ਲੋਕਾਂ ਦੇ ਪਿਆਰ ਦਾ ਮੁੱਲ ਵਿਕਾਸ ਨਾਲ ਮੋੜਾਂਗਾ : ਸੰਨੀ ਦਿਓਲ

05/11/2019 9:00:39 PM

ਗੁਰਦਾਸਪੁਰ,(ਵਿਨੋਦ): ਹਲਕਾ ਗੁਰਦਾਸਪੁਰ ਤੋਂ ਭਾਜਪਾ-ਅਕਾਲੀ ਦਲ ਗਠਜੋੜ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਵਲੋਂ ਮਿਲ ਰਹੇ ਪਿਆਰ ਦਾ ਮੁੱਲ ਬਹੁਪੱਖੀ ਵਿਕਾਸ ਨਾਲ ਮੋੜਨਗੇ। ਹਲਕਾ ਗੁਰਦਾਸਪੁਰ ਦੇ ਪਿੰਡ ਤਿੱਬੜ ਤੋਂ ਸ਼ੁਰੂ ਕੀਤੇ ਆਪਣੇ ਲੋਕ ਸੰਪਰਕ ਪ੍ਰੋਗਰਾਮ ਤੋਂ ਪਹਿਲਾਂ ਤਿੱਬੜ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਉਪਰੰਤ ਭਾਰੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੰਨੀ ਦਿਓਲ ਨੇ ਕਿਹਾ ਕਿ ਉਨ੍ਹਾਂ ਨੂੰ ਹਲਕੇ ਦੇ ਹਰ ਸ਼ਹਿਰ ਤੇ ਪਿੰਡ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੋਕਾਂ ਵਲੋਂ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਉਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਪਿਛਲੇ ਪੰਜ ਸਾਲ ਦੌਰਾਨ ਚੁੱਕੇ ਗਏ ਲਾਮਿਸਾਲ ਕਦਮਾਂ ਤੇ ਦੇਸ਼ ਦੇ ਹਿੱਤ 'ਚ ਲਏ ਗਏ ਫੈਸਲਿਆਂ ਤੋਂ ਲੋਕ ਪੂਰੀ ਤਰ੍ਹਾਂ ਸਤੁੰਸ਼ਟ ਹਨ। ਜਿਸ ਦੀ ਵਜਾ ਨਾਲ ਕੇਂਦਰ 'ਚ ਮੁੜ ਤੋਂ ਨਰਿੰਦਰ ਮੋਦੀ ਦੀ ਅਗਵਾਈ 'ਚ ਸਰਕਾਰ ਬਣੇਗੀ। ਜਿਸ ਦੀ ਸਹਾਇਤਾ ਨਾਲ ਉਹ ਹਲਕੇ ਦੇ ਵਿਕਾਸ ਲਈ ਵੱਡੇ-ਵੱਡੇ ਕਾਰਜ ਵਿਢਣਗੇਂ। ਸੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਵਲੋਂ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ ਤੇ ਉਹ ਲੋਕਾਂ ਦੇ ਪਿਆਰ ਦਾ ਮੁੱਲ ਵਿਕਾਸ ਨਾਲ ਮੋੜਨਗੇ।
ਇਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਦੋ ਸਾਲ ਪਹਿਲਾ ਵੱਡੇ-ਵੱਡੇ ਲਾਰੇ ਲਾ ਕੇ ਲੋਕ ਸਭਾ ਮੈਂਬਰ ਬਣਨ ਵਾਲੇ ਸੁਨੀਲ ਜਾਖੜ ਦੀ ਅਸਲਿਅਤ ਲੋਕਾਂ ਦੇ ਸਾਹਮਣੇ ਆ ਗਈ ਹੈ ਕਿਉਂਕਿ ਉਨ੍ਹਾਂ ਆਪਣੇ ਕੀਤੇ ਵਾਅਦੀਆਂ 'ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਤੋਂ ਇਲਾਵਾ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਵੀ ਕੀਤੀ ਵਾਅਦਾ ਖਿਲਾਫੀ ਦਾ ਗੁੱਸਾ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਹੈ। ਜਿਸ ਦਾ ਸਬਕ ਉਹ 19 ਤਰੀਕ ਨੂੰ ਅਕਾਲੀ-ਭਾਜਪਾ ਉਮੀਦਵਾਰਾਂ ਦੇ ਪੱਖ 'ਚ ਵੋਟਾਂ ਪਾ ਕੇ ਤੇ ਉਨ੍ਹਾਂ ਨੂੰ 13 ਦੇ 13 ਲੋਕ ਸਭਾ ਹਲਕਿਆਂ 'ਚ ਲੈਣਗੇਂ।