ਲੁਧਿਆਣਾ ''ਚ ਨਵੇਂ ਪ੍ਰਧਾਨ ਦੀ ਭਾਲ ਲਈ ਭਾਜਪਾ ''ਚ ਸਭ ਕੁਝ ਚੰਗਾ ਨਹੀਂ

02/20/2020 10:35:32 AM

ਲੁਧਿਆਣਾ (ਗੁਪਤਾ) : ਨਵੇਂ ਪ੍ਰਧਾਨ ਦੀ ਭਾਲ ਕਰ ਰਹੀ ਲੁਧਿਆਣਾ ਭਾਜਪਾ ਵਿਚ ਸਭ ਕੁਝ ਚੰਗਾ ਨਹੀਂ ਹੈ। ਧੜੇਬੰਦੀ ਕਾਰਣ ਨੇਤਾਵਾਂ 'ਚ ਬਣੇ ਕਸ਼ਮਕਸ਼ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ ਹਨ। ਹਾਲਾਤ ਇਸ ਕਦਰ ਖਰਾਬ ਹੋ ਚੁੱਕੇ ਹਨ ਕਿ ਲੈੱਗ-ਪੁਲਿੰਗ ਰਾਹੀਂ ਨੇਤਾ ਇਕ-ਦੂਸਰੇ ਨੂੰ ਪਾਰਟੀ ਦੇ ਸੀਨੀਅਰ ਨੇਤਾਵਾਂ ਦੀਆਂ ਨਜ਼ਰਾਂ ਵਿਚ ਸੁੱਟਣਾ ਚਾਹੁੰਦੇ ਹਨ ਤਾਂ ਕਿ ਉਹ ਪ੍ਰਧਾਨ ਦਾ ਅਹੁਦਾ ਲੈ ਸਕਣ। ਮਿਸ਼ਨ 2022 ਦੇ ਸਾਹਮਣੇ ਧੜੇਬੰਦੀ ਨੂੰ ਚੁਣੌਤੀ ਬਣਦਾ ਦੇਖ ਕੇ ਭਾਰਤੀ ਜਨਤਾ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਪਾਰਟੀ ਵਰਕਰਾਂ ਨੂੰ ਆਪਣੀ ਪਹਿਲੀ ਬੈਠਕ 'ਚ ਅਨੁਸ਼ਾਸਨ ਦਾ ਪਾਠ ਪੜ੍ਹਾਉਣਾ ਪਿਆ ਅਤੇ ਵਰਕਰ ਬਣਨ ਦੀ ਸਿੱਖਿਆ ਦੇਣੀ ਪਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੰਘ ਦੇ ਇਕ ਵੱਡੇ ਨੇਤਾ ਨੇ ਬੀਤੇ ਦਿਨੀਂ ਸਥਾਨਕ ਕੁਝ ਨੇਤਾਵਾਂ ਨੂੰ ਸੰਘ ਦਫਤਰ 'ਚ ਤਲਬ ਕੀਤਾ ਅਤੇ ਗੁੱਟਬੰਦੀ ਅਤੇ ਪਾਰਟੀ 'ਚ 'ਤੇਰਾ ਲੀਡਰ-ਮੇਰਾ ਲੀਡਰ' ਕਰਨ ਵਾਲੇ ਭਾਜਪਾ ਨੇਤਾਵਾਂ ਦੀ ਕਲਾਸ ਲਾਈ। ਇਨ੍ਹਾਂ ਨੇਤਾਵਾਂ ਨੂੰ ਵਾਰੀ-ਵਾਰੀ ਦਫਤਰ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਜਿਸ ਤਰ੍ਹਾਂ ਦੇ ਪਾਰਟੀ 'ਚ ਹਾਲਾਤ ਬਣਾਏ ਹੋਏ ਹਨ ਉਸ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ। ਨੇਤਾਵਾਂ ਨੇ ਵੀ ਇਕ-ਦੂਸਰੇ ਦੀ ਪੋਲ ਖੋਲ੍ਹਣ ਵਿਚ ਕੋਈ ਕਸਰ ਨਹੀਂ ਛੱਡੀ।

ਸੰਘ ਅਧਿਕਾਰੀ ਨੇ ਜ਼ਿਲੇ ਦੇ ਨੇਤਾਵਾਂ ਨੂੰ 2 ਟੁਕ ਸ਼ਬਦਾਂ 'ਚ ਵਿਅਕਤੀ ਵਿਸ਼ੇਸ਼ ਦੀ ਬਜਾਏ ਵਿਚਾਰਧਾਰਾ ਦੇ ਨਾਲ ਚੱਲਣ ਦੀ ਨਸੀਹਤ ਦਿੱਤੀ। ਇੰਨਾ ਹੀ ਨਹੀਂ ਭਵਿੱਖ ਵਿਚ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਾ ਆਏ ਇਸ ਨੂੰ ਲੈ ਕੇ ਵੀ ਚੇਤਾਇਆ। ਇਸ ਸਮੇਂ ਲੁਧਿਆਣਾ ਭਾਜਪਾ ਕਈ ਧੜਿਆਂ ਵਿਚ ਵੰਡੀ ਹੋਈ ਹੈ, ਪਾਰਟੀ ਲੀਡਰਸ਼ਿਪ ਇਸ ਗੱਲ ਨੂੰ ਲੈ ਕੇ ਖਾਸਾ ਚਿੰਤਤ ਹੈ ਕਿ ਜੇ ਨੇਤਾਵਾਂ ਦੀ ਆਪਸੀ ਏਕਤਾ ਨਾ ਹੋਈ ਤਾਂ 2022 ਦਾ ਟੀਚਾ ਹਾਸਲ ਕਰਨਾ ਮੁਸ਼ਕਲ ਹੈ।
ਪਾਰਟੀ ਲੀਡਰਸ਼ਿਪ ਨੇ ਇਨ੍ਹਾਂ ਨੇਤਾਵਾਂ ਨਾਲ ਬੈਠਕ ਵਿਚ ਸਾਫ ਸ਼ਬਦਾਂ 'ਚ ਕਿਹਾ ਕਿ ਜੇ ਗੁੱੱਟਬੰਦੀ ਨੂੰ ਦੂਰ ਨਾ ਕੀਤਾ ਗਿਆ ਤਾਂ ਸੂਬੇ 'ਚ ਬਣ ਰਹੇ ਸਿਆਸੀ ਹਾਲਾਤ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਮਾਤ ਦੇਣਾ ਮੁਸ਼ਕਲ ਹੋ ਜਾਵੇਗਾ। ਪਾਰਟੀ ਲੀਡਰਸ਼ਿਪ ਨੇ ਇਨ੍ਹਾਂ ਨੇਤਾਵਾਂ ਨੂੰ ਇਹ ਵੀ ਸਮਝਾਇਆ ਕਿ ਧੜੇਬੰਦੀ ਤੋਂ ਉਨ੍ਹਾਂ ਨੂੰ ਕੁਝ ਹਾਸਲ ਨਹੀਂ ਹੋਵੇਗਾ, ਪਾਰਟੀ ਲੀਡਰਸ਼ਿਪ ਨਵੇਂ ਜ਼ਿਲਾ ਪ੍ਰਧਾਨ ਦਾ ਫੈਸਲਾ ਨੇਤਾਵਾਂ ਦੀ ਕਾਰਜ ਪ੍ਰਣਾਲੀ ਨੂੰ ਦੇਖਣ ਦੇ ਨਾਲ-ਨਾਲ ਵਰਕਰਾਂ ਤੋਂ ਉਨ੍ਹਾਂ ਦੇ ਬਾਰੇ 'ਚ ਰਾਏ ਲੈ ਕੇ ਹੀ ਕਰੇਗੀ। ਇਸ ਲਈ ਇਨ੍ਹਾਂ ਨੇਤਾਵਾਂ ਨੂੰ ਨਾ ਤਾਂ ਕਿਸੇ ਵੱਡੇ ਨੇਤਾ ਦੇ ਪੈਰ ਦਬਾਉਣ ਦੀ ਜ਼ਰੂਰਤ ਹੈ ਅਤੇ ਨਾ ਹੀ ਧੜੇਬੰਦੀ ਵਿਚ ਪੈਣ ਦੀ। ਪਾਰਟੀ ਵਰਕਰਾਂ ਅਤੇ ਧੜੇਬੰਦੀ ਤੋਂ ਰਹਿਤ ਨੇਤਾ ਨੂੰ ਹੀ ਨਵੇਂ ਜ਼ਿਲਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ।


Babita

Content Editor

Related News