ਬਿਸ਼ਨੋਈ ਗੈਂਗ ਦਾ ਗੈਂਗਸਟਰ ਸ਼ੁਭਮ ਪ੍ਰੇਮਿਕਾ ਤੇ 3 ਸਾਥੀਆਂ ਸਮੇਤ ਗ੍ਰਿਫਤਾਰ (ਵੀਡੀਓ)

10/25/2019 2:25:03 PM

ਖੰਨਾ,(ਸੁਖਵਿੰਦਰ ਕੌਰ): ਖੰਨਾ ਪੁਲਸ ਨੇ ਵੱਖ-ਵੱਖ ਰਾਜਾਂ ਦੀ ਪੁਲਸ ਨੂੰ ਕਤਲ ਤੇ ਲੁੱਟ-ਖੋਹ ਦੇ ਮਾਮਲਿਆਂ 'ਚ ਲੋੜੀਂਦੇ ਬਿਸ਼ਨੋਈ ਗੈਂਗ ਦੇ ਸਰਗਰਮ ਗੈਂਗਸਟਰ ਸ਼ੁਭਮ ਪਰਜਾਪਤ ਉਰਫ ਬਿਗਨ ਨੂੰ ਉਸ ਦੀ ਪ੍ਰੇਮਿਕਾ ਸਣੇ ਤਿੰਨ ਹੋਰਾਂ ਨੂੰ ਕਾਬੂ ਕਰ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜਿਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਅਸਲਾ ਵੀ ਬਰਾਮਦ ਹੋਇਆ ਹੈ। ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੈਂਗਸਟਰ ਨੂੰ ਕਾਬੂ ਕਰਨ ਨਾਲ ਪੰਜਾਬ ਪੁਲਸ ਨੇ ਵੱਡੇ ਗਿਰੋਹ ਦਾ ਸਫਾਇਆ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸ਼ੁਭਮ ਪਰਜਾਪਤ ਉਰਫ ਬਿਗਨੀ ਦੌੜ (ਰੇਸ) ਤੇ ਸ਼ਾਟ-ਪੁੱਟ ਦਾ ਨੈਸ਼ਨਲ ਚੈਂਪੀਅਨ ਰਹਿ ਚੁੱਕਾ ਹੈ, ਇਸ ਖਿਲਾਫ ਕਤਲ ਤੇ ਲੁੱਟਾਂ-ਖੋਹਾਂ ਦੇ ਕਰੀਬ 17-18 ਮਾਮਲੇ ਦਰਜ ਹਨ ਤੇ ਕਈ ਮਾਮਲਿਆਂ 'ਚ ਭਗੌੜਾ ਚੱਲਿਆ ਆ ਰਿਹਾ ਹੈ। ਇਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਾਜਸਥਾਨ 'ਚ ਕਾਰ ਚਾਲਕ ਦੀ ਹੱਤਿਆ ਕੀਤੀ, ਇਸੇ ਤਰ੍ਹਾਂ ਹੀ ਸ਼ੁਭਮ ਨੇ 29 ਸਤੰਬਰ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਚੰਡੀਗੜ੍ਹ ਵਿਖੇ ਸੋਨੂੰ ਸ਼ਾਹ ਗੈਂਗਸਟਰ ਵਾਸੀ ਬੁੜੈਲ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਇਸੇ ਤਰ੍ਹਾਂ ਹੀ ਇਹ ਅੱਜ-ਕੱਲ ਆਪਣੇ ਜੇਲ ਦੇ ਸਾਥੀ ਰਜਿੰਦਰ ਸਿੰਘ ਆਸ਼ੂ ਵਾਸੀ ਇਕੋਲਾਹੀ ਅਤੇ ਰਣਜੀਤ ਸਿੰਘ ਲਵਲੀ ਵਾਸੀ ਤੁਰਮਰੀ ਕੋਲ ਆ ਕੇ ਆਪਣੀ ਪਛਾਣ ਲੁਕਾਉਂਦੇ ਹੋਏ ਗ੍ਰਿਫਤਾਰੀ ਦੇ ਡਰੋਂ ਰਹਿਣ ਲੱਗਾ ਤੇ ਸਰਹਿੰਦ, ਖੰਨਾ, ਗੋਬਿੰਦਗੜ੍ਹ, ਦੋਰਾਹਾ ਦੇ ਇਲਾਕਿਆਂ 'ਚ ਮੋਟਰਸਾਈਕਲ ਚੋਰੀ ਕਰਨ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀਆਂ ਤਿਆਰੀਆਂ ਕਰਨ ਲੱਗ ਪਏ। ਖੰਨਾ ਸ਼ਹਿਰ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਕੀਤੀਆਂ ਜਾ ਰਹੀਆਂ ਸਰਗਮੀਆਂ ਦੌਰਾਨ ਇਹ ਪੁਲਸ ਦੇ ਹੱਥੇ ਚੜ੍ਹ ਗਿਆ। ਐੱਸ. ਐੱਸ. ਪੀ. ਗਰੇਵਾਲ ਨੇ ਦੱਸਿਆ ਕਿ ਇਸ ਦੀ ਗ੍ਰਿਫਤਾਰੀ ਨਾਲ ਅਨੇਕਾਂ ਹੀ ਵਾਰਦਾਤਾਂ ਹੱਲ ਹੋ ਜਾਣਗੀਆਂ ਤੇ ਹੋਰ ਮੁਲਜ਼ਮ ਵੀ ਜਲਦ ਪੁਲਸ ਦੀ ਗ੍ਰਿਫਤ 'ਚ ਹੋਣਗੇ। ਇਸ ਮੌਕੇ ਐੱਸ. ਪੀ. (ਆਈ.) ਜਗਵਿੰਦਰ ਸਿੰਘ ਚੀਮਾ, ਡੀ. ਐੱਸ. ਪੀ. (ਆਈ.) ਤਰਲੋਚਨ ਸਿੰਘ, ਡੀ. ਐੱਸ. ਪੀ. ਖੰਨਾ ਰਾਜਨ ਪਰਮਿੰਦਰ ਸਿੰਘ ਮੱਲ੍ਹੀ, ਥਾਣਾ ਸਿਟੀ 2 ਦੇ ਐੱਸ. ਐੱਚ. ਓ. ਇੰਸਪੈਕਟਰ ਵਿਨੋਦ ਕੁਮਾਰ ਤੇ ਹੋਰ ਪੁਲਸ ਪਾਰਟੀ ਹਾਜ਼ਰ ਸੀ।