ਪਾਣੀ ਦੀ ਨਿਕਾਸੀ ਨਾ ਹੋਣ ''ਤੇ ਬਿਸ਼ਨ ਨਗਰ ਵਾਸੀਆਂ ਵੱਲੋਂ ਨਾਅਰੇਬਾਜ਼ੀ

03/20/2018 12:16:17 AM

ਭਵਾਨੀਗੜ੍ਹ, (ਅੱਤਰੀ/ਵਿਕਾਸ)— ਬਿਸ਼ਨ ਨਗਰ ਦੇ ਵਾਸੀਆਂ ਨੇ ਘਰਾਂ ਦੇ ਪਾਣੀ ਦੇ ਮਾੜੇ ਨਿਕਾਸੀ ਪ੍ਰਬੰਧ ਕਾਰਨ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਸ਼ਨ ਨਗਰ ਵਾਸੀਆਂ ਨੇ ਕਿਹਾ ਕਿ ਗਲੀਆਂ ਪੱਕੀਆਂ ਕਰਨ ਤੋਂ ਪਹਿਲਾਂ ਇਨ੍ਹਾਂ ਗਲੀਆਂ ਦੇ ਪਾਣੀ ਨੂੰ ਮੁੱਖ ਨਿਕਾਸੀ ਨਾਲ ਜੋੜਨ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਸੀ। ਗਲੀਆਂ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਇਹ ਪਾਣੀ ਘਰਾਂ ਦੇ ਅੱਗੇ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਮੁਹੱਲਾ ਵਾਸੀਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਉਕਤ ਸਮੱਸਿਆ ਸਬੰਧੀ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਅਧਿਕਾਰੀ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ । 
ਨਗਰ ਕੌਂਸਲ ਦੇ ਜੇ. ਈ. ਜਸਵੀਰ ਸਿੰਘ ਅਤੇ ਗੁਰਮੀਤ ਸਿੰਘ ਨੇ ਕਿਹਾ ਕਿ ਇਸ ਸਮੱਸਿਆ ਦੇ ਪੱਕੇ ਹੱਲ ਲਈ ਮੁਹੱਲੇ ਦੇ ਪਾਣੀ ਦੀ ਨਿਕਾਸੀ ਜਲਦੀ ਹੀ ਸੀਵਰੇਜ ਨਾਲ ਜੋੜ ਕੇ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਅਸਥਾਈ ਤੌਰ 'ਤੇ ਨਗਰ ਕੌਂਸਲ ਵੱਲੋਂ ਉਕਤ ਮੁਹੱਲੇ ਦਾ ਪਾਣੀ ਇਕ ਹੋਦੀ 'ਚ ਇਕੱਠਾ ਕਰ ਕੇ ਉਥੋਂ ਇਕ ਪੀਟਰ ਇੰਜਣ ਨਾਲ ਪਾਣੀ ਨੂੰ ਮੁੱਖ ਨਾਲੇ ਵਿਚ ਪਾਇਆ ਜਾਵੇਗਾ । 


Related News