ਮਾਛੀਵਾੜਾ ਇਲਾਕੇ 'ਚ 19 ਘੰਟਿਆਂ ਤੋਂ ਬਲੈਕ ਆਊਟ, ਹੱਦ ਤੋਂ ਵੱਧ ਪਰੇਸ਼ਾਨ ਹੋ ਰਹੇ ਲੋਕ

12/22/2022 1:24:23 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ 'ਚ ਪਿਛਲੇ 19 ਘੰਟੇ ਤੋਂ ‘ਬਲੈਕ ਆਊਟ’ ਕਾਰਨ ਲੋਕਾਂ 'ਚ ਹਾਹਾਕਾਰ ਮਚ ਗਈ ਅਤੇ ਪਿੰਡਾਂ ਤੇ ਸ਼ਹਿਰ 'ਚ ਘੁੱਪ ਹਨ੍ਹੇਰਾ ਛਾਇਆ ਰਿਹ। ਇਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਇੱਕ ਹਫ਼ਤੇ ਤੋਂ ਬਿਜਲੀ ਸਪਲਾਈ ਸੁਚਾਰੂ ਢੰਗ ਨਾਲ ਨਹੀਂ ਚੱਲ ਰਹੀ ਅਤੇ ਰੋਜ਼ਾਨਾ ਰਾਤ ਨੂੰ ਲਗਾਤਾਰ ਕੱਟ ਰਿਹਾ ਹੈ ਉੱਥੇ ਦਿਨ ਸਮੇਂ ਵੀ ਬਿਜਲੀ ਗੁੱਲ ਰਹੀ ਪਰ ਹੁਣ ਬੁੱਧਵਾਰ ਸ਼ਾਮ 5 ਵਜੇ ਤੋਂ ਬਾਅਦ ਅੱਜ ਸਵੇਰੇ 12 ਵਜੇ ਤੱਕ ਲਗਾਤਾਰ ਬਿਜਲੀ ਨਾ ਆਉਣ ਕਾਰਨ ਲੋਕ ਹੱਦੋਂ ਵੱਧ ਪਰੇਸ਼ਾਨ ਹੋ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ 'ਕੋਰੋਨਾ' ਨੂੰ ਲੈ ਕੇ ਧਿਆਨ ਦੇਣ ਵਾਲੀ ਖ਼ਬਰ, ਸਾਰੇ ਜ਼ਿਲ੍ਹਿਆਂ ਨੂੰ ਜਾਰੀ ਹੋਇਆ ਅਲਰਟ

ਮਾਛੀਵਾੜਾ ਸ਼ਹਿਰ 'ਚ ਹਾਲਾਤ ਇਹ ਹੋ ਗਏ ਹਨ ਕਿ ਲੋਕਾਂ ਦੇ ਘਰਾਂ ’ਚ ਬਿਜਲੀ ਨਾ ਹੋਣ ਕਾਰਨ ਪਾਣੀ ਸਪਲਾਈ ਵੀ ਨਹੀਂ ਆਈ। ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸਦੇ ਦਿਖਾਈ ਦਿੱਤੇ। ਬਿਜਲੀ ਨਾ ਹੋਣ ਕਾਰਨ ਉਨ੍ਹਾਂ ਦਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਦਿਖਾਈ ਦਿੱਤਾ। ਬਿਜਲੀ ਦੇ ਲੰਬੇ ਬਲੈਕ ਆਊਟ ਕਾਰਨ ਜਦੋਂ ਪਾਵਰਕਾਮ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਕਮਲਪ੍ਰੀਤ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਦੀ ਕੋਈ ਘਾਟ ਨਹੀਂ ਹੈ ਪਰ ਪਿਛਲੇ 3 ਦਿਨ ਤੋਂ ਪ੍ਰਮੁੱਖ ਘੁਲਾਲ ਗਰਿੱਡ ਤੋਂ ਮਾਛੀਵਾੜਾ 66 ਕੇ.ਵੀ. ਗਰਿੱਡ ਤੋਂ ਸਪਲਾਈ ਹੋਣ ਵਾਲੀਆਂ ਵੱਡੀਆਂ ਲਾਈਨਾਂ ’ਚ ਤਕਨੀਕੀ ਨੁਕਸ ਪਿਆ ਹੋਇਆ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੀ ਸਾਈਕਲ ਇੰਡਸਟਰੀ ਲਈ ਖ਼ੁਸ਼ੀ ਦੀ ਖ਼ਬਰ : ਵੈਸਟ ਬੰਗਾਲ ਤੋਂ ਮਿਲਿਆ 10.50 ਲੱਖ ਸਾਈਕਲਾਂ ਦਾ ਆਰਡਰ

ਉਨ੍ਹਾਂ ਦੱਸਿਆ ਕਿ ਮੀਂਹ ਨਾ ਪੈਣ ਕਾਰਨ ਬਿਜਲੀ ਟਾਵਰਾਂ ’ਤੇ ਲੱਗੀਆਂ ਚਿੱਪਾਂ ’ਤੇ ਧੁੰਦ ਤੇ ਧੂੜ ਜੰਮ ਗਈ ਹੈ। ਇਸ ਲਈ ਜਦੋਂ ਸਪਲਾਈ ਛੱਡੀ ਜਾਂਦੀ ਹੈ ਤਾਂ ਇਹ ਫਲੈਸ਼ ਹੋ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਤੋਂ ਤਕਨੀਕੀ ਮਾਹਰ ਬੁਲਾਏ ਗਏ ਹਨ, ਜੋ ਇਨ੍ਹਾਂ ਵੱਡੀਆਂ ਲਾਈਨਾਂ ’ਤੇ ਲੱਗੇ ਹਨ, ਜੋ ਤਕਨੀਕੀ ਨੁਕਸ ਦੂਰ ਕਰ ਰਹੇ ਹਨ। ਐਕਸੀਅਨ ਨੇ ਕਿਹਾ ਕਿ ਉਹ ਆਪਣੀ ਨਿਗਰਾਨੀ ਹੇਠ ਇਹ ਤਕਨੀਕੀ ਨੁਕਸ ਦੂਰ ਕਰਵਾ ਰਹੇ ਹਨ ਅਤੇ ਲੋਕਾਂ ਦੀ ਪਰੇਸ਼ਾਨੀ ਨੂੰ ਜਲਦ ਦੂਰ ਕੀਤਾ ਜਾਵੇਗਾ। ਅੱਜ ਇਹ ਤਕਨੀਕੀ ਨੁਕਸ ਠੀਕ ਹੋਣ ਤੋਂ ਬਾਅਦ ਸਪਲਾਈ ਨਿਰਵਿਘਨ ਜਾਰੀ ਹੋ ਜਾਵੇਗੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita