ਕਿਸਾਨ ਮੋਰਚਾ ਭਾਜਪਾ ਨੇ ਮੰਗਾਂ ਸਬੰਧੀ ਡੀ. ਸੀ. ਨੂੰ ਦਿੱਤਾ ਮੰਗ-ਪੱਤਰ

08/03/2017 7:06:31 AM

ਕਪੂਰਥਲਾ, (ਗੁਰਵਿੰਦਰ ਕੌਰ, ਮੱਲ੍ਹੀ)- ਕਿਸਾਨ ਮੋਰਚਾ ਭਾਜਪਾ ਕਪੂਰਥਲਾ ਦਾ ਵਫਦ ਜ਼ਿਲਾ ਪ੍ਰਧਾਨ ਡਾ. ਬਲਜੀਤ ਸਿੰਘ ਲਾਲੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਨੂੰ ਮਿਲਿਆ। ਇਸ ਮੌਕੇ ਵਫਦ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਸਬੰਧੀ ਇਕ ਮੰਗ-ਪੱਤਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਡੀ. ਸੀ. ਨੂੰ ਦਿੱਤਾ। ਇਸ ਦੌਰਾਨ ਵਫਦ ਨੇ ਦੱਸਿਆ ਕਿ ਕਾਂਗਰਸ ਨੇ ਚੋਣ ਮੁਹਿੰਮ ਦੌਰਾਨ ਕਰਜ਼ਾ ਕੁਰਕੀ ਖਤਮ ਕਰਨ ਤੇ ਫਸਲ ਦੀ ਪੂਰੀ ਰਕਮ ਦਾ ਨਾਅਰਾ ਦਿੱਤਾ ਸੀ ਤੇ ਵਾਅਦਾ ਕੀਤਾ ਸੀ ਕਿ ਪਹਿਲੀ ਕੈਬਨਿਟ ਮੀਟਿੰਗ 'ਚ ਕਿਸਾਨਾਂ ਦਾ ਹਰ ਤਰ੍ਹਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ ਪਰ ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਉਪਰੋਕਤ ਵਾਅਦੇ ਤੋਂ ਮੁਕਰ ਰਹੇ ਹਨ ਤੇ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਤੇ ਕੇਂਦਰੀ ਵਿੱਤ ਮੰਤਰੀ ਨਾਲ ਮਿਲ ਕੇ ਕਰਜ਼ਾ ਮੁਆਫੀ ਦੀ ਗੱਲ ਕੀਤੀ ਜਾ ਰਹੀ ਹੈ ਤੇ ਕਦੇ ਪੰਜਾਬ ਦੀ ਮਾਲੀ ਹਾਲਤ ਖਰਾਬ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਕਿਸਾਨਾਂ ਨੂੰ ਲਾਰਿਆਂ 'ਚ ਰੱਖਿਆ ਜਾ ਰਿਹਾ ਹੈ ਤੇ ਕਾਂਗਰਸ ਸਰਕਾਰ ਵੱਲੋਂ ਆਪਣੀ ਪਹਿਲੀ ਮੀਟਿੰਗ 'ਚ ਵਾਅਦੇ ਅਨੁਸਾਰ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰੇ ਤੇ ਬਾਰਿਸ਼ ਦੇ ਕਾਰਨ ਰਜਬਾਹੇ ਤੇ ਸੂਏ ਟੁੱਟਣ ਕਾਰਨ ਕਈ ਏਕੜ ਖੇਤੀ ਪਾਣੀ ਨਾਲ ਬਰਬਾਦ ਹੋ ਰਹੀ ਹੈ। ਇਨ੍ਹਾਂ ਪੀੜਤ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਤੇ ਮਈ-ਜੂਨ ਦੇ ਮਹੀਨੇ 'ਚ ਗਰਮੀ ਦੇ ਕਾਰਨ ਸੜੀਆਂ ਫਸਲਾਂ ਦਾ ਜੋ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਦੇਣਾ ਸੀ ਉਹ ਅਜੇ ਤੱਕ ਨਹੀਂ ਦਿੱਤਾ ਗਿਆ, ਉਹ ਵੀ ਤੁਰੰਤ ਦਿੱਤਾ ਜਾਵੇ। 
ਚੋਣ ਮੈਨੀਫੈਸਟੋ 'ਚ ਕੀਤੇ ਵਾਅਦਿਆਂ ਅਨੁਸਾਰ ਬਿਨਾਂ ਰੁਕਾਵਟ ਪੇਂਡੂ ਵਿਕਾਸ ਲਈ ਵੱਖਰਾ ਰੂਰਲ ਇਨਫ੍ਰਾਸਟਰੱਕਚਰ ਡਿਵੈੱਲਪਮੈਂਟ ਫੰਡ ਬਣਾਇਆ ਜਾਵੇ, ਪੇਂਡੂ ਖੇਤਰ 'ਚ ਹਰ ਘਰ 'ਚ ਟਾਇਲਟ ਬਣਾਈ ਜਾਵੇ ਤੇ ਪੀਣ ਦਾ ਪਾਣੀ ਮੁਹੱਈਆ ਕਰਵਾਇਆ ਜਾਵੇ। ਇਸ ਦੇ ਨਾਲ-ਨਾਲ ਪਿੰਡਾਂ ਦੇ ਛੱਪੜਾਂ ਨੂੰ ਸਾਫ ਕਰ ਕੇ ਇਸ ਦੀ ਦਿੱਖ ਸੁਧਾਰੀ ਜਾਵੇ। ਇਸ ਮੌਕੇ ਉਪ ਪ੍ਰਧਾਨ ਰਮੇਸ਼ ਸ਼ਰਮਾ, ਜਗਦੀਸ਼ ਸ਼ਰਮਾ, ਜ਼ਿਲਾ ਸਕੱਤਰ ਅਸ਼ੋਕ ਮਾਹਲਾ, ਬਲਵਿੰਦਰ ਸਿੰਘ, ਜਨਰਲ ਸਕੱਤਰ ਕਿਸਾਨ ਮੋਰਚਾ ਵਿਕਰਮ ਸੌਂਧੀ, ਪੰਨਾ ਲਾਲ ਸੇਤੀਆ, ਸੰਦੀਪ ਸ਼ਰਮਾ, ਬਾਵਾ ਸਤਨਾਮ ਸਿੰਘ, ਸੁਰਿੰਦਰ ਸਿੰਘ, ਮਲੂਕ ਸਿੰਘ, ਸੁਸ਼ੀਲ ਭੱਲਾ, ਕੁਲਵੰਤ ਸਿੰਘ, ਪ੍ਰੇਮ ਅਗਰਵਾਲ, ਰਾਜ ਕਲਿਆਣ, ਬਲਬੀਰ ਸਿੰਘ ਆਦਿ ਹਾਜ਼ਰ ਸਨ।