ਜਨਮ ਦਿਹਾੜੇ ’ਤੇ ਵਿਸ਼ੇਸ਼ : ਦੁਨੀਆਂ ਦੇ ਮਹਾਨ ਵਿਦਵਾਨ, ਬੁੱਧੀਜੀਵੀ, ਕ੍ਰਾਂਤੀਕਾਰੀ ਸ਼ਖ਼ਸੀਅਤ ਡਾ. ਬੀ.ਆਰ. ਅੰਬੇਡਕਰ

04/14/2021 10:12:05 AM

ਗਰੀਬ ਵਰਗ ਦੀ ਨਿਧੜਕ ਆਵਾਜ਼ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ 1891 ਈ. ਨੂੰ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਇਦੌਰ ਦੇ ਪਿੰਡ ਮਹੂ (ਮਿਲਟਰੀ ਛਾਉਣੀ) ਵਿਖੇ ਪਿਤਾ ਰਾਮ ਜੀ ਦੇ ਘਰ ਮਾਤਾ ਭੀਮਾ ਬਾਈ ਜੀ ਦੀ ਕੁੱਖੋਂ ਹੋਇਆ। ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੁਨੀਆ  ਦੇ ਮਹਾਨ ਵਿਦਵਾਨ, ਬੁੱਧੀਜੀਵੀ, ਕ੍ਰਾਂਤੀਕਾਰੀ ਰਹਿਬਰ ਹੋਏ ਹਨ, ਬੇਸ਼ੱਕ ਬਾਬਾ ਸਾਹਿਬ ਜਾਤ-ਪਾਤ, ਭੇਦ-ਭਾਵ ਦਾ ਬਹੁਤ ਜ਼ਿਆਦਾ ਸ਼ਿਕਾਰ ਹੋਏ, ਜਿਸ ਕਰਕੇ ਅਨੇਕ ਵਾਰ ਉਨ੍ਹਾਂ ਨੂੰ ਅਪਮਾਨ ਸਹਿਣਾ ਪਿਆ ਪਰ ਉਨ੍ਹਾਂ ਨੇ ਸੰਸਾਰ ਨੂੰ ਗਿਆਨ ਦਾ ਚਾਨਣ ਵੰਡਣ ਲੱਗਿਆਂ ਕੋਈ ਵੀ ਭੇਦ-ਭਾਵ ਨਹੀਂ ਕੀਤਾ। 

ਬਾਬਾ ਸਾਹਿਬ ਨੇ ਆਪਣੀ ਬੁੱਧੀ, ਆਪਣੇ ਤਨ ਅਤੇ ਆਪਣੀ ਮਨ ਰੂਪੀ ਸਾਰੀ ਸੰਪੰਤੀ ਆਪਣੀ ਕੌਮ, ਆਪਣੇ ਦੇਸ਼ ਅਤੇ ਪੂਰੇ ਵਿਸ਼ਵ ਲਈ ਕੁਰਬਾਨ ਕਰ ਦਿੱਤੀ। ਬਾਬਾ ਸਾਹਿਬ ਨੇ ਝੂਠ ਫਰੇਬ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਨਿੱਜੀ ਸਵਾਰਥ, ਦੇਸ਼ ਦੇ ਭਲੇ ਲਈ ਕੰਮ ਕੀਤਾ। ਡਾ. ਬੀ.ਆਰ. ਅੰਬੇਡਕਰ ਨੇ ਦੇਸ਼ ਦੇ ਅਛੂਤਾਂ, ਪੱਛੜੇ ਵਰਗਾਂ ਅਤੇ ਨਾਰੀ ਜਾਤੀ ਲਈ ਬਹੁਤ ਕੰਮ ਕੀਤਾ। ਦੇਸ਼ ਦੀ ਏਕਤਾ, ਅਖੰਡਤਾ ਅਤੇ ਸਾਂਝੀਵਾਲਤਾ ਦੇ ਦੁਸ਼ਮਣਾਂ ਨੂੰ ਬਾਬਾ ਸਾਹਿਬ ਨੇ ਲੰਮੇ ਹੱਥੀਂ ਲਿਆ। ਉਹ ਕਦੇ ਵੀ ਇਨ੍ਹਾਂ ਤੋਂ ਡਰੇ ਨਹੀਂ ਸਗੋਂ ਇਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ। ਡਾ. ਅੰਬੇਡਕਰ ਉਸ ਸਮੇਂ ਦੁਨੀਆਂ ਵਿਚ ਸਭ ਤੋਂ ਵੱਧ ਪੜ੍ਹੇ-ਲਿਖੇ ਛੇ ਵਿਅਕਤੀਆਂ ਵਿਚੋਂ ਇਕ ਸਨ।

ਭਾਰਤ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਜਦੋਂ ਕੋਲੰਬੀਆ ਯੂਨੀਵਰਸਿਟੀ ਨੇ ਆਪਣੇ ਸਥਾਪਨਾ ਵਰ੍ਹੇ 1754 ਈ. ਦੇ 250 ਸਾਲ ਪੂਰੇ ਹੋਣ ’ਤੇ 2004 ਈ. ਵਿਚ ਆਪਣੇ ਉਨ੍ਹਾਂ ਸ੍ਰੇਸ਼ਟ 100 ਸਾਬਕਾ ਵਿਦਿਆਰਥੀਆਂ ਦੇ ਨਾਂ ਪੇਸ਼ ਕੀਤੇ, ਜਿਨ੍ਹਾਂ ਵਿਸ਼ਵ ਅੰਦਰ ਸਭ ਤੋਂ ਮਹਾਨ ਕਾਰਜ ਕੀਤੇ ਅਤੇ ਆਪਣੇ ਖੇਤਰ ’ਚ ਮਹਾਨ ਰਹੇ ਸਨ। ਉਨ੍ਹਾਂ ਮਹਾਨ ਸਖ਼ਸੀਅਤਾਂ ’ਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਜੀ ਦਾ ਨਾਂ ਪਹਿਲੇ ਨੰਬਰ ’ਤੇ ਰੱਖਿਆ।

ਸਾਡੇ ਭਾਰਤ ਦੇਸ਼ ਵਿਚ ਜਨਾਨੀਆਂ ਨੂੰ ਮਰਦਾਂ ਦੇ ਬਰਾਬਰ ਪੜ੍ਹਨ-ਲਿਖਣ ਦੀ ਆਜ਼ਾਦੀ ਨਹੀਂ ਸੀ। ਬਾਬਾ ਸਾਹਿਬ ਜਨਾਨੀ ਜਾਤੀ ਦੀ ਤਰੱਕੀ ਅਤੇ ਆਜ਼ਾਦੀ ਵਾਸਤੇ ਉਨ੍ਹਾਂ ਲੋਕਾਂ ਨਾਲ ਲੜੇ, ਜੋ ਜਨਾਨੀ ਨੂੰ ਪੈਰ ਦੀ ਜੁੱਤੀ ਸਮਝਦੇ ਸਨ। ਬਾਬਾ ਸਾਹਿਬ ਕਿਹਾ ਕਰਦੇ ਸਨ ਕਿ ਮੈਂ ਉਹ ਯੋਧਾ ਹਾਂ, ਜਿਸ ਦੇ ਸੰਘਰਸ਼ ਸਦਕਾ ਅੱਜ ਜਨਾਨੀਆਂ ਮਰਦਾਂ ਦੇ ਬਰਾਬਰ ਪੜ੍ਹ-ਲਿਖ ਕੇ ਉੱਚੇ ਅਹੁਦਿਆਂ ’ਤੇ ਬਿਰਾਜਮਾਨ ਹੋ ਰਹੀਆਂ ਹਨ।

ਬਾਬਾ ਸਾਹਿਬ ਡਾ. ਅੰਬੇਡਕਰ ਹਰ ਦੁਖੀ ਦੇ ਦੁੱਖ ਨੂੰ ਆਪਣਾ ਸਮਝ ਕੇ ਉਸ ਨਾਲ ਹਮਦਰਦੀ ਕਰਦੇ। ਉਨ੍ਹਾਂ ਨੂੰ ਮਜ਼ਦੂਰਾਂ ਦੇ ਜੀਵਨ ਨੂੰ ਬਹੁਤ ਨੇੜੇ ਹੋ ਕੇ ਤੱਕਿਆ। ਮਜਬੂਰ ਲੋਕਾਂ ਦੀ ਹਾਲਤ ਦੇਖਦਿਆਂ ਮਨੁੱਖੀ ਹੱਕਾਂ ਦੀ ਖ਼ਾਤਿਰ ਬਗਾਵਤ ਦਾ ਬਿਗੁਲ ਵਜਾ ਦਿੱਤਾ ਅਤੇ ਕਿਹਾ ‘‘ਕੰਮ ਕਰਨ ਦੀ ਅਸਲ ਆਜ਼ਾਦੀ ਕੇਵਲ ਉਹੀ ਹੁੰਦੀ ਹੈ ਜਿਥੇ ਸ਼ੋਸ਼ਣ ਨੂੰ ਮੁਕੰਮਲ ਤੌਰ ’ਤੇ ਨਸ਼ਟ ਕਰ ਦਿੱਤਾ ਜਾਵੇ। ਜਿਥੇ ਇਕ ਵਰਗ ਰਾਹੀਂ ਦੂਜੇ ਵਰਗ ’ਤੇ ਅੱਤਿਆਚਾਰ ਨਾ ਕੀਤਾ ਜਾਂਦਾ ਹੋਵੇ, ਜਿਥੇ ਬੇਰੁਜ਼ਗਾਰੀ ਨਾ ਹੋਵੇ, ਜਿਥੇ ਕਿਸੇ ਵਿਅਕਤੀ ਨੂੰ ਆਪਣਾ ਕਾਰੋਬਾਰ ਖੁੱਸਣ ਦਾ ਕੋਈ ਡਰ ਨਾ ਹੋਵੇ, ਆਪਣੇ ਕੰਮਾਂ ’ਤੇ ਫਲਸਰੂਪ ਜਿਥੇ ਵਿਅਕਤੀ ਆਪਣੇ ਕਾਰੋਬਾਰ ਦੇ ਨੁਕਸਾਨ ਅਤੇ ਰੋਜ਼ੀ-ਰੋਟੀ ਦੇ ਨੁਕਸਾਨ ਦੇ ਡਰ ਤੋਂ ਮੁਕਤ ਹੋਵੇ।’’

ਅਣਥੱਕ ਮਿਹਨਤ ਨਾਲ ਐੱਮ.ਏ., ਪੀ.ਐੱਚ.ਡੀ., ਡੀ.ਐੱਸ.ਸੀ., ਡੀ.ਲਿਟ. ਬਾਰ ਐਂਡ ਲਾਅ ਡਿਗਰੀਆਂ ਦੀ ਪ੍ਰਾਪਤੀ ਕਰਕੇ ਭਾਰਤ ਦਾ ਸੰਵਿਧਾਨ ਕਲਮਬੱਧ ਕੀਤਾ, ਜਿਸ ਵਿਚ ਛੂਤ-ਛਾਤ ਸਬੰਧੀ ਸਖ਼ਤ ਕਾਨੂੰਨ ਬਣਾ ਕੇ ਸਦੀਆਂ ਤੋਂ ਲੱਗੇ ਗੁਲਾਮੀ ਦੇ ਸੰਗਲਾਂ ਨੂੰ ਤੋੜਿਆ ਅਤੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ। 6 ਦਸੰਬਰ 1956 ਈ. ਵਿਚ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੇ ਸਦਾ ਲਈ ਸਾਨੂੰ ਸਰੀਰਕ ਪੱਖੋਂ ਵਿਛੋੜਾ ਦਿੰਦਿਆਂ ਅਖੀਰੀ ਸੰਦੇਸ਼ ਦਿੱਤਾ।
‘‘ਗਰੀਬ ਵਰਗ ਦੀ ਭਲਾਈ ਕਰਨਾ ਹਰ ਇਕ ਪੜ੍ਹੇ-ਲਿਖੇ ਵਿਅਕਤੀ ਦਾ ਪ੍ਰਮੁੱਖ ਕਰਤੱਵ ਹੈ। ਮੈਂ ਜੋ ਗਰੀਬਾਂ ਦੇ ਲਈ ਕੀਤਾ ਹੈ, ਅਨੇਕ ਮੁਸ਼ਕਲਾਂ ਦਾ ਸਾਹਮਣਾ ਅਤੇ ਬੇਹੱਦ ਵਿਰੋਧੀਆਂ ਨਾਲ ਟੱਕਰ ਲੈ ਕੇ ਕੀਤਾ ਹੈ। ਇਸ ਕ੍ਰਾਂਤੀਕਾਰੀ ਸੰਘਰਸ਼ ਨੂੰ ਅੱਗੇ ਵਧਾਉਣਾ ਹੈ। ਪਿੱਛੇ ਨਹੀਂ ਜਾਣ ਦੇਣਾ।’’

ਮਹਿੰਦਰ ਸੰਧੂ ਮਹੇੜੂ

rajwinder kaur

This news is Content Editor rajwinder kaur