ਜਨਤਾ ਦੀ ਵਿਧਾਨ ਸਭਾ ’ਚ ਭਾਜਪਾ ਆਗੂਆਂ ਨੇ ‘ਆਪ’ ਸਰਕਾਰ ’ਤੇ ਕੀਤੇ ਤਿੱਖੇ ਹਮਲੇ

10/01/2022 11:02:10 PM

ਜਲੰਧਰ (ਗੁਲਸ਼ਨ) : ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਜਲੰਧਰ ਦੇ ਇਕ ਸਥਾਨਕ ਹੋਟਲ ਵਿਚ ਜਨਤਾ ਦੀ ਵਿਧਾਨ ਸਭਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵਿਧਾਨ ਸਭਾ ਵਾਂਗ ਪੂਰਾ ਸੈੱਟ ਤਿਆਰ ਕੀਤਾ ਗਿਆ। ਉਪਰ ਸਪੀਕਰ ਤੇ ਹੇਠਾਂ ਸੈਕਟਰੀ ਦੀ ਕੁਰਸੀ ਲਾਈ ਗਈ ਸੀ, ਜਿਵੇਂ ਵਿਧਾਨ ਸਭਾ ਚੰਡੀਗੜ੍ਹ ਵਿਚ ਲੱਗੀ ਹੋਈ ਹੈ। ਇਸ ਦੌਰਾਨ ਭਾਜਪਾ ਆਗੂਆਂ ਨੇ ਜਨਤਾ ਦੇ ਹੱਕ ਵਿਚ ਵੱਖ-ਵੱਖ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਲੈ ਕੇ ਤਿੱਖੇ ਹਮਲੇ ਕੀਤੇ।

ਇਸ ਮੌਕੇ ਪ੍ਰੋਟੈਮ ਸਪੀਕਰ ਦੀ ਭੂਮਿਕਾ ਕੇਵਲ ਸਿੰਘ ਢਿੱਲੋਂ ਨੇ ਨਿਭਾਈ ਅਤੇ ਉਨ੍ਹਾਂ ਸਪੀਕਰ ਲਈ ਤੀਕਸ਼ਣ ਸੂਦ ਦਾ ਨਾਂ ਪ੍ਰਸਤਾਵਿਤ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਰਮਨ ਪੱਬੀ ਨੂੰ ਸਕੱਤਰ ਬਣਾਇਆ ਗਿਆ। ਇਸ ਤੋਂ ਬਾਅਦ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਵੀ ਸਪੀਕਰ ਦੀ ਭੂਮਿਕਾ ਨਿਭਾਈ। ਅਵਿਨਾਸ਼ ਰਾਏ ਖੰਨਾ ਨੇ ਸਦਨ ਦੀ ਸ਼ੁਰੂਆਤ ਕਰਦਿਆਂ ਜਨਤਾ ਨਾਲ ਜੁੜੇ ਮੁੱਖ ਮੁੱਦਿਆਂ ’ਤੇ ਚਰਚਾ ਕੀਤੀ, ਜਿਸ ਵਿਚ ਪੰਜਾਬ ਦੇ ਮੌਜੂਦਾ ਹਾਲਾਤ, ਨਸ਼ਾ, ਲਾਅ ਐਂਡ ਦੀ ਆਰਡਰ ਦੀ ਸਥਿਤੀ ਅਤੇ ਕਿਸਾਨੀ ਮੁੱਦੇ ਸ਼ਾਮਲ ਸਨ। ਇਸ ਵਿਧਾਨ ਸਭਾ ਦੇ ਸੈਸ਼ਨ ਦੌਰਾਨ 6 ਪ੍ਰਸਤਾਵ ਸਰਬਸੰਮਤੀ ਨਾਲ ਪਾਸ ਕੀਤੇ ਗਏ।

ਇਹ ਵੀ ਪੜ੍ਹੋ : ਕਾਨਪੁਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੈਕਟਰ-ਟਰਾਲੀ ਪਲਟਣ ਨਾਲ ਕਈ ਲੋਕਾਂ ਦੀ ਮੌਤ

ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਗੂੰਗੀ-ਬੋਲ਼ੀ ਸਰਕਾਰ ਤੱਕ ਜਨਤਾ ਦੀ ਆਵਾਜ਼ ਪਹੁੰਚਾਉਣ ਲਈ ਪਹਿਲਾਂ ਚੰਡੀਗੜ੍ਹ ਤੇ ਹੁਣ ਜਲੰਧਰ ਵਿਚ ਜਨਤਾ ਦੀ ਵਿਧਾਨ ਸਭਾ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਇਹ ਅਸਲੀ ਵਿਧਾਨ ਸਭਾ ਹੈ ਅਤੇ ਚੰਡੀਗੜ੍ਹ ਵਿਚ ਸਿਰਫ ਨੌਟੰਕੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਆਗੂਆਂ ਨੇ ਪਵਿੱਤਰ ਸਦਨ ਦਾ ਸਨਮਾਨ ਨਹੀਂ ਕੀਤਾ। ਸਰਕਾਰ ਅਸਲੀ ਮੁੱਦਿਆਂ ਤੋਂ ਭੱਜ ਰਹੀ ਹੈ। ਉਨ੍ਹਾਂ ਰਾਜਪਾਲ ਅਹੁਦੇ ਦਾ ਵੀ ਅਪਮਾਨ ਕੀਤਾ ਹੈ, ਜਿਸ ਦੀ ਉਹ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ। ਉਨ੍ਹਾਂ ਆਪ੍ਰੇਸ਼ਨ ਲੋਟਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ, ਇਹ ਸਿਰਫ ਡਰਾਮਾ ਹੈ ਅਤੇ ਸੀ. ਐੱਮ. ਮਾਨ ਨੂੰ ਹਟਾਉਣ ਦੀ ਸਾਜ਼ਿਸ਼ ਹੈ। ਇਸ ਦੀ ਸੀ. ਬੀ. ਆਈ. ਜਾਂਚ ਕਰਵਾਉਣੀ ਚਾਹੀਦੀ ਹੈ। ਜਾਂਚ ਤੋਂ ਬਾਅਦ ਇਸਦੇ ਅਸਲੀ ਨਾਇਕ ਅਰਵਿੰਦ ਕੇਜਰੀਵਾਲ ਅਤੇ ਡਿਜ਼ਾਈਨਰ ਰਾਘਵ ਚੱਢਾ ਨਿਕਲਣਗੇ।

ਜਲੰਧਰ ’ਚ ਐੱਮ. ਐੱਲ. ਏ. ਅਤੇ ਡੀ. ਸੀ. ਪੀ. ਵਿਵਾਦ ’ਤੇ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਹੀ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾ ਰਹੇ ਹਨ। ਪੁਲਸ ਅਧਿਕਾਰੀ ਵੀ ਇਨ੍ਹਾਂ ਦੀ ਮਾੜੀ ਭਾਸ਼ਾ ਅਤੇ ਕਾਰਜਸ਼ੈਲੀ ਤੋਂ ਪ੍ਰੇਸ਼ਾਨ ਹਨ। ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਭਗਵੰਤ ਮਾਨ ਵੱਲੋਂ ਸੂਬੇ ਦੇ ਵੀ. ਆਈ. ਪੀਜ਼ ਦੀ ਸੁਰੱਖਿਆ ਵਾਪਸ ਲੈ ਲਈ ਗਈ, ਜਿਸਦਾ ਖਮਿਆਜ਼ਾ ਸਿੱਧੂ ਮੂਸੇਵਾਲਾ ਅਤੇ ਹੋਰ ਲੋਕਾਂ ਨੂੰ ਆਪਣੀ ਜਾਨ ਦੇ ਕੇ ਭੁੁਗਤਣਾ ਪਿਆ। ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਿਲੇ ’ਚ 42 ਗੱਡੀਆਂ ਚੱਲਦੀਆਂ ਹਨ, ਜਦੋਂ ਕਿ ਪਿਛਲੇ ਮੁੱਖ ਮੰਤਰੀ ਦੇ ਕਾਫਿਲੇ ’ਚ 33 ਗੱਡੀਆਂ ਸਨ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਝੂਠ ਬੋਲਣ ਵਿਚ ਪੀ. ਐੱਚ. ਡੀ. ਕੀਤੀ ਹੋਈ ਹੈ। ਅੱਜ ਇਹ ਸਭ ਆਪਣਾ-ਆਪਣਾ ਮੁੱਲ ਖੁਦ ਤੈਅ ਕਰ ਰਹੇ ਹਨ।

ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਪਿਟਬੁੱਲ ਦਾ ਕਹਿਰ, 5 ਪਿੰਡਾਂ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਨੋਚਿਆ, ਅਖੀਰ ਉਤਾਰਿਆ ਮੌਤ ਦੇ ਘਾਟ

ਸੁਨੀਲ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਨੇ ਸਰਕਾਰ ਸੰਭਾਲਦੇ ਹੀ ਸੰਵਿਧਾਨ ਅਤੇ ਨਿਯਮਾਂ ਨੂੰ ਤਾਕ ’ਤੇ ਰੱਖ ਕੇ ਸੂਬੇ ਦੀ ਕਾਨੂੰਨ ਵਿਵਸਥਾ ਦੇਖ ਰਹੇ ਸਾਰੇ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕਰਨੇ ਸ਼ੁਰੂ ਕਰ ਦਿੱਤੇ, ਜਿਹੜੇ ਅੱਜ ਤੱਕ ਲਗਾਤਾਰ ਜਾਰੀ ਹਨ। ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੀਆਂ ਸੂਬੇ ਵਿਚ ਸਰਗਰਮੀਆਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ ਅਤੇ ਮੀਡੀਆ ਦੇ ਸਾਹਮਣੇ ਪੰਨੂ ਨੇ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਾਉਣ ਦਾ ਵੀ ਖੁੱਲ੍ਹਾ ਬਿਆਨ ਦਿੱਤਾ ਹੈ।

ਅੱਜ ਸੂਬੇ ਵਿਚ ਲਾਅ ਐਂਡ ਆਰਡਰ ਦੀਆਂ ਧੱਜੀਆਂ ਉੱਡ ਚੁੱਕੀਆਂ ਹਨ। ਪੰਜਾਬ ਵਿਚ ਸਭ ਤੋਂ ਭ੍ਰਿਸ਼ਟ ਅਧਿਕਾਰੀਆਂ ਨੂੰ ਮੁੱਖ ਅਹੁਦਿਆਂ ’ਤੇ ਨਿਯੁਕਤ ਕੀਤਾ ਗਿਆ ਹੈ। ਅੱਜ ਪੰਜਾਬ ਸਰਕਾਰ ਦੇ ਗੈਰ-ਸਮਾਜੀ ਅਨਸਰਾਂ ਨਾਲ ਸੰਬੰਧਾਂ ਨੇ ਸੂਬੇ ਦੀ ਸੁਰੱਖਿਆ ਅਤੇ ਭਾਈਚਾਰੇ ਨੂੰ ਖਤਰੇ ਵਿਚ ਪਾ ਦਿੱਤਾ ਹੈ। ਅੱਜ ਪੰਜਾਬ ਗੈਂਗਸਟਰ ਕਲਚਰ ਅਤੇ ਨਸ਼ਿਆਂ ਲਈ ਜਾਣਿਆ ਜਾਣ ਲੱਗਾ ਹੈ। ਕੇਜਰੀਵਾਲ ਕਦੀ ਕਹਿੰਦੇ ਹਨ ਕਿ ਪੁਲਸ ਮੁਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕਰ ਰਹੀ ਹੈ ਅਤੇ ਕਦੀ ਰਾਘਵ ਚੱਢਾ ਨੂੰ ਪਰ ਗ੍ਰਿਫ਼ਤਾਰੀ ਕਿਸੇ ਦੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧ ਵਿਚ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਪੰਜਾਬ ਦੀ ਬਦਤਰ ਕਾਨੂੰਨ ਵਿਵਸਥਾ ਬਾਰੇ ਜਾਣਕਾਰੀ ਦੇਣਗੇ।

ਇਹ ਵੀ ਪੜ੍ਹੋ : ਸਟ੍ਰੀਟ ਲਾਈਟ ਘਪਲਾ: ਕੈਪਟਨ ਸੰਦੀਪ ਸੰਧੂ ਦਾ ਰਿਸ਼ਤੇਦਾਰ ਵੀ ਕੇਸ ’ਚ ਨਾਮਜ਼ਦ, ਹਰਪ੍ਰੀਤ ਸਿੰਘ ਹੋ ਗਿਐ ਗ੍ਰਿਫ਼ਤਾਰ!

ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਦੋਆਬਾ ਦੀ ਧਰਤੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਧਰਤੀ ਹੈ। ਪੰਜਾਬ ਵਿਚ 40 ਫੀਸਦੀ ਆਬਾਦੀ ਦਲਿਤ ਹੈ। ਅੱਜ ਪੰਜਾਬ ਸਰਕਾਰ ਦਲਿਤਾਂ ਦੇ ਮੁੱਦਿਆਂ ਨੂੰ ਲੈ ਕੇ ਕੋਈ ਗੱਲ ਨਹੀਂ ਕਰਦੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਕਾਲਜਾਂ ਦੇ ਫੰਡ ਰੋਕ ਦਿੱਤੇ ਗਏ ਹਨ। ਪੰਜਾਬ ਸਰਕਾਰ ਦਲਿਤ ਵਿਦਿਆਰਥੀਆਂ ਨੂੰ ਡਿਗਰੀਆਂ ਦਿਵਾਉਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਦਲਿਤ ਵਿਦਿਆਰਥੀਆਂ ਦੀ ਪੜ੍ਹਾਈ ਲਈ ਭੇਜਿਆ ਗਿਆ 60 ਫੀਸਦੀ ਫੰਡ ਦਾ ਪੈਸਾ ਕਿੱਥੇ ਜਾ ਰਿਹਾ ਹੈ? ਡਾ. ਵੇਰਕਾ ਨੇ ਮੰਗ ਕੀਤੀ ਕਿ ਦਲਿਤਾਂ ਨਾਲ ‘ਆਪ’ ਸਰਕਾਰ ਵੱਲੋਂ ਕੀਤੇ ਗਏ ਧੋਖੇ ਦੀ ਜਾਂਚ ਕਰਵਾਈ ਜਾਵੇ ਅਤੇ ਪੰਜਾਬ ਸਰਕਾਰ ਵਿਰੁੱਧ ਗੈਰ-ਵਿਸ਼ਵਾਸ ਪ੍ਰਸਤਾਵ ਜਨਤਾ ਦੇ ਵਿਚਕਾਰ ਲਿਆਂਦਾ ਜਾਣਾ ਚਾਹੀਦਾ ਹੈ।

ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕ ਖੋਲ੍ਹ ਕੇ ਜਨਤਾ ਨੂੰ ਮੂਰਖ ਬਣਾਇਆ ਹੈ। ਅੱਜ ਜ਼ਮਾਨਾ ਸੁਪਰ-ਸਪੈਸ਼ਲਿਟੀ ਦਾ ਹੈ ਅਤੇ ‘ਆਪ’ ਸਰਕਾਰ ਅਜੇ ਵੀ ਪੁਰਾਣੀਆਂ ਨੀਤੀਆਂ ’ਤੇ ਚੱਲ ਰਹੀ ਹੈ। ਮੌਜੂਦਾ ਸਿਹਤ ਢਾਂਚੇ ਨੂੰ ਆਧੁਨਿਕ ਕਰਨ ਦੀ ਬਜਾਏ ਮੁਹੱਲਾ ਕਲੀਨਿਕ ਖੋਲ੍ਹ ਰਹੀ ਹੈ। ਕਾਲੀਆ ਨੇ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ 150 ਸਰਕਾਰੀ ਹਸਪਤਾਲਾਂ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਸੀ ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਦਾਅ ’ਤੇ ਲਾ ਕੇ ਪੰਜਾਬ ਨੂੰ ਕਾਲੇ ਦੌਰ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਭਾਜਪਾ ‘ਆਪ’ ਸਰਕਾਰ ਨੂੰ ਉਸਦੇ ਇਸ ਮਕਸਦ ਵਿਚ ਕਾਮਯਾਬ ਨਹੀਂ ਹੋਣ ਦੇਵੇਗੀ।

ਇਹ ਵੀ ਪੜ੍ਹੋ : ਜੱਗੂ ਭਗਵਾਨਪੁਰੀਆ ਦੇ ਵਿਰੋਧੀ ਹੈਪੀ ਜੱਟ ਗਰੁੱਪ ਦੇ 4 ਸ਼ੂਟਰ ਹਥਿਆਰਾਂ ਸਣੇ ਗ੍ਰਿਫ਼ਤਾਰ, ਕਰਨਾ ਸੀ ਵੱਡਾ ਕਾਂਡ

ਇਸ ਮੌਕੇ ਸੂਬਾ ਸਕੱਤਰ ਅਨਿਲ ਸੱਚਰ, ਕਿਸ਼ਨ ਲਾਲ ਸ਼ਰਮਾ, ਸੁਨੀਲ ਜੋਤੀ, ਪੁਨੀਤ ਸ਼ੁਕਲਾ, ਜ਼ਿਲਾ ਜਨਰਲ ਸਕੱਤਰ ਰਾਜੀਵ ਢੀਂਗਰਾ, ਅਸ਼ੋਕ ਸਰੀਨ, ਦਵਿੰਦਰ ਭਾਰਦਵਾਜ, ਕਿਰਨ ਜਗੋਤਾ ਆਦਿ ਨੇ ਵੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ। ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਸੀਨੀਅਰ ਆਗੂ ਸੁਨੀਲ ਜਾਖੜ, ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਅਵਿਨਾਸ਼ ਰਾਏ ਖੰਨਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਤੀਕਸ਼ਣ ਸੂਦ, ਡਾ. ਰਾਜ ਕੁਮਾਰ ਵੇਰਕਾ, ਅਵਿਨਾਸ਼ ਚੰਦਰ, ਕੇ. ਡੀ. ਭੰਡਾਰੀ, ਸਰਬਜੀਤ ਸਿੰਘ ਮੱਕੜ, ਕੇਵਲ ਸਿੰਘ ਢਿੱਲੋਂ, ਜਸਵਿੰਦਰ ਸਿੰਘ ਢਿੱਲੋਂ, ਰਣਜੀਤ ਸਿੰਘ ਖੋਜੇਵਾਲ, ਭਾਜਪਾ ਦੇ ਸੂਬਾਈ ਬੁਲਾਰੇ ਮਹਿੰਦਰ ਭਗਤ, ਦੀਵਾਨ ਅਮਿਤ ਅਰੋੜਾ, ਜਨਰਲ ਸਕੱਤਰ ਰਾਜੇਸ਼ ਬਾਘਾ, ਜੀਵਨ ਗੁਪਤਾ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਦਿਹਾਤੀ ਪ੍ਰਧਾਨ ਅਮਰਜੀਤ ਸਿੰਘ ਅਮਰੀ ਆਦਿ ਆਗੂ ਮੌਜੂਦ ਸਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh