ਸੂਬਿਆਂ ਵਿਚ ਜਾਇਦਾਦ ਦੇ ਅਧਿਕਾਰ ’ਤੇ ਭਾਜਪਾ ਦੀ ਨੀਤੀ ਆਪਾਵਿਰੋਧੀ : ਡਾ. ਚੀਮਾ

10/29/2020 1:26:01 AM

ਚੰਡੀਗੜ੍ਹ,(ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਬੁੱਧਵਾਰ ਨੂੰ ਵੱਖ-ਵੱਖ ਸੂਬਿਆਂ ਵਿਚ ਨਾਗਰਿਕਾਂ ਵਾਸਤੇ ਜ਼ਮੀਨ ਦੀ ਮਲਕੀਅਤ ਦੇ ਹੱਕ ’ਤੇ ਕੇਂਦਰ ਤੇ ਸੂਬਿਆਂ ਵਿਚ ਭਾਜਪਾ ਸਰਕਾਰਾਂ ਦੇ ਦੋਗਲੇਪਨ ਦੀ ਜ਼ੋਰਦਾਰ ਨਿਖੇਧੀ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਤਹਿਤ ਗੁਜਰਾਤ ਤੇ ਰਾਜਸਥਾਨ ਵਿਚ ਪੰਜਾਬ ਦੇ ਕਿਸਾਨਾਂ ਨੂੰ ਜਾਇਦਾਦ ਦੇ ਮਾਲਕੀ ਹੱਕ ਦੀ ਆਗਿਆ ਤੋਂ ਵਾਂਝਾ ਕਰਨਾ ਤੇ ਜੰਮੂ-ਕਸ਼ਮੀਰ ਵਿਚ ਬਾਹਰੀ ਲੋਕਾਂ ਨੂੰ ਮਾਲਕੀ ਹੱਕ ਦਾ ਅਧਿਕਾਰ ਦੇਣਾ ਆਪਾਵਿਰੋਧੀ ਹੈ।

ਚੀਮਾ ਨੇ ਕਿਹਾ ਕਿ ਇਹ ਜਾਣਬੁੱਝ ਕੇ ਕੀਤਾ ਗਿਆ ਹੈ, ਇਨ੍ਹਾਂ ਮਾਪਦੰਡਾਂ ਤੋਂ ਸੰਪ੍ਰਦਾਇਕਤਾ ਦੀ ਬਦਬੂ ਆ ਰਹੀ ਹੈ। ਕੀ ਇਹ ਅਜੀਬ ਨਹੀਂ ਹੈ ਕਿ ਪੰਜਾਬ ਤੇ ਜੰਮੂ-ਕਸ਼ਮੀਰ ਵਿਚ ਖੇਤੀ ਵਾਲੀ ਜ਼ਮੀਨ ਕੋਈ ਵੀ ਖਰੀਦ ਸਕਦਾ ਹੈ, ਜਿਥੇ ਦੇਸ਼ ਦੇ 2 ਮੁੱਖ ਘੱਟਗਿਣਤੀ ਭਾਈਚਾਰੇ ਬਹੁਤ ਜ਼ਿਆਦਾ ਹਨ, ਉਥੇ ਹੀ ਪੰਜਾਬੀਆਂ ਨੂੰ ਵਿਸੇਸ਼ ਤੌਰ ’ਤੇ ਗੁਜਰਾਤ ਤੇ ਰਾਜਸਥਾਨ ਵਿਚ ਬਰਾਬਰ ਅਧਿਕਾਰਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਕਿਸੇ ਵੀ ਭਾਰਤੀ ਨਾਗਰਿਕ ਨੂੰ ਹਿਮਾਚਲ ਪ੍ਰਦੇਸ਼ ਵਿਚ ਖੇਤੀਯੋਗ ਜ਼ਮੀਨ ਖਰੀਦਣ ਦਾ ਅਧਿਕਾਰ ਕਿਉਂ ਨਹੀਂ ਹੈ? ਕੀ ਹਿਮਾਚਲ ਦੇਸ਼ ਦਾ ਅਟੁੱਟ ਅੰਗ ਨਹੀਂ ਹੈ?

Bharat Thapa

This news is Content Editor Bharat Thapa