ਭਾਜਪਾ ਆਗੂ ਨੇ ਗਊਸ਼ਾਲਾ 'ਚ ਕੀਤੀ ਪੁੱਤ ਦੇ ਵਿਆਹ ਦੀ ਪਾਰਟੀ, ਲੋਕਾਂ ਲਈ ਬਣੀ ਮਿਸਾਲ (ਤਸਵੀਰਾਂ)

02/12/2018 6:54:04 PM

ਨਵਾਂਸ਼ਹਿਰ/ਚਾਂਦਪੁਰ ਰੁੜਕੀ— ਇਥੋਂ ਦੇ ਗੋਬਿੰਦ ਗਊਧਾਮ ਗਊਸ਼ਾਲਾ 'ਚ ਐਤਵਾਰ ਉਸ ਸਮੇਂ ਨਜ਼ਾਰਾ ਦੇਖਣਯੋਗ ਸੀ ਜਦੋਂ ਇਥੇ ਭਾਜਪਾ ਦੇ ਰਾਸ਼ਟਰੀ ਉੱਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਆਪਣੇ ਪੁੱਤ ਦੇ ਵਿਆਹ ਦੀ ਪਾਰਟੀ ਦਾ ਆਯੋਜਨ ਕੀਤਾ। ਇਹ ਪਾਰਟੀ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਇਸ ਦਾ ਪ੍ਰੋਗਰਾਮ ਗਊਸ਼ਾਲਾ 'ਚ ਰੱਖਿਆ ਗਿਆ ਸੀ। ਪੰਜਾਬ ਦੇ ਕਾਂਡੀ ਇਲਾਕੇ ਦੀ ਗਊਸ਼ਾਲਾ 'ਚ ਹੋਈ ਇਸ ਪਾਰਟੀ 'ਚ ਕਈ ਰਾਜਨੇਤਾ ਅਤੇ ਹਾਈ-ਪ੍ਰੋਫਾਈਲ ਮਹਿਮਾਨਾਂ ਨੇ ਸ਼ਿਰਕਤ ਕੀਤੀ। 
ਜ਼ਿਕਰਯੋਗ ਹੈ ਕਿ ਗਊਸ਼ਾਲਾ ਨੇੜੇ ਇਕ ਮੈਦਾਨ ਹੈ, ਜਿਸ ਨੂੰ ਭਾਜਪਾ ਨੇਤਾ ਦੇ ਬੇਟੇ ਪਿਊਸ਼ ਅਤੇ ਨੂੰਹ ਦੀ ਪਾਰਟੀ ਲਈ ਸਜਾਇਆ ਗਿਆ ਸੀ। ਗੋਬਿੰਦ ਗਊਧਾਮ ਗਊਸ਼ਾਲਾ ਸੁਆਮੀ ਕ੍ਰਿਸ਼ਨਾਨੰਦ ਚਲਾਉਂਦੇ ਹਨ ਅਤੇ ਇਸ ਗਊਸ਼ਾਲਾ 'ਚ 2200 ਦੇ ਕਰੀਬ ਗਊਆਂ ਹਨ। ਗਊਸ਼ਾਲਾ 'ਚ ਪੁੱਤ ਦੇ ਵਿਆਹ ਦੀ ਪਾਰਟੀ ਰੱਖਣ ਦਾ ਮਕਸਦ ਗਊਆਂ ਨੂੰ ਸੁਰੱਖਿਆ ਅਤੇ ਉਨ੍ਹਾਂ ਦੇ ਪਾਲਣ-ਪੋਸ਼ਣ ਨੂੰ ਵਾਧਾ ਦੇਣਾ ਸੀ। ਪਿਊਸ਼ ਦੇ ਪਿਤਾ ਅਵਿਨਾਸ਼ ਰਾਏ ਖੰਨਾ ਨੇ ਦੱਸਿਆ ਕਿ ਉਹ ਗਊਸ਼ਾਲਾ 'ਚ ਵਿਆਹ ਦੀ ਪਾਰਟੀ ਦੇ ਕੇ ਗਊਆਂ ਦੇ ਪਾਲਣ-ਪੋਸ਼ਣ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਵਾਧਾ ਦੇਣ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ। ਇਸ ਨਾਲ ਸਾਡੇ ਲੋਕਾਂ ਨੂੰ ਗਊਆਂ ਅਤੇ ਕੁਦਰਤ ਦੇ ਨਾਲ ਜੈਵਿਕ ਸੰਬੰਧ ਫਿਰ ਤੋਂ ਸਥਾਪਤ ਕਰਨ 'ਚ ਮਦਦ ਮਿਲ ਸਕੇਗੀ। ਅਵਿਨਾਸ਼ ਖੰਨਾ ਨੇ ਕਿਹਾ ਕਿ ਜੇਕਰ ਲੋਕ ਇਸ ਤਰ੍ਹਾਂ ਦੇ ਪ੍ਰੋਗਰਾਮ ਗਊਸ਼ਾਲਾ 'ਚ ਕਰਨਾ ਸ਼ੁਰੂ ਕਰ ਦੇਣਗੇ ਤਾਂ ਗਊਸ਼ਾਲਾਵਾਂ 'ਚ ਸੁਧਾਰ ਕਰਨ 'ਚ ਕਾਫੀ ਮਦਦ ਮਿਲੇਗੀ ਅਤੇ ਗਊਆਂ ਦੀ ਹਾਲਤ 'ਚ ਕਾਫੀ ਸੁਧਾਰ ਹੋਵੇਗਾ। 
ਤੁਹਾਨੂੰ ਦੱਸ ਦਈਏ ਜਿੱਥੇ ਗਊਸ਼ਾਲਾ ਦਾ ਆਸ਼ਰਮ ਸਥਿਤ ਹੈ, ਇਹ ਖੇਤਰ ਪਿਛੜੇਪਣ ਅਤੇ ਦੈਨਿਕ ਜੀਵਨ ਦੀਆਂ ਸਮੱਸਿਆਵਾਂ ਲਈ ਜਾਣਿਆ ਜਾਂਦਾ ਹੈ। ਚੱਟਾਨੀ ਮਿੱਟੀ ਅਤੇ ਪਾਣੀ ਦੀ ਗੰਭੀਰ ਕਮੀ ਲਈ ਵੀ ਇਹ ਖੇਤਰ ਪ੍ਰਸਿੱਧ ਹੈ। 


ਇਸ ਰਿਸੈਪਸ਼ਨ 'ਚ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ, ਪੰਜਾਬ ਦੀ ਡੀ. ਜੀ. ਪੀ. ਸੁਰੇਸ਼ ਅਰੋੜਾ, ਸਾਬਕਾ ਪੁਡੂਚੇਰੀ ਦੇ ਲੈਫਟੀਨੈਂਟ ਗਵਰਨਰ ਇਕਬਾਲ ਸਿੰਘ, ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਜਤਿੰਦਰ ਸਿੰਘ, ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਸ਼ਾਮਲ ਹਨ। ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਅਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਸਮੇਤ ਮਹੱਤਵਪੂਰਨ ਮਹਿਮਾਨਾਂ ਦਾ ਸੁਆਗਤ ਗਊ ਦੀ ਪੂਜਾ ਦੇ ਨਾਲ ਕੀਤਾ ਗਿਆ। 


ਅਵਿਨਾਸ਼ ਖੰਨਾ ਦੇ ਬੇਟੇ ਦਾ ਵਿਆਹ ਹੁਸ਼ਿਆਰਪੁਰ 'ਚ 5 ਫਰਵਰੀ ਨੂੰ ਹੋਇਆ ਸੀ। ਵਿਆਹ ਸਮਾਰੋਹ 'ਚ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧਿਆ ਦੇ ਨਾਲ ਉਨ੍ਹਾਂ ਦੇ ਮੰਤਰੀਮੰਡਲ ਸਹਿਯੋਗੀ, ਜੰਮੂ ਕਸ਼ਮੀਰ ਦੇ ਉੱਪ ਮੁੱਖ ਮੰਤਰੀ ਨਿਰਮਲਾ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਕਈ ਸਿਆਸੀ ਸ਼ਖਸੀਅਤਾਂ ਨੇ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ।