ਭਾਜਪਾ ਸਿੱਧੂ ਦੇ ਪਾਕਿ ਦੌਰੇ ਬਾਰੇ ਦੋਗਲੀ ਸਿਆਸਤ ਬੰਦ ਕਰੇ : ਜਾਖੜ

08/21/2018 6:41:55 AM

ਚੰਡੀਗੜ੍ਹ, (ਭੁੱਲਰ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪਾਕਿ ਦੌਰੇ 'ਤੇ ਦੋਗਲੀ ਸਿਆਸਤ ਬੰਦ ਕਰਨ ਲਈ ਕਹਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਪੰਜਾਬੀਆਂ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਦੇ ਲਾਂਘੇ ਸਬੰਧੀ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਹੈ। ਅੱਜ ਇਥੋਂ ਜਾਰੀ ਬਿਆਨ ਵਿਚ ਜਾਖੜ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਦੌਰੇ ਬਾਬਤ ਦੇਸ਼ ਧ੍ਰੋਹ ਦਾ ਇਲਜ਼ਾਮ ਲਾਉਣ ਵਾਲੇ ਭਾਜਪਾ ਆਗੂ ਖੁਦ ਇਹ ਦੱਸਣ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦ ਬਿਨ ਬੁਲਾਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਘਰ ਗਏ ਸਨ ਤਾਂ ਕੀ ਉਹ ਦੇਸ਼ਧ੍ਰੋਹ ਸੀ। ਇਸੇ ਤਰ੍ਹਾਂ ਉਨ੍ਹਾਂ ਭਾਜਪਾ ਆਗੂਆਂ ਨੂੰ ਯਾਦ ਕਰਵਾਇਆ ਕਿ ਜਦ ਭਾਜਪਾ ਸਰਕਾਰ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਪ੍ਰਵੇਜ਼ ਮੁਸ਼ੱਰਫ਼ ਨੂੰ ਆਗਰਾ ਬੁਲਾਇਆ ਸੀ ਤਾਂ ਕੀ ਉਹ ਭੁੱਲ ਗਏ ਸਨ ਕਿ ਇਹ ਉਹੀ ਪਾਕਿ ਫੌਜ ਮੁਖੀ ਸੀ, ਜਿਸ ਨੇ ਕਾਰਗਿਲ ਯੁੱਧ ਰਾਹੀਂ ਸਾਡੀ ਧਰਤੀ ਹਥਿਆਉਣ ਦਾ ਯਤਨ ਕੀਤਾ ਸੀ।
ਜਾਖੜ ਨੇ ਕਿਹਾ ਕਿ ਪੰਜਾਬੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਨਮ ਪੁਰਬ ਮਨਾਉਣ ਜਾ ਰਹੇ ਹਨ। ਸਾਡਾ ਇਕ ਪਵਿੱਤਰ ਧਾਰਮਿਕ ਸਥਲ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਚ ਹੈ ਜੋ ਕਿ ਅੰਤਰਰਾਸ਼ਟਰੀ ਸਰਹੱਦ ਦੇ ਪਾਰ ਹੈ। ਉਨ੍ਹਾਂ ਪੁੱਛਿਆ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੇ ਉਸ ਗੁਰਦੁਆਰਾ ਸਾਹਿਬ ਤੱਕ ਸ਼ਰਧਾਲੂਆਂ ਦੇ ਲਾਂਘੇ ਲਈ ਪਾਕਿਸਤਾਨ ਯਾਤਰਾ ਦੌਰਾਨ ਗੱਲ ਅੱਗੇ ਤੋਰੀ ਹੈ ਤਾਂ ਇਸ ਤੋਂ ਭਾਜਪਾ ਕਿਉਂ ਦੁਖੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬੀਆਂ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਲਾਂਘੇ ਦਾ ਮੁੱਦਾ ਪਾਕਿ ਸਰਕਾਰ ਕੋਲ ਉਠਾਇਆ ਜਾਣਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਕਦੇ ਕਾਂਗਰਸ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਪਾਕਿਸਤਾਨ ਦੇ ਆਪਣੇ ਹਮ ਰੁਤਬਾ ਨੂੰ ਸਰਕਾਰੀ ਤੌਰ 'ਤੇ ਪੱਤਰ ਲਿਖਣ ਨੂੰ ਪ੍ਰੇਮ ਪੱਤਰਾਂ ਦਾ ਨਾਂ ਦਿਆ ਕਰਦੇ ਸਨ, ਨੇ ਬੀਤੇ ਕੱਲ ਖੁਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਕੀਤਾ ਕਿ ਉਹ ਹੁਣ ਖੁਦ ਦੇਸ਼ ਦੀ ਜਨਤਾ ਨੂੰ ਦੱਸਣ ਕਿ ਕੀ ਉਨ੍ਹਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਪ੍ਰੇਮ ਪੱਤਰ ਭੇਜਿਆ ਹੈ ਜਾਂ ਫਿਰ ਆਪਣੀ 56 ਇੰਚ ਦੀ ਹਿੱਕ ਦਾ ਨਾਪ। ਜਾਖੜ ਨੇ ਕਿਹਾ ਕਿ ਸਿੱਧੂ ਦਾ ਦੌਰਾ ਸਹੀ ਹੈ ਜਾਂ ਗਲਤ ਇਸ ਦਾ ਫੈਸਲਾ ਸਮਾਂ ਕਰੇਗਾ ਪਰ ਇਸ ਸਬੰਧੀ ਭਾਜਪਾ ਆਗੂਆਂ ਦੇ ਬਿਆਨ ਇਸ ਪਾਰਟੀ ਦੇ ਦੋਹਰੇ ਚਰਿੱਤਰ ਨੂੰ ਹੀ ਨੰਗਾ ਕਰਦੇ ਹਨ।