ਅੰਮ੍ਰਿਤਪਾਲ ਤੋਂ ਲੈ ਕੇ ਖਾਲਿਸਤਾਨ ਵਰਗੇ ਮੁੱਦਿਆਂ ’ਤੇ ਖੁੱਲ੍ਹ ਕੇ ਬੋਲੇ ਮਨਿੰਦਰਜੀਤ ਸਿੰਘ ਬਿੱਟਾ

03/08/2023 6:46:54 PM

ਜਲੰਧਰ (ਅਨਿਲ ਪਾਹਵਾ) : ਪੰਜਾਬ ’ਚ ਖਾਲਿਸਤਾਨ ਦੇ ਨਾਂ ’ਤੇ ਕੁਝ ਲੋਕ ਆਪਣੀ ਸਿਆਸਤ ਚਮਕਾਉਣ ਦਾ ਯਤਨ ਕਰ ਰਹੇ ਹਨ ਪਰ ਪੰਜਾਬ ਦੇ ਲੋਕ ਇਨ੍ਹਾਂ ਦੀਆਂ ਸਾਜ਼ਿਸ਼ਾਂ ਤੋਂ ਚੰਗੀ ਤਰ੍ਹਾਂ ਨਾਲ ਵਾਕਿਫ ਹਨ ਕਿਉਂਕਿ ਇਥੋਂ ਦੇ ਲੋਕਾਂ ਨੇ ਅਜਿਹੇ ਕਾਲੇ ਦੌਰ ਦੇਖੇ ਹਨ, ਜਿਸ ਵਿਚ ਪਿੰਡ ਦੇ ਪਿੰਡ ਉੱਜੜ ਗਏ। ਇਹ ਕਹਿਣਾ ਹੈ ਆਲ ਇੰਡੀਆ ਐਂਟੀ ਟੈਰੇਰਿਸਟ ਫਰੰਟ ਦੇ ਮੁਖੀ ਮਨਿੰਦਰਜੀਤ ਸਿੰਘ ਬਿੱਟਾ ਦਾ। ਬਿੱਟਾ ਨੇ ਖਾਲਿਸਤਾਨ ਤੋਂ ਲੈ ਕੇ ਅੰਮ੍ਰਿਤਪਾਲ ਸਿੰਘ ਅਤੇ ਸਿੱਖ ਸਮਾਜ ਦੇ ਧਰਮ ਪ੍ਰਚਾਰਕਾਂ ਤੋਂ ਲੈ ਕੇ ਇਨ੍ਹਾਂ ਸਾਜ਼ਿਸ਼ਾਂ ਨਾਲ 2-2 ਹੱਥ ਕਰਨ ਦਾ ਦਮ ਰੱਖਣ ਵਾਲੇ ਲੋਕਾਂ ਬਾਰੇ ਖੁੱਲ੍ਹ ਕੇ ਜਵਾਬ ਦਿੱਤੇ। ਪੇਸ਼ ਹਨ ਉਨ੍ਹਾਂ ਨਾਲ ਗੱਲਬਾਤ ਦੇ ਪ੍ਰਮੁੱਖ ਅੰਸ਼ :-

ਸਵਾਲ : ਅਚਾਨਕ ਖਾਲਿਸਤਾਨ ਦੀ ਚਰਚਾ ਕਿਉਂ?
ਜਵਾਬ : ਪੰਜਾਬ ’ਚ ਕੁਝ ਦੇਰ ਤੋਂ ਖਾਲਿਸਤਾਨ ਨੂੰ ਲੈ ਕੇ ਇਕ ਵਾਰ ਫਿਰ ਚਰਚਾ ਤੇਜ਼ ਹੋ ਗਈ ਹੈ। ਖਾਲਿਸਤਾਨ ਨੂੰ ਲੈ ਕੇ ਕੰਧਾਂ ’ਤੇ ਨਾਅਰੇ ਲਿਖੇ ਜਾ ਰਹੇ ਹਨ, ਜਨਤਕ ਸਥਾਨਾਂ ’ਤੇ ਖਾਲਿਸਤਾਨ ਦੇ ਪੱਖ ਵਿਚ ਨਾਅਰੇ ਲਾਏ ਜਾ ਰਹੇ ਹਨ ਅਤੇ ਇਹ ਤਰਾਸਦੀ ਹੈ ਕਿ ਇਸ ਖਾਲਿਸਤਾਨ ਦੀ ਸੋਚ ਕਾਰਨ ਪੰਜਾਬ ਵਿਚ 36,000 ਦੇ ਕਰੀਬ ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਖਾਲਿਸਤਾਨ ਦੀ ਸੋਚ ਰੱਖਣ ਵਾਲਿਆਂ ਨੂੰ ਮੇਰਾ ਇਕ ਹੀ ਸਵਾਲ ਹੈ ਕਿ ਕੀ ਕਦੇ ਇਨ੍ਹਾਂ 36,000 ਲੋਕਾਂ ਦੇ ਘਰਾਂ ਵਿਚ ਜਾ ਕੇ ਦੇਖਿਆ ਕਿ ਉਨ੍ਹਾਂ ਦਾ ਕੀ ਹਾਲ ਹੋਇਆ। ਉਨ੍ਹਾਂ ਲੋਕਾਂ ਦੇ ਘਰਾਂ ਵਿਚ ਜਾ ਕੇ ਦੇਖਿਅਾ, ਜੋ ਪਿੰਡ ਖਾਲੀ ਕਰ ਕੇ ਜਾਂ ਤਾਂ ਦੂਜੀ ਜਗ੍ਹਾ ਚਲੇ ਗਏ ਜਾਂ ਫਿਰ ਵਿਦੇਸ਼ ਵਿਚ ਜਾ ਕੇ ਵੱਸ ਗਏ।

ਇਹ ਵੀ ਪੜ੍ਹੋ : ਕਾਂਗਰਸ ਨੇ ਰਾਜਪਾਲ ਨੂੰ ਸੌਂਪਿਆ ਮੀਮੋ, ਹਾਈ ਕੋਰਟ ਦੇ ਜੱਜ ਤੋਂ ਸ਼ਰਾਬ ਨੀਤੀ ਦੀ ਜਾਂਚ ਕਰਵਾਉਣ ਦਾ ਕੀਤੀ ਬੇਨਤੀ

ਸਵਾਲ : ਕੌਣ ਹਨ, ਜੋ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ?
ਜਵਾਬ : ਪੰਜਾਬ ਵਿਚ ਕੁਝ ਅਜਿਹੇ ਲੋਕ ਹਨ, ਜੋ ਜਾਂ ਤਾਂ ਸੁਰੱਖਿਆ ਲੈਣਾ ਚਾਹੁੰਦੇ ਹਨ ਜਾਂ ਫਿਰ ਪਾਵਰ ਵਿਚ ਆਉਣਾ ਚਾਹੁੰਦੇ ਹਨ। ਇਕ ਸ਼੍ਰੇਣੀ ਉਹ ਵੀ ਹੈ ਜੋ ਵਿਦੇਸ਼ਾਂ ਤੋਂ ਫੰਡਿੰਗ ਦੀ ਇੱਛੁਕ ਹਨ। ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ ਅਤੇ ਇਨ੍ਹਾਂ ਦੇ ਹੀ ਮੂੰਹ ਵਿਚੋਂ ਹਿੰਦੂ-ਸਿੱਖ ਏਕਤਾ ਖਿਲਾਫ ਗੱਲਾਂ ਬੋਲੀਆਂ ਜਾ ਰਹੀਆਂ ਹਨ। ਪੰਜਾਬ ਵਿਚ ਹਿੰਦੂ-ਸਿੱਖ ਦਰਮਿਆਨ ਨਹੁੰ-ਮਾਸ ਦਾ ਇਕ ਰਿਸ਼ਤਾ ਹੈ, ਜਿਸ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ। ਕੋਸ਼ਿਸ਼ਾਂ ਬਹੁਤ ਹੋਈਆਂ ਪਰ ਸਫਲਤਾ ਨਹੀਂ ਮਿਲੀ। ਅਜਿਹਾ ਕੋਈ ਅਾਮ ਨਾਗਰਿਕ ਪੰਜਾਬ ਦਾ ਨਹੀਂ ਹੈ, ਜੋ ਖਾਲਿਸਤਾਨ ਦੀ ਗੱਲ ਕਰਦਾ ਹੋਵੇ ਕਿਉਂਕਿ ਇਥੋਂ ਦੇ ਲੋਕਾਂ ਨੇ ਉਨ੍ਹਾਂ ਕਾਲੇ ਦਿਨਾਂ ਨੂੰ ਦੇਖਿਆ ਹੈ, ਜਿਸ ਬਾਰੇ ਸੋਚ ਕੇ ਅੱਜ ਵੀ ਰੌਂਗਟੇ ਖੜੇ ਹੋ ਜਾਂਦੇ ਹਨ।

ਸਵਾਲ : ਅੰਮ੍ਰਿਤਪਾਲ ਸਿੰਘ ਦੀ ਪੰਜਾਬ ’ਚ ਐਂਟਰੀ ’ਤੇ ਕੀ ਕਹੋਗੇ?
ਜਵਾਬ : ਮੈਂ ਤਾਂ ਹੈਰਾਨ ਹਾਂ ਕਿ ਜਦੋਂ ਹਰ ਪਿੰਡ, ਹਰ ਸ਼ਹਿਰ ਵਿਚ ਖੰਡਾ ਸਾਹਿਬ ਦੇ ਨਾਲ ਝੰਡਾ ਲਹਿਰਾ ਰਿਹਾ ਹੈ ਅਤੇ ਹਰ ਗਲੀ-ਮੁਹੱਲੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਨਾ ਕਿਸੇ ਰੂਪ ਵਿਚ ਸੁਸ਼ੋਭਿਤ ਹਨ ਤਾਂ ਫਿਰ ਖਾਲਿਸਤਾਨ ਦਾ ਮਤਲਬ ਕੀ ਹੈ। ਮੈਂ ਹੈਰਾਨ ਹਾਂ ਕਿ ਅੰਮ੍ਰਿਤਪਾਲ ਸਿੰਘ ਵਰਗੇ ਲੋਕ ਜਾਣਬੁੱਝ ਕੇ ਪੰਗੇ ਪਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਣੇ ਵਿਚ ਲਿਜਾਣਾ ਕਿੰਨਾ ਸਹੀ ਸੀ, ਜਿੱਥੇ ਨਸ਼ੇੜੀ, ਅਪਰਾਧੀ ਅਤੇ ਪਤਾ ਨਹੀਂ ਕਿਵੇਂ-ਕਿਵੇਂ ਦੇ ਲੋਕ ਰੱਖੇ ਜਾਂਦੇ ਹਨ। ਕੀ ਇਹ ਗੁਰੂ ਸਾਹਿਬ ਦਾ ਅਪਮਾਨ ਨਹੀਂ ਸੀ। ਮੈਂ ਤਾਂ ਅੰਮ੍ਰਿਤਪਾਲ ਕੋਲੋਂ ਇਹ ਵੀ ਪੁੱਛਦਾ ਹਾਂ ਕਿ ਪੰਜਾਬ ਵਿਚ ਨਸ਼ਾ ਅਤੇ ਕੈਂਸਰ ਵਰਗੀਆ ਵੱਡੀਆਂ ਸਮੱਸਿਆਵਾਂ ਹਨ, ਇਨ੍ਹਾਂ ਲਈ ਉਸ ਨੇ ਕੀ ਕੀਤਾ ਹੈ, ਜੇਕਰ ਉਹ ਸਹੀ ਵਿਚ ਪੰਜਾਬ ਦਾ ਹਮਾਇਤੀ ਹੈ ਤਾਂ ਕੈਂਸਰ ਨਾਲ ਲੜ ਰਹੇ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਵੇ।

ਸਵਾਲ : ਸਿੱਖ ਬੰਦੀਆਂ ’ਤੇ ਅੰਮ੍ਰਿਤਪਾਲ ਦੇ ਸਟੈਂਡ ’ਤੇ ਕੀ ਕਹੋਗੇ ਤੁਸੀਂ?
ਜਵਾਬ : ਮੇਰੇ ਉੱਪਰ ਹਮਲੇ ਹੋਏ, ਬੰਬ ਬਲਾਸਟ ਹੋਇਆ, 35 ਲੋਕ ਮਰ ਗਏ, 90 ਲੋਕ ਜ਼ਖਮੀ ਹੋ ਗਏ। ਇਨ੍ਹਾਂ ਲੋਕਾਂ ਨੇ ਕੀ ਬੁਰਾ ਕੰਮ ਕੀਤਾ ਸੀ। ਮੈਂ ਕਿਸ ’ਤੇ ਗੋਲੀ ਚਲਾਈ ਸੀ, ਜੋ ਮੇਰੇ ਉੱਪਰ ਹਮਲਾ ਹੋਇਆ ਪਰ ਹਮਲਾ ਕਰਨ ਵਾਲਿਆਂ ਨੂੰ ਕੀ ਸਜ਼ਾ ਨਹੀਂ ਮਿਲਣੀ ਚਾਹੀਦੀ। ਮੈਂ ਤਾਂ ਕਹਿੰਦਾ ਹਾਂ ਕਿ ਬੰਦੀ ਸਿੰਘ ਨਹੀਂ ਇਨ੍ਹਾਂ ਨੂੰ ਮੌਤ ਦੇ ਸੌਦਾਗਰ ਕਹਿਣਾ ਚਾਹੀਦਾ ਹੈ। ਮੇਰਾ ਤਾਂ ਇਹ ਮੰਨਣਾ ਹੈ ਕਿ ਰਾਜੀਵ ਗਾਂਧੀ ਦੇ ਹੱਤਿਆਰਿਆਂ ਦੀ ਸਜ਼ਾ ਮੁਆਫੀ ’ਤੇ ਰਾਹੁਲ ਗਾਂਧੀ ਨੇ ਕਿਉਂ ਕੋਈ ਯਾਤਰਾ ਨਹੀਂ ਕੱਢੀ। ਉਦੋਂ ਉਨ੍ਹਾਂ ਨੂੰ ਕਿਉਂ ਨਹੀਂ ਲੱਗਾ ਕਿ ਇਸ ਫੈਸਲੇ ਖਿਲਾਫ ਧਰਨਾ ਲੱਗਣਾ ਚਾਹੀਦਾ ਹੈ। ਇਕ ਬਹੁਤ ਦੁੱਖ ਦੀ ਗੱਲ ਹੈ ਕਿ ਲੋਕਾਂ ਦੇ ਜ਼ਮੀਰ ਮਰ ਚੁੱਕੇ ਹਨ।

ਸਵਾਲ : ਜਦੋਂ ਸਜ਼ਾ ਪੂਰੀ ਤਾਂ ਰਿਹਾਈ ਕਿਉਂ ਨਹੀਂ?
ਜਵਾਬ : ਕਿਸ ਦੀ ਸਜ਼ਾ ਪੂਰੀ ਹੋਈ, ਅਸੀਂ ਗੱਲ ਮੇਰੇ ਉਪਰ ਹਮਲਾ ਕਰਨ ਵਾਲੇ ਭੁੱਲਰ ਦੀ ਹੀ ਕਰ ਲੈਂਦੇ ਹਾਂ। ਭੁੱਲਰ ਨੂੰ ਮੌਤ ਦੀ ਸਜ਼ਾ ਮਿਲੀ ਸੀ ਪਰ ਕੁਝ ਮਹਿੰਗੇ ਵਕੀਲਾਂ ਨੇ ਉਸ ਦੇ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੋਣ ਦਾ ਦਾਅਵਾ ਕਰ ਕੇ ਸਜ਼ਾ ਘੱਟ ਕਰਵਾ ਲਈ ਪਰ ਪੰਜਾਬ ਵਿਚ ਜੋ 36,000 ਲੋਕ ਬੇਵਜ੍ਹਾ ਮਰੇ ਹਨ, ਉਨ੍ਹਾਂ ਨੂੰ ਇਨਸਾਫ ਕਦੋਂ ਮਿਲੇਗਾ। ਭੁੱਲਰ ਜਦੋਂ ਤੱਕ ਜਾਨ ਹੈ, ਉਸ ਨੂੰ ਉਦੋਂ ਤੱਕ ਜੇਲ ਵਿਚ ਰਹਿਣਾ ਪਵੇਗਾ।

ਸਵਾਲ : ਅਜਨਾਲਾ ਘਟਨਾ ’ਤੇ ਕੀ ਕਹੋਗੇ ਤੁਸੀਂ?
ਜਵਾਬ : ਇਹ ਇਕ ਵੱਡੀ ਸਾਜ਼ਿਸ਼ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਢਾਲ ਵਜੋਂ ਜਿਸ ਤਰ੍ਹਾਂ ਇਸਤੇਮਾਲ ਕਰ ਕੇ ਲਿਜਾਇਆ ਗਿਆ, ਉਹ ਸ਼ਰਮ ਵਾਲੀ ਗੱਲ ਹੈ। ਖੁਦਾ ਨਾ ਖਾਸਤਾ ਕੁਝ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੁੰਦਾ। ਕੁਝ ਕਿਲੋਮੀਟਰ ਦੂਰ ਪਾਕਿਸਤਾਨ ਵਿਚ ਬੈਠੀ ਆਈ. ਐੱਸ. ਆਈ. ਨੂੰ ਇਕ ਹੋਰ ਮੌਕਾ ਮਿਲ ਜਾਂਦਾ ਪੰਜਾਬ ਵਿਚ ਮਾਹੌਲ ਖਰਾਬ ਕਰਨ ਦਾ। ਮੈਂ ਤਾਂ ਇਸ ਗੱਲ ’ਤੇ ਹੈਰਾਨ ਹਾਂ ਕਿ ਜਿਸ ਪਾਕਿਸਤਾਨ ਦਾ ਦੀਵਾਲੀਆ ਨਿਕਲ ਗਿਆ ਹੈ, ਆਖਿਰ ਅਜਿਹੇ ਦੇਸ਼ ਤੋਂ ਇਨ੍ਹਾਂ ਪੰਜਾਬ ਵਿਰੋਧੀ ਅਤੇ ਖਾਲਿਸਤਾਨ ਹਮਾਇਤੀਆਂ ਨੂੰ ਉਮੀਦ ਕੀ ਹੈ।

ਇਹ ਵੀ ਪੜ੍ਹੋ : ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਜਵਾਨ ਦੇ ਹੋਏ ਕਤਲ ਮਗਰੋਂ ਸ਼ਹਿਰ ਪੁਲਸ ਛਾਉਣੀ 'ਚ ਤਬਦੀਲ

ਸਵਾਲ : ਪਨੂੰ ਦੀਆਂ ਧਮਕੀਆਂ ਦਾ ਕੀ?
ਜਵਾਬ : ਪਨੂੰ ਸਿਰਫ ਤੇ ਸਿਰਫ ਆਈ. ਐੱਸ. ਆਈ. ਅਤੇ ਚੀਨ ਦਾ ਏਜੰਟ ਹੈ, ਜਿਸ ਦਾ ਕੰਮ ਭਾਰਤ ਖਾਸ ਕਰ ਕੇ ਪੰਜਾਬ ਵਿਚ ਲੋਕਾਂ ਨੂੰ ਡਰਾਉਣਾ-ਧਮਕਾਉਣਾ ਹੈ। ਖਾਲਿਸਤਾਨ ਦੇ ਨਾਅਰੇ ਕੰਧਾਂ ’ਤੇ ਲਿਖਵਾ ਕੇ ਉਹ ਅਾਪਣੀ ਦੁਕਾਨਦਾਰੀ ਚਲਾ ਰਿਹਾ ਹੈ। ਨਾਅਰੇ ਲਗਾਉਣ ਨਾਲ ਕੁਝ ਨਹੀਂ ਹੋਵੇਗਾ, ਮੈਂ ਤਾਂ ਇਹ ਹੀ ਕਹਾਂਗਾ ਕਿ ਜਿਥੇ ਵੀ ਪਨੂੰ ਵਰਗੇ ਲੋਕ ਖਾਲਿਸਤਾਨ ਦੇ ਨਾਅਰੇ ਲਿਖਵਾਉਣ, ਉਥੇ ਉਨ੍ਹਾਂ ਨੂੰ ਮਿਟਾ ਕੇ ਭਾਰਤ ਮਾਤਾ ਦੇ ਪੱਖ ਵਿਚ ਨਾਅਰੇ ਲਿਖੇ ਜਾਣੇ ਚਾਹੀਦੇ ਹਨ। ਇਸ ਤਰ੍ਹਾਂ ਦਾ ਮਾਹੌਲ ਬਣਾ ਕੇ ਪੰਜਾਬ ਤੋਂ ਵਪਾਰ ਅਤੇ ਵਪਾਰੀਆਂ ਨੂੰ ਭਜਾਉਣ ਦੀ ਸਾਜ਼ਿਸ਼ ਹੋ ਰਹੀ ਹੈ, ਜਿਸ ਨੂੰ ਸਾਨੂੰ ਸਾਰਿਆਂ ਨੂੰ ਮਿਲ ਕੇ ਅਸਫਲ ਬਣਾਉਣਾ ਪਵੇਗਾ। ਜੀ-20 ਸੰਮੇਲਨ ਕਾਰਨ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਪਰ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਇਸ ਸੰਬੰਧੀ ਚੌਕਸ ਹੋ ਕੇ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਕੁਝ ਵੀ ਅਣਹੋਣੀ ਹੋਣ ’ਤੇ ਅਕਸ ਪੰਜਾਬ ਦਾ ਹੀ ਨਹੀਂ, ਸਗੋਂ ਦੇਸ਼ ਦਾ ਵੀ ਖਰਾਬ ਹੋਵੇਗਾ।

ਸਵਾਲ : ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ?
ਜਵਾਬ : ਕੁਝ ਪੁਰਾਣੀਆਂ ਸਰਕਾਰਾਂ ਚਾਹੁੰਦੀਆਂ ਹਨ ਕਿ ਪੰਜਾਬ ਵਿਚ ਮਾਹੌਲ ਖਰਾਬ ਹੋਵੇ, ਸਿੱਖ ਕੌਮ ’ਤੇ ਦਾਗ ਲੱਗੇ, ਜਿਸ ਦੇ ਲਈ ਅੰਮ੍ਰਿਤਪਾਲ ਵਰਗੇ ਲੋਕ ਅੱਗੇ ਕੀਤੇ ਗਏ ਹਨ। ਅਜਿਹੇ ਲੋਕ ਪੰਜਾਬ ਨੂੰ ਪੁਰਾਣੇ ਦੌਰ ਵਿਚ ਲੈ ਕੇ ਜਾਣਾ ਚਾਹੁੰਦੇ ਹਨ ਪਰ ਮੇਰੀ ਸਾਰੇ ਧਰਮ ਗੁਰੂਆਂ ਅਤੇ ਮਹਾਪੁਰਸ਼ਾਂ ਨੂੰ ਅਪੀਲ ਹੈ ਕਿ ਉਹ ਇਕਜੁੱਟ ਹੋ ਕੇ ਮੌਜੂਦਾ ਨੌਜਵਾਨ ਪੀੜ੍ਹੀ ਨੂੰ ਭਟਕਣ ਤੋਂ ਬਚਾਉਣ। ਉਂਝ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਜੋ ਲੋਕ ਅੰਮ੍ਰਿਤਪਾਲ ਦੇ ਖਿਲਾਫ ਬੋਲਦੇ ਹਨ, ਉਨ੍ਹਾਂ ਨੂੰ ਵਿਰੋਧ ਸਹਿਣਾ ਪੈਂਦਾ ਹੈ ਪਰ ਨੌਜਵਾਨ ਪੀੜ੍ਹੀ ਨੂੰ ਹੁਣ ਇਨ੍ਹਾਂ ਮਹਾਪੁਰਸ਼ਾਂ ਤੋਂ ਰਾਹਤ ਮਿਲ ਸਕਦੀ ਹੈ। ਜਿਥੋਂ ਤੱਕ ਗੱਲ ਅੰਮ੍ਰਿਤਪਾਲ ਦੀ ਹੈ ਤਾਂ ਉਹ ਬਾਬਾ ਫੂਲਾ ਸਿੰਘ ਵਰਗੀ ਮਹਾਨ ਸ਼ਖਸੀਅਤ ਖਿਲਾਫ ਬੋਲਣ ਤੋਂ ਵੀ ਨਹੀਂ ਕਤਰਾਉਂਦਾ।

ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਘਰ ''ਚ ਪੁਆਏ ਵੈਣ, 28 ਸਾਲਾ ਨੌਜਵਾਨ ਦੀ ਹੋਈ ਦਰਦਨਾਕ ਮੌਤ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha