ਸੁਖਬੀਰ ਬਾਦਲ ਤੇ ਵਿਜੇ ਸਾਂਪਲਾ ਨੇ ਗਲੇ 'ਚ ਢੋਲ ਵਜਾ ਕੇ ਕੈਪਟਨ ਸਰਕਾਰ ਦੀ ਖੋਲ੍ਹੀ ਪੋਲ

03/18/2018 4:17:59 PM

ਜਲੰਧਰ (ਜਸਪ੍ਰੀਤ ਸਿੰਘ) - ਅੱਜ ਜਲੰਧਰ 'ਚ ਗੁਰੂ ਗੋਬਿੰਦ ਸਿੰਘ ਅਵੈਨਿਊ ਵਿਖੇ ਭਾਜਪਾ ਦੀ 'ਵਜਾਓ ਢੋਲ ਖੋਲ੍ਹੋ ਪੋਲ ਰੈਲੀ' 'ਚ ਢੋਲ ਵਜਾ ਕੇ ਕਾਂਗਰਸ ਸਰਕਾਰ ਦੀ ਪੋਲ ਖੋਲ੍ਹੀ ਗਈ। ਇਸ ਰੈਲੀ 'ਚ ਵਿਜੇ ਸਾਂਪਲਾ, ਅਕਾਲੀ ਦਲ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਹੋਰ ਅਕਾਲੀ ਆਗੂ ਮੌਜੂਦ ਹਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਅਤੇ ਵਿਜੇ ਸਾਂਪਲਾ ਨੇ ਗਲੇ 'ਚ ਢੋਲ ਪਾ ਕੇ ਵਜਾਦਿਆਂ ਕੈਪਟਨ ਸਰਕਾਰ ਦੇ ਇਕ ਸਾਲ 'ਚ ਕੀਤੇ ਕੰਮਾਂ ਦੀ ਪੋਲ ਖੋਲ੍ਹੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਨੇ ਨਾ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਅਤੇ ਨਾ ਹੀ ਕਿਸੇ ਨੂੰ ਨੌਕਰੀ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਸਮਾਰਟ ਫੋਨ ਦੇਣ ਦਾ ਵੀ ਵਾਅਦਾ ਕੀਤਾ ਸੀ, ਜੋ ਪੂਰਾ ਨਹੀਂ ਕੀਤਾ। ਇਸ ਮੌਕੇ ਵਿਜੇ ਸਾਂਪਲਾ ਨੇ ਵੀ ਕੈਪਟਨ ਸਰਕਾਰ 'ਤੇ ਆਪਣਾ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨੂੰ ਲਾਲਚ ਦੇ ਕੇ ਸੱਤਾ 'ਚ ਆਈ ਹੈ। 
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਦਿਲ ਭਾਜਪਾ ਹੈ। ਅਸੀ ਹਰ ਸਮੇਂ ਤੁਹਾਡੇ ਨਾਲ ਹਾਂ। ਤਹਾਡੇ ਨਾਲ ਕੋਈ ਹੋਰ ਰਹੇ ਜਾਂ ਨਾ ਰਹੇ। ਮੇਰਾ ਪਿਤਾ ਜੀ ਨੇ ਇਸ ਨੂੰ ਨੰਹੂ-ਮਾਸ ਦਾ ਰਿਸ਼ਤਾ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਅਤੇ ਬੀਜੇਪੀ 'ਚ ਕੋਈ ਫਰਕ ਨਹੀਂ। ਸਾਡਾ ਰਿਸ਼ਤਾ ਭਰਾਵਾਂ ਵਰਗਾ ਹੈ। ਅਸੀਂ ਕਦੇ ਵੀ ਇਕ ਦੂਜੇ ਨੂੰ ਕਿਸੇ ਕੰਮ ਲਈ ਨਾਂਹ ਨਹੀਂ ਕੀਤੀ।