ਭਾਜਪਾ ਦੀ ਸੰਕਲਪ ਯਾਤਰਾ 'ਚ ਭਿੜੇ ਮਨੋਰੰਜਨ ਕਾਲੀਆ ਤੇ ਰਾਕੇਸ਼ ਰਾਠੌਰ ਦੇ ਸਮਰਥਕ

11/17/2019 9:57:20 AM

ਜਲੰਧਰ (ਸੋਨੂੰ, ਕਮਲੇਸ਼) - ਜ਼ਿਲਾ ਜਲੰਧਰ ਭਾਜਪਾ ਨੇ ਗਾਂਧੀ ਸੰਕਲਪ ਯਾਤਰਾ ਲੋਕਾਂ ਨੂੰ ਅਹਿੰਸਾ ਦਾ ਪਾਠ ਪੜ੍ਹਾਉਣ ਲਈ ਕੱਢੀ ਸੀ ਪਰ ਇਸ ਦੇ ਉਲਟ ਭਾਜਪਾ ਦੇ 2 ਧੜਿਆਂ ਦੇ ਸਮਰਥਕ ਆਪਸ 'ਚ ਭਿੜ ਗਏ। ਇਸ ਘਟਨਾ ਸਬੰਧੀ ਇਕ ਵੀਡੀਓ ਵੀ ਵਾਇਰਲ ਹੋਇਆ ਹੈ, ਜੋ ਚਰਚਾ ਦਾ ਵਿਸ਼ਾ ਬਣ ਰਹੀ ਹੈ। ਜਾਣਕਾਰੀ ਅਨੁਸਾਰ ਭਾਜਪਾ ਨੇ 13 ਨਵੰਬਰ ਨੂੰ ਗਾਂਧੀ ਸੰਕਲਪ ਯਾਤਰਾ ਦੀ ਸ਼ੁਰੂਆਤ ਕੀਤੀ ਸੀ, ਜੋ 17 ਨਵੰਬਰ ਤੱਕ ਚੱਲਣੀ ਹੈ। ਬੀਤੇ ਦਿਨ ਇਸ ਯਾਤਰਾ ਦਾ ਆਯੋਜਨ ਰਾਮਾ ਮੰਡੀ 'ਚ ਕੀਤਾ ਗਿਆ, ਜਿਸ ਦੌਰਾਨ ਫਿਰ ਭਾਜਪਾ ਦੀ ਧੜੇਬੰਦੀ ਨਜ਼ਰ ਆਈ। ਯਾਤਰਾ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਮਗਰੋਂ 2 ਧੜੇ ਇਕ-ਦੂਜੇ ਦੇ ਆਗੂਆਂ ਖਿਲਾਫ ਮੁਰਦਾਬਾਦ ਦੇ ਨਾਅਰੇ ਲਾਉਣ ਲੱਗੇ, ਜਿਸ ਤੋਂ ਬਾਅਦ ਨੌਬਤ ਹੱਥੋਪਾਈ ਤੱਕ ਆ ਗਈ। ਪੁਲਸ ਨੇ ਆ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ। ਰੈਲੀ ਭਾਜਪਾ ਕੱਢ ਰਹੀ ਸੀ ਪਰ ਇਸ 'ਚ ਅਕਾਲੀ ਆਗੂ ਸ਼ਾਮਲ ਹੋ ਗਏ, ਜਿਨ੍ਹਾਂ ਨੇ ਝੜਪ 'ਚ ਖੁੱਲ੍ਹ ਕੇ ਹਿੱਸਾ ਲਿਆ। ਇਸ ਵਿਵਾਦ ਦੌਰਾਨ ਸਾਬਕਾ ਕੌਂਸਲਰ ਬਲਬੀਰ ਬਿੱਟੂ ਗੁੱਸੇ ਵਿਚ ਆ ਗਿਆ ਤੇ ਉਸ ਨੇ ਸੰਨੀ ਸ਼ਰਮਾ ਨੂੰ ਥੱਪੜ ਮਾਰ ਦਿੱਤਾ।

ਜ਼ਿਕਰਯੋਗ ਹੈ ਕਿ ਸਾਰਾ ਮਾਮਲਾ ਪਾਵਰ ਦਿਖਾਉਣ ਕਾਰਨ ਪੈਦਾ ਹੋਇਆ। ਕਾਲੀਆ ਪਿਛਲੇ ਕਾਫੀ ਸਮੇਂ ਤੋਂ ਸੈਂਟਰਲ ਹਲਕੇ 'ਚ ਸਰਗਰਮ ਹਨ। ਅਜਿਹੇ 'ਚ ਉਨ੍ਹਾਂ ਦੇ ਸਪੋਰਟਰ ਰਾਮਾ ਮੰਡੀ 'ਚ ਰਾਠੌਰ ਜ਼ਿੰਦਾਬਾਦ ਦੇ ਨਾਅਰੇ ਸੁਣ ਕੇ ਭੜਕ ਗਏ ਅਤੇ ਝਗੜੇ ਦੀ ਸ਼ੁਰੂਆਤ ਹੋਈ। ਸੂਤਰਾਂ ਮੁਤਾਬਕ ਵੀਰਵਾਰ ਨੂੰ ਭਾਜਪਾ ਵਲੋਂ ਕੱਢੀ ਗਈ ਰੈਲੀ 'ਚ ਬੈਨਰ ਫੜਨ ਨੂੰ ਲੈ ਕੇ ਦੋਵਾਂ ਧੜਿਆਂ 'ਚ ਬਹਿਸ ਹੋਈ ਸੀ ਪਰ ਉਸ ਦੌਰਾਨ ਗੱਲ ਹੱਥੋਪਾਈ ਤੱਕ ਨਹੀਂ ਪਹੁੰਚੀ ਸੀ। ਦੋਵਾਂ ਆਗੂਆਂ ਨੇ ਇਸ ਮਾਮਲੇ 'ਚ ਆਪਣੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸਾਬਕਾ ਕੌਂਸਲਰ ਬਿੱਟੂ ਵਿਆਨਾ ਗੋਲੀਕਾਂਡ 'ਚ ਸ਼ਾਮਲ ਰਿਹਾ ਸੀ, ਇਸ ਮਾਮਲੇ 'ਚ ਉਸ ਦੀ ਗ੍ਰਿਫਤਾਰੀ ਵੀ ਹੋਈ ਸੀ।

ਅਨੁਰਾਗ ਠਾਕੁਰ ਕਾਰਨ ਮਜ਼ਬੂਤ ਹੋ ਰਹੀ ਰਾਠੌਰ ਦੀ ਗਰਾਊਂਡ
ਸਭ ਜਾਣਦੇ ਹਨ ਕਿ ਰਾਕੇਸ਼ ਰਾਠੌਰ ਨੂੰ ਅਨੁਰਾਗ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਹੈ ਤੇ ਅਨੁਰਾਗ ਠਾਕੁਰ ਦੀ ਕੇਂਦਰ ਸਰਕਾਰ 'ਚ ਐਂਟਰੀ ਕਾਰਨ ਰਾਕੇਸ਼ ਰਾਠੌਰ ਦੀ ਪੈਠ ਵਧੀ ਹੈ। ਚਰਚਾ ਇਹ ਵੀ ਹੈ ਕਿ ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਰਾਕੇਸ਼ ਰਾਠੌਰ ਜਲੰਧਰ ਨਾਰਥ ਜਾਂ ਜਲੰਧਰ ਸੈਂਟਰਲ ਤੋਂ ਚੋਣ ਲੜ ਸਕਦੇ ਹਨ ਤੇ ਇਹ ਡਰ ਭਾਜਪਾ ਦੇ ਕਈ ਸੀਨੀਅਰ ਆਗੂਆਂ ਨੂੰ ਸਤਾ ਰਿਹਾ ਹੈ। ਰਾਠੌਰ ਨੂੰ ਟਿਕਟ ਦਿਵਾਉਣ 'ਚ ਅਨੁਰਾਗ ਠਾਕੁਰ ਅਹਿਮ ਭੂਮਿਕਾ ਨਿਭਾਅ ਸਕਦੇ ਹਨ।

ਸਪੋਰਟਸ ਹੱਬ ਪ੍ਰਾਜੈਕਟ ਨੂੰ ਲੈ ਕੇ ਹੋਇਆ ਸੀ ਵਿਰੋਧ
ਰਾਠੌਰ ਤੇ ਕਾਲੀਆ 'ਚ ਪਹਿਲਾਂ ਸਪੋਰਟਸ ਹੱਬ ਪ੍ਰਾਜੈਕਟ ਨੂੰ ਲੈ ਕੇ ਵਿਰੋਧ ਸਾਹਮਣੇ ਆ ਚੁੱਕਾ ਹੈ। ਰਾਠੌਰ ਇਕ ਸਪੋਰਟਸਮੈਨ ਹੋਣ ਕਾਰਣ ਜਲੰਧਰ 'ਚ ਸਪੋਰਟਸ ਹੱਬ ਪ੍ਰਾਜੈਕਟ ਲਿਆਉਣਾ ਚਾਹੁੰਦੇ ਸਨ। ਕਾਲੀਆ ਉਸ ਸਮੇਂ ਪੰਜਾਬ ਸਰਕਾਰ 'ਚ ਕੈਬਨਿਟ ਮੰਤਰੀ ਸਨ। ਰਾਠੌਰ ਨੇ ਦੱਖਣੀ ਭਾਰਤ ਦੀ ਇਕ ਫਰਮ ਨਾਲ ਇਸ ਪ੍ਰਾਜੈਕਟ ਬਾਰੇ ਗੱਲ ਕਰ ਲਈ ਸੀ ਪਰ ਕਾਲੀਆ ਦੇ ਵਿਰੋਧ ਕਾਰਨ ਇਹ ਪ੍ਰਾਜੈਕਟ ਸਫਲ ਨਹੀਂ ਹੋ ਸਕਿਆ।

ਸੈਂਟਰਲ ਹਲਕੇ ਵਿਚ ਦੂਜੀ ਵਾਰ ਕਿਉਂ ਹੋਈ ਰੈਲੀ!
ਗਾਂਧੀ ਸੰਕਲਪ ਯਾਤਰਾ ਤਹਿਤ ਸਭ ਤੋਂ ਪਹਿਲਾਂ ਕੈਂਟ ਹਲਕੇ ਤੋਂ ਰੈਲੀ ਦੀ ਸ਼ੁਰੂਆਤ ਹੋਈ ਸੀ। ਇਸ ਤੋਂ ਬਾਅਦ ਪੰਜਾਬ ਪ੍ਰਧਾਨ ਦੀ ਮੌਜੂਦਗੀ ਵਿਚ ਸੈਂਟਰਲ ਹਲਕੇ ਵਿਚ ਰੈਲੀ ਹੋਈ। ਸ਼ੁੱਕਰਵਾਰ ਨੂੰ ਵੈਸਟ ਹਲਕੇ ਵਿਚ ਰੈਲੀ ਹੋਈ। ਅੱਜ ਇਕ ਵਾਰ ਫਿਰ ਸੈਂਟਰਲ ਹਲਕੇ ਵਿਚ ਰੈਲੀ ਦਾ ਆਯੋਜਨ ਕੀਤਾ ਗਿਆ। ਐਤਵਾਰ ਨੂੰ ਨਾਰਥ ਹਲਕੇ ਵਿਚ ਰੈਲੀ ਕੱਢੀ ਜਾਵੇਗੀ। ਚਰਚਾ ਹੈ ਕਿ ਜੇਕਰ ਸ਼ਹਿਰ ਨੂੰ ਚਾਰ ਹਲਕਿਆਂ ਵਿਚ ਵੰਡਿਆ ਗਿਆ ਹੈ ਤਾਂ ਇਕ ਹੀ ਹਲਕੇ ਵਿਚ ਦੂਜੀ ਵਾਰ ਰੈਲੀ ਕਿਉਂ ਕੱਢੀ ਗਈ।

ਬਿੱਟੂ ਨੇ ਸ਼ੁਰੂ ਕੀਤੀ ਹੱਥੋਪਾਈ
ਵਾਇਰਲ ਵੀਡੀਓ ਵਿਚ ਇਹ ਨਜ਼ਰ ਆ ਰਿਹਾ ਹੈ ਕਿ ਸਾਬਕਾ ਕੌਂਸਲਰ ਬਲਬੀਰ ਸਿੰਘ ਬਿੱਟੂ ਨੇ ਹੱਥੋਪਾਈ ਦੀ ਸ਼ੁਰੂਆਤ ਕੀਤੀ ਸੀ। ਬਿੱਟੂ ਭਾਜਪਾ ਦੇ ਯੁਵਾ ਮੋਰਚਾ ਪ੍ਰਧਾਨ ਸੰਨੀ ਸ਼ਰਮਾ ਨਾਲ ਹੱਥੋਪਾਈ ਹੋਇਆ, ਜਿਸ ਤੋਂ ਬਾਅਦ ਸੰਨੀ ਨੂੰ ਥੱਪੜ ਮਾਰਨ 'ਤੇ ਵਿਵਾਦ ਹੋਰ ਵਧ ਗਿਆ ਸੀ, ਜਿਸ ਨਾਲ ਕੁਝ ਸਮੇਂ ਲਈ ਹਫੜਾ-ਤਫੜੀ ਮਚ ਗਈ ਸੀ। ਉਥੇ ਹੀ ਰਾਕੇਸ਼ ਰਾਠੌਰ ਤੇ ਰਮਨ ਪੱਬੀ ਨੇ ਸਮਝਦਾਰੀ ਨਾਲ ਕੰਮ ਕਰਦੇ ਹੋਏ ਸਾਰਿਆਂ ਨੂੰ ਸ਼ਾਂਤ ਕੀਤਾ।

ਪਾਰਟੀ 'ਚ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਰਮਨ ਪੱਬੀ
ਜ਼ਿਲਾ ਪ੍ਰਧਾਨ ਰਮਨ ਪੱਬੀ ਨੇ ਕਿਹਾ ਕਿ ਪਾਰਟੀ ਵਿਚ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮਾਮਲੇ ਸਬੰਧੀ ਭਾਜਪਾ ਦੇ ਸੀਨੀਅਰ ਨੇਤਾ ਅਸ਼ੋਕ ਗਾਂਧੀ ਦਾ ਕਹਿਣਾ ਹੈ ਕਿ ਪਾਰਟੀ ਇਸ ਮਾਮਲੇ ਸਬੰਧੀ ਚੁੱਪ ਬੈਠਣ ਵਾਲੀ ਨਹੀਂ ਹੈ। ਇਸ ਮਾਮਲੇ ਦੀ ਸੂਬਾ ਤੇ ਰਾਸ਼ਟਰੀ ਪ੍ਰਧਾਨ ਨੂੰ ਜਾਣਕਾਰੀ ਦਿੱਤੀ ਜਾਵੇਗੀ। ਜਿਸ ਨੇਤਾ ਨੇ ਸਾਬਕਾ ਕੌਂਸਲਰ ਬਿੱਟੂ ਨੂੰ ਬੁਲਾਇਆ ਸੀ, ਉਸ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਇਸ ਮਾਮਲੇ ਸਬੰਧੀ ਪੰਜਾਬ ਦੇ ਨੌਜਵਾਨਾਂ ਵਿਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਕਿਸ ਦੇ ਕਹਿਣ 'ਤੇ ਆਏ ਅਕਾਲੀ ਨੇਤਾ, ਗੈਂਗਸਟਰ ਅਤੇ ਨਸ਼ਾ ਸਮੱਗਲਰ!
ਰਾਮਾ ਮੰਡੀ 'ਚ ਭਾਜਪਾ ਦੀ ਨਿਕਲੀ ਸੰਕਲਪ ਰੈਲੀ 'ਚ ਅਕਾਲੀ ਦਲ ਦੇ ਵਰਕਰ ਸ਼ਾਮਲ ਹੋ ਗਏ ਸਨ, ਜਦਕਿ ਇਹ ਯਾਤਰਾ ਸਿਰਫ ਭਾਜਪਾ ਹੀ ਕੱਢ ਰਹੀ ਸੀ। ਇਸ ਰੈਲੀ 'ਚ ਗੈਂਗਸਟਰ ਅਤੇ ਨਸ਼ਾ ਸਮੱਗਲਰਾਂ ਨੂੰ ਕੌਣ ਬੁਲਾ ਕੇ ਲਿਆਇਆ ਸੀ, ਜਿਨ੍ਹਾਂ ਨੇ ਭਾਜਪਾ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ। ਸੂਤਰਾਂ ਮੁਤਾਬਕ ਜ਼ਿਲਾ ਭਾਜਪਾ ਪ੍ਰਧਾਨ ਇਸ ਸਾਰੀ ਘਟਨਾ ਸਬੰਧੀ ਇਕ ਵੱਡੀ ਕਾਰਵਾਈ ਕਰਨ ਦੇ ਮੂਡ 'ਚ ਹੈ। ਪੂਰੇ ਸ਼ਹਿਰ 'ਚ ਹਰ ਦਿਨ ਸ਼ਾਂਤ ਤਰੀਕੇ ਨਾਲ ਸੰਕਲਪ ਰੈਲੀਆਂ ਨਿਕਲੀਆਂ ਤਾਂ ਫਿਰ ਰਾਮਾ ਮੰਡੀ 'ਚ ਵਿਵਾਦ ਕਿਵੇਂ ਹੋਇਆ। ਇਸ ਪ੍ਰੋਗਰਾਮ ਦੀ ਫੋਟੋ ਅਤੇ ਵੀਡੀਓ ਰਿਕਾਰਡਿੰਗ ਕੱਢੀ ਜਾ ਰਹੀ ਹੈ, ਜਿਸ 'ਚ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਜੋ ਮਾਹੌਲ ਨੂੰ ਖ਼ਰਾਬ ਕਰਨ ਲਈ ਸੰਕਲਪ ਰੈਲੀ 'ਚ ਸ਼ਾਮਲ ਹੋਏ ਸਨ। ਸੂਤਰਾਂ ਮੁਤਾਬਕ ਇਸ ਰੈਲੀ 'ਚ ਸੀਨੀਅਰ ਭਾਜਪਾ ਨੇਤਾ ਦਾ ਮਾਈਕ ਫੜ ਕੇ ਕਿਸੇ ਅਕਾਲੀ ਨੇਤਾ ਨੂੰ ਫੜਾਉਣਾ ਇਹ ਹੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

rajwinder kaur

This news is Content Editor rajwinder kaur