ਐੱਨ. ਆਰ. ਆਈ. ਲੜਕੀ ਨੂੰ ਬਲੈਕਮੇਲ ਕਰਨ ਵਾਲਾ ਭੇਜਿਆ ਬੁੜੈਲ ਜੇਲ
Wednesday, Jul 04, 2018 - 06:19 AM (IST)

ਚੰਡੀਗੜ੍ਹ, (ਸੁਸ਼ੀਲ)- ਐੱਨ. ਆਰ. ਆਈ. ਲੜਕੀ ਨੂੰ ਬਲੈਕਮੇਲ ਕਰਕੇ ਪੰਜ ਕਰੋੜ ਦੀ ਫਿਰੌਤੀ ਮੰਗਣ ਵਾਲੇ ਮੁਨੀਸ਼ ਲਿੰਗਵਾਲ ਨੂੰ ਸਾਈਬਰ ਸੈੱਲ ਨੇ ਦੋ ਦਿਨਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੰਗਲਵਾਰ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਸਾਈਬਰ ਸੈੱਲ ਵਲੋਂ ਮਾਮਲੇ 'ਚ ਮੁਲਜ਼ਮ ਤੋਂ ਪੁੱਛਗਿੱਛ ਤੇ ਨਿਊਡ ਫੋਟੋਆਂ ਮਿਲਣ ਤੋਂ ਬਾਅਦ ਉਸਨੂੰ ਕਾਨੂੰਨੀ ਹਿਰਾਸਤ 'ਚ ਭੇਜਣ ਦੀ ਮੰਗ ਕੀਤੀ ਗਈ। ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਲਈ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ।
ਸੈਕਟਰ-19 ਨਿਵਾਸੀ ਲੜਕੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਯੂ. ਕੇ. 'ਚ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਉਸਦੀ ਦੋਸਤੀ ਦਿੱਲੀ ਨਿਵਾਸੀ ਮੁਨੀਸ਼ ਨਾਲ ਫੇਸਬੁੱਕ 'ਤੇ ਹੋਈ ਸੀ। ਦੋਸਤੀ ਬਾਅਦ 'ਚ ਪਿਆਰ ਵਿਚ ਬਦਲ ਗਈ। ਇਸ ਦੌਰਾਨ ਉਸਨੇ ਉਸਨੂੰ ਇਮੋਸ਼ਨਲੀ ਬਲੈਕਮੇਲ ਕਰਕੇ ਉਸ ਤੋਂ ਨਿਊਡ ਫੋਟੋ ਮੰਗਵਾਈ। ਲੜਕੀ ਨੇ ਮਨ੍ਹਾ ਕੀਤਾ ਤਾਂ ਉਸਨੇ ਉਸਨੂੰ ਖੁਦਕੁਸ਼ੀ ਕਰਨ ਤਕ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਲੜਕੀ ਨੇ ਉਸਨੂੰ ਕੁਝ ਤਸਵੀਰਾਂ ਭੇਜ ਦਿੱਤੀਆਂ ਸਨ। ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਸਾਈਬਰ ਸੈੱਲ ਨੇ ਮੁਨੀਸ਼ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਦਿੱਲੀ ਤੋਂ ਕਾਬੂ ਕੀਤਾ ਸੀ।