''ਕਾਲੇ ਪੀਲੀਏ'' ਦੇ ਮਰੀਜ਼ਾਂ ਨੂੰ ਵੱਡੀ ਰਾਹਤ, ਸਰਕਾਰੀ ਹਸਪਤਾਲਾਂ ''ਚ ਮੁਫਤ ਮਿਲੇਗੀ ਦਵਾਈ (ਤਸਵੀਰਾਂ)

06/30/2016 2:48:20 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ''ਹੈਪੇਟਾਈਟਸ ਸੀ'' ਮਤਲਬ ਕਿ ਕਾਲਾ ਪੀਲੀਆ ਦੇ ਮਰੀਜ਼ਾਂ ਨੂੰ ਪੰਜਾਬ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਇਸ ਤਹਿਤ ਸਰਕਾਰੀ ਹਸਪਤਾਲਾਂ ''ਚ ਕਾਲਾ ਪੀਲੀਆ ਦੀ ਮੁਫਤ ਦਵਾਈ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਕੀਮ ਤਹਿਤ ਟੈਸਟ ਰਾਹੀ ਜਿੰਨ੍ਹਾਂ ਮਰੀਜ਼ਾਂ ਦਾ ਕਾਲਾ ਪੀਲੀਆ ਪਾਜ਼ੀਟਿਵ ਆਇਆ ਹੈ, ਉਨ੍ਹਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਦਵਾਈ ਮੁਫ਼ਤ ਦਿੱਤੀ ਜਾ ਰਹੀ ਹੈ। 
ਇਸ ਸਬੰਧੀ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਤਿਆਰੀਆਂ ਵੀ ਕੀਤੀਆਂ ਗਈਆਂ ਹਨ।  ਮਾਲਵੇ ਦੇ ਖੇਤਰ ਵਿਚ ਕਾਲਾ ਪੀਲੀਆ ਦੀ ਬੀਮਾਰੀ ਤੋਂ ਪੀੜਤ ਵੱਡੀ ਗਿਣਤੀ ''ਚ ਮਰੀਜ਼ ਹਨ। ਪੰਜਾਬ ਸਰਕਾਰ ਵੱਲੋਂ ਹੁਣ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤੋਂ ਇਲਾਵਾ ਸ਼ੁਰੂ ਕੀਤੀ ਇਸ ਸਕੀਮ ਨਾਲ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਲਾਭ ਹੋ ਰਿਹਾ ਹੈ। ਜੋ ਮਰੀਜ਼ ਇਸ ਬੀਮਾਰੀ ਦਾ ਇਲਾਜ ਨਹੀਂ ਕਰਵਾ ਸਕਦੇ ਸਨ, ਉਹ ਹੁਣ ਇੱਕ ਟੈਸਟ ਕਰਵਾ ਕੇ ਸਰਕਾਰੀ ਹਸਪਤਾਲ ਵਿਚ ਦਵਾਈ ਮੁਫ਼ਤ ਪ੍ਰਾਪਤ ਕਰ ਸਕਦੇ ਹਨ।
ਸਿਹਤ ਵਿਭਾਗ ਦੇ ਹੁਕਮਾਂ ਤਹਿਤ ਹਸਪਤਾਲ ਵਿਚ ਕਾਲੇ ਪੀਲੀਏ ਦੇ ਮਰੀਜ਼ਾਂ ਲਈ ਵੱਖਰੇ ਪ੍ਰਬੰਧ ਕੀਤੇ ਗਏ ਹਨ ਅਤੇ ਦਵਾਈ ਦੀ ਵੰਡ ਲਈ ਇੱਕ ਡਾਕਟਰ ਨੂੰ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ। ਸਰਕਾਰੀ ਹਸਪਤਾਲ ਵਿਚ ਇਹ ਦਵਾਈ ਸੋਮਵਾਰ ਅਤੇ ਵੀਰਵਾਰ ਮਰੀਜ਼ ਦੇ ਟੈਸਟ ਦੀ ਰਿਪੋਰਟ ਦੀ ਜਾਂਚ ਉਪਰੰਤ ਦਿੱਤੀ ਜਾਂਦੀ ਹੈ।  
ਕੀ ਕਹਿੰਦੇ ਹਨ ਮਰੀਜ਼ 
ਸਥਾਨਕ ਜ਼ਿਲਾ ਸਰਕਾਰੀ ਹਸਪਤਾਲ ਵਿਖੇ ਆਪਣੀ ਦਵਾਈ ਲੈਣ ਲਈ ਆਏ ਮਰੀਜ਼ ਮੌਨਟੀ ਵਾਸੀ ਮਲੋਟ ਅਤੇ ਮੋਹਿਤ ਸਿੰਗਲਾ ਨੇ ਕਿਹਾ ਕਿ ਕਾਲੇ ਪੀਲੀਏ ਦੀ ਦਵਾਈ ਬਾਜ਼ਾਰ ਵਿਚ ਕਾਫ਼ੀ ਮਹਿੰਗੀ ਹੈ, ਜਿਸ ਕਾਰਨ ਪਹਿਲਾ ਠੀਕ ਢੰਗ ਨਾਲ ਇਲਾਜ ਨਹੀਂ ਸੀ ਹੋ ਰਿਹਾ। ਹੁਣ ਸਰਕਾਰ ਵੱਲੋਂ ਮੁਫ਼ਤ ਦਵਾਈ ਮਿਲਣ ਅਤੇ ਲਗਾਤਾਰ ਦਵਾਈ ਖਾਣ ਨਾਲ ਉਨ੍ਹਾਂ ਨੂੰ ਠੀਕ ਹੋਣ ਦੀ ਉਮੀਦ ਬੱਝੀ ਹੈ ਅਤੇ ਇਸ ਲਈ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਾਂ। 
ਉਨ੍ਹਾਂ ਕਿਹਾ ਕਿ ਇਸ ਲਈ ਟੈਸਟ ਦਾ ਪ੍ਰਬੰਧ ਵੀ ਜੇਕਰ ਸਰਕਾਰ ਆਪਣੇ ਪੱਧਰ ''ਤੇ ਸਰਕਾਰੀ ਹਸਪਤਾਲਾਂ ਵਿਚ ਕਰ ਦੇਵੇ ਤਾਂ ਮਰੀਜ਼ਾਂ ਨੂੰ ਹੋਰ ਵੀ ਲਾਭ ਹੋ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਦਵਾਈ ਦਾ ਪ੍ਰਬੰਧ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰ ''ਤੇ ਵੀ ਕਰੇ ਤਾਂ ਜੋ ਇਸ ਬੀਮਾਰੀ ਤੋਂ ਪੀੜਤ ਮਰੀਜ ਜ਼ਿਲਾ ਹਸਪਤਾਲ ''ਚ ਆਉਣ ਦੀ ਥਾਂ ਨੇੜੇ ਦੇ ਹਸਪਤਾਲਾਂ ਤੋਂ ਆਪਣਾ ਇਲਾਜ ਕਰਵਾ ਸਕਣ। 
ਖੱਜਲ-ਖੁਆਰ ਕਰਨ ਦਾ ਲਾਇਆ ਦੋਸ਼
ਜਿੱਥੇ ਕੁਝ ਮਰੀਜ਼ ਇਸ ਨੂੰ ਸਰਕਾਰ ਵਲੋਂ ਚੁੱਕਿਆ ਗਿਆ ਵਧੀਆ ਕਦਮ ਦੱਸ ਰਹੇ ਹਨ, ਉੱਥੇ ਹੀ ਕੁਝ ਮਰੀਜ਼ਾਂ ਦਾ ਕਹਿਣਾ ਹੈ ਕਿ ਇਸ ਨਾਲ ਸਿਰਫ ਲੋਕਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਸਰਕਾਰੀ ਹਸਪਤਾਲ ''ਚ ਆਪਣੀ ਦਵਾਈ ਲੈਣ ਲਈ ਆਏ ਮਲੋਟ ਵਾਸੀ ਮੇਜਰ ਸਿੰਘ ਨੇ ਕਿਹਾ ਕਿ ਉਸ ਕੋਲ ਟੈਸਟ ਦੀਆਂ ਸਾਰੀਆਂ ਰਿਪੋਰਟਾਂ ਹੋਣ ਦੇ ਬਾਜਵੂਦ ਵੀ ਉਸ ਨੂੰ ਦੁਬਾਰਾ ਹਸਪਤਾਲਾਂ ਤੋਂ ਆਪਣੇ ਟੈਸਟ ਕਰਵਾਉਣ ਲਈ ਮਜ਼ਬੁਰ ਕੀਤਾ ਜਾ ਰਿਹਾ ਹੈ। 
ਕੀ ਕਹਿੰਦੇ ਹਨ ਡਾਕਟਰ 
ਸਥਾਨਕ ਜ਼ਿਲਾ ਹਸਪਤਾਲ ''ਚ ਮਰੀਜ਼ਾਂ ਦੀ ਜਾਂਚ ਕਰ ਰਹੀ ਡਾ. ਗੁਰਿੰਦਰ ਕੌਰ ਨੇ ਦੱਸਿਆਂ ਕਿ ਅੱਜ ਵੀ ਕਰੀਬ 16 ਮਰੀਜ਼ਾਂ ਨੂੰ ਕਾਲੇ ਪੀਲੀਏ ਦੀ ਦਵਾਈ ਦਿੱਤੀ ਗਈ ਹੈ ਅਤੇ ਜਿਵੇਂ-ਜਿਵੇਂ ਇਸ ਬੀਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਜ਼ਿਲਾ ਸਰਕਾਰੀ ਹਸਪਤਾਲ ਵਿਖੇ ਮਿਲਦੀ ਮੁਫ਼ਤ ਦਵਾਈ ਬਾਰੇ ਪਤਾ ਲੱਗ ਰਿਹਾ ਹੈ, ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। 
ਕੀ ਕਹਿੰਦੇ ਹਨ ਸੀਨੀਅਰ ਮੈਡੀਕਲ ਅਫ਼ਸਰ 
ਸੀਨੀਅਰ ਮੈਡੀਕਲ ਅਫ਼ਸਰ ਡਾ. ਹਰੀਨਰਾਇਣ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਰਕਾਰੀ ਹਸਪਤਾਲ ਵਿਚ ਕਾਲੇ ਪੀਲੀਏ ਦੀ ਦਵਾਈ ਦੇਣ ਦੀ ਮੁਫ਼ਤ ਸਕੀਮ ਸ਼ੁਰੂ ਹੋ ਚੁੱਕੀ ਹੈ। ਮਰੀਜ਼ ਵੱਲੋਂ ਕਰਵਾਏ ਟੈਸਟ ਦੀ ਰਿਪੋਰਟ ਦੀ ਜਾਂਚ ਉਪਰੰਤ ਮਰੀਜ਼ ਨੂੰ ਦਵਾਈ ਦਿੱਤੀ ਜਾਂਦੀ ਹੈ। ਟੈਸਟ ਮਰੀਜ਼ ਵੱਲੋਂ ਆਪਣੇ ਪੱਧਰ ''ਤੇ ਕਰਵਾਇਆ ਜਾਂਦਾ ਹੈ।

Babita Marhas

This news is News Editor Babita Marhas