ਪੰਜਾਬ ਦੇ ਕਿਸਾਨਾਂ ਨੇ ਖੜਕਾਇਆ 'ਸੁਪਰੀਮ ਕੋਰਟ' ਦਾ ਦਰਵਾਜ਼ਾ, ਖੇਤੀ ਕਾਨੂੰਨ ਖ਼ਿਲਾਫ਼ ਦਾਇਰ ਕੀਤੀ ਪਟੀਸ਼ਨ

10/05/2020 2:09:50 PM

ਮਾਛੀਵਾੜਾ ਸਾਹਿਬ (ਟੱਕਰ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਕੇਂਦਰ ਸਰਕਾਰ ਵੱਲੋਂ ਜੋ ਤਿੰਨ ਖੇਤੀ ਸੋਧ ਬਿੱਲ ਧੱਕੇ ਨਾਲ ਪਾਸ ਕਰਕੇ ਦੇਸ਼ ਦੇ ਕਿਸਾਨਾਂ ’ਤੇ ਥੋਪੇ ਹਨ, ਉਨ੍ਹਾਂ ਖਿਲਾਫ਼ ਦੇਸ਼ ਦੇ ਮਸ਼ਹੂਰ ਐਡਵੋਕੇਟ ਜੀ. ਐੱਸ  ਘੁੰਮਣ, ਜੀ. ਪੀ. ਐੱਸ ਘੁੰਮਣ (ਘੁੰਮਣ ਬ੍ਰਦਰਜ਼) ਰਾਹੀਂ ਸੁਪਰੀਮ ਕੋਰਟ 'ਚ ਰਿੱਟ ਪਟੀਸ਼ਨ ਦਾਖ਼ਲ ਕਰ ਬੇਨਤੀ ਕੀਤੀ ਗਈ ਕਿ ਇਹ ਤਿੰਨੋ ਬਿੱਲ ਮੁੱਢੋਂ ਹੀ ਰੱਦ ਕੀਤੇ ਜਾਣ ਅਤੇ ਜਦੋਂ ਤੱਕ ਕੋਈ ਅੰਤਿਮ ਫ਼ੈਸਲਾ ਨਹੀਂ ਆਉਂਦਾ, ਉਦੋਂ ਤੱਕ ਇਨ੍ਹਾਂ ਉਪਰ ਸਟੇਅ ਆਰਡਰ ਜਾਰੀ ਕੀਤੇ ਜਾਣ।

ਇਹ ਵੀ ਪੜ੍ਹੋ : ਮੋਹਾਲੀ ਦਾ 'ਕਿਸਾਨ' ਆਪਣੇ ਆਪ 'ਚ ਬਣਿਆ ਮਿਸਾਲ, 3 ਸਾਲਾਂ ਤੋਂ ਇੰਝ ਕਰ ਰਿਹੈ ਚੋਖੀ ਕਮਾਈ

ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਹਰਿੰਦਰ ਸਿੰਘ ਲੱਖੋਵਾਲ ਜਨਰਲ ਸਕੱਤਰ ਪੰਜਾਬ ਨੇ ਕਿਹਾ ਕਿ ਮੋਦੀ ਸਰਕਾਰ ਨੇ ਕੋਰੋਨਾ ਲਾਗ ਦੀ ਆੜ੍ਹ ’ਚ ਖੇਤੀ ਸੋਧ ਬਿੱਲਾਂ ਦੇ ਨਾਮ ਹੇਠ ਕਿਸਾਨ ਮਾਰੂ ਤਿੰਨ ਬਿੱਲ ਬਣਾ ਕੇ ਸੰਸਦ 'ਚ ਧੱਕੇ ਨਾਲ ਜ਼ੁਬਾਨੀ ਵੋਟਾਂ ਦੇ ਅਧਾਰ ’ਤੇ ਬਿੱਲ ਪਾਸ ਕੀਤੇ ਅਤੇ ਫਿਰ ਰਾਸ਼ਟਰਪਤੀ ’ਤੇ ਦਬਾਅ ਪਾ ਦਸਤਖ਼ਤ ਕਰਾ ਕੇ ਲਾਗੂ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਿੱਲ ਦੇਸ਼ ਦੇ ਕਿਸਾਨਾਂ ਦੇ ਮੌਤ ਵਾਰੰਟ ਹਨ ਅਤੇ ਮੋਦੀ ਸਰਕਾਰ ਦਾ ਅੜੀਅਲ ਵਤੀਰਾ ਤੇ ਕਾਰਪੋਰੇਟ ਅਦਾਰਿਆਂ ਨੂੰ ਫਾਇਦਾ ਪਹੁੰਚਾਉਣ ਦੀ ਨੀਤੀ 'ਤੇ ਚੱਲਣ ਦਾ ਚਿਹਰਾ ਵੀ ਨੰਗਾ ਹੋਇਆ ਹੈ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਪਤੀ-ਪਤਨੀ ਦੀ ਮੌਤ, ਦਰਦਨਾਕ ਤਸਵੀਰਾਂ ਦੇਖ ਕੰਬ ਜਾਵੇਗੀ ਰੂਹ

ਲੱਖੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਈਸਟ ਇੰਡੀਆ ਕੰਪਨੀ ਵਾਂਗ ਦੇਸ਼ ਨੂੰ ਮੁੜ ਇਨ੍ਹਾਂ ਮਲਟੀਨੈਸ਼ਨਲ ਕੰਪਨੀਆਂ ਕੋਲ ਗਿਰਵੀ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਿਚ ਅੱਜ ਬਿੱਲਾਂ ਖਿਲਾਫ਼ ਰਿੱਟ ਪਟੀਸ਼ਨ ਦਾਖ਼ਲ ਕੀਤੀ ਗਈ ਹੈ ਤਾਂ ਜੋ ਦੇਸ਼ ਦੀ ਸੁਤੰਤਰਤਾ, ਕਿਸਾਨ, ਖਪਤਕਾਰ, ਮਜ਼ਦੂਰ, ਆੜ੍ਹਤੀਏ, ਦੁਕਾਨਦਾਰ ਤੇ ਛੋਟੇ ਵਪਾਰੀ ਨੂੰ ਸਰਕਾਰ ਦੇ ਇਸ ਮਾਰੂ ਫ਼ੈਸਲਿਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਕਿਸਾਨ ਮਾਰੂ ਬਿੱਲਾਂ ਦੇ ਲਾਗੂ ਹੋਣ ਨਾਲ ਸੰਸਾਰ ’ਚੋਂ ਸਭ ਤੋਂ ਵਧੀਆ ਪੰਜਾਬ, ਹਰਿਆਣਾ ਦਾ ਮੰਡੀਕਰਣ ਸਿਸਟਮ ਨਸ਼ਟ ਹੋ ਜਾਵੇਗਾ ਅਤੇ ਫ਼ਸਲਾਂ ਦੀ ਐੱਮ. ਐੱਸ. ਪੀ ਖਤਮ ਹੋ ਜਾਵੇਗੀ।

ਇਹ ਵੀ ਪੜ੍ਹੋ : ਗੁਰਦੁਆਰੇ 'ਚੋਂ ਗ੍ਰੰਥੀ ਨੂੰ ਕੱਢਣ ਲਈ ਲੋਕਾਂ ਨੇ ਚੁੱਕੀ ਅੱਤ, ਤੰਗ ਹੋਏ ਨੇ ਪੈਟਰੋਲ ਛਿੜਕ ਖ਼ੁਦ ਨੂੰ ਲਾਈ ਅੱਗ

ਲੱਖੋਵਾਲ ਨੇ ਕਿਹਾ ਕਿ ਬਿੱਲਾਂ ਖ਼ਿਲਾਫ਼ ਕਿਸਾਨ ਸੰਘਰਸ਼ ਦੇ ਰਾਹ ’ਤੇ ਹਨ ਅਤੇ ਪੂਰੇ ਦੇਸ਼ ’ਚ ਆਰਡੀਨੈਂਸ ਦੀਆਂ ਕਾਪੀਆਂ ਸਾੜ ਰੇਲਾਂ ਦੀਆਂ ਪੱਟੜੀਆਂ ਉੱਪਰ ਰੋਸ ਪ੍ਰਦਰਸ਼ਨ ਜਾਰੀ ਹੈ। ਇਸ ਸਮੇਂ ਗੁਰਵਿੰਦਰ ਸਿੰਘ ਕੂੰਮਕਲਾਂ, ਹਰਮਿੰਦਰ ਸਿੰਘ ਖਹਿਰਾ ਜਨਰਲ ਸਕੱਤਰ, ਸੁਖਰਾਜ ਸਿੰਘ ਗਿੱਲ ਵਿੱਤ ਸਕੱਤਰ, ਦਲਜੀਤ ਸਿੰਘ ਚੱਕ, ਜਰਨੈਲ ਸਿੰਘ ਸਮਾਣਾ, ਰਘਵੀਰ ਸਿੰਘ ਕੂੰਮਕਲਾਂ, ਗੁਰਪ੍ਰੀਤ ਸਿੰਘ ਸਾਹਾਬਾਣਾ, ਹਰਮੇਲ ਸਿੰਘ ਭੁਟੇਹੜੀ, ਦਵਿੰਦਰ ਸਿੰਘ ਦੇਹਕਲਾਂ, ਗੁਰਮੁਖ ਸਿੰਘ ਹਿੰਮਤਪੁਰਾ, ਗੁਰਮੀਤ ਸਿੰਘ ਖੂਨੀ ਮਾਜਰਾ, ਲਵਨੀਤ ਸਿੰਘ ਮੋਹਾਲੀ, ਜਸਪਾਲ ਸਿੰਘ ਲਾਂਡਰਾ ਆਦਿ ਮੌਜੂਦ ਸਨ।

 

Babita

This news is Content Editor Babita