਕਰ ਰਹੀ ਸੀ ਕਿ ਅਚਾਨਕ ਸਾਡੇ ਗੁਆਂਢੀ ਗੁਰਦੀਪ ਸਿੰਘ ਤੇ ਉਸ ਦੇ ਪੁੱਤਰ ਰਾਜਵਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਿਸ 'ਚ ਦੋਵੇਂ ਮਾਂ-ਪੁੱਤਰ ਜ਼ਖਮੀ ਹੋ ਗਏ। 
ਸਥਾਨਕ ਪੁਲਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਜਾਂਚ 'ਚ ਜੁੱਟ ਗਈ ਹੈ।