ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਵੱਡੀ ਗਿਣਤੀ 'ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਸੰਗਤਾਂ

05/04/2023 10:54:34 AM

ਅੰਮ੍ਰਿਤਸਰ (ਸਰਬਜੀਤ)- ਅੱਜ ਸਿੱਖਾਂ ਦੇ ਤੀਜੇ ਪਾਤਸ਼ਾਹ ਗੁਰੁ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਅੱਜ ਸਵੇਰੇ ਤੋਂ ਸੰਗਤਾਂ ਗੁਰੂ ਘਰ ਵਿਚ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ। ਇਸ ਦੇ ਨਾਲ ਉੱਥੇ ਹੀ ਆਈਆਂ ਹੋਈਆਂ ਸੰਗਤਾ ਨੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। 

ਇਹ ਵੀ ਪੜ੍ਹੋ-  ਸ਼ਿਕਾਇਤਾਂ ਦੇ ਨਿਪਟਾਰੇ ਲਈ ਪੁਲਸ ਦੀ ਨਿਵੇਕਲੀ ਪਹਿਲ, ਇੰਝ ਹੋਵੇਗੀ ਕਾਨੂੰਨ ਵਿਵਸਥਾ ਲਈ ਤੁਰੰਤ ਕਾਰਵਾਈ

ਇਸ ਮੌਕੇ ਗੱਲਬਾਤ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਤੇ ਜਥੇਦਾਰ ਕੇਸਗੜ੍ਹ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਹੋਏ ਹਨ।  ਆਪ ਜੀ ਦਾ ਜਨਮ 1479 ਈ: ਨੂੰ ਪਿੰਡ ਬਾਸਰਕੇ, ਜ਼ਿਲ੍ਹਾ ਅਮ੍ਰਿਤਸਰ ਪਿਤਾ ਤੇਜਭਾਨ ਤੇ ਮਾਤਾ ਲੱਖੋ ਜੀ ਦੇ ਗ੍ਰਹਿ ਵਿਖੇ ਭੱਲਾ ਘਰਾਣੇ 'ਚ ਹੋਇਆ। ਆਪ ਜੀ ਦੇ ਧਰਮ-ਪਤਨੀ ਮਾਤਾ ਮਨਸਾ ਦੇਵੀ ਜੀ ਸਨ। ਆਪ ਜੀ ਦੇ ਘਰ ਦੋ ਪੁੱਤਰ ਮੋਹਨ ਜੀ ਤੇ ਮੋਹਰੀ ਜੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਨੇ ਜਨਮ ਲਿਆ।  

ਇਹ ਵੀ ਪੜ੍ਹੋ-  15 ਮਹੀਨਿਆਂ 'ਚ ਲੁਧਿਆਣਾ ਦੇ 50 ਪੁਲਸ ਮੁਲਾਜ਼ਮਾਂ ਦੀ ਮੌਤ, ਕਾਰਨ ਜਾਣ ਹੋਵੋਗੇ ਹੈਰਾਨ

ਆਪ ਜੀ ਨੂੰ 1552 ਈ: ਵਿੱਚ ਗੁਰਗੱਦੀ ਪ੍ਰਾਪਤ ਹੋਈ। ਆਪ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਅਨੇਕਾਂ ਕੰਮ ਕੀਤੇ ਜਿਵੇ ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ , ਲੰਗਰ ਪ੍ਰਥਾ ਦਾ ਵਿਸਥਾਰ ਆਦਿ।  ਆਪ ਜੀ ਨੇ ਜਾਤੀ - ਪ੍ਰਥਾ, ਛੂਤ - ਛਾਤ , ਪਰਦੇ ਦਾ ਰਿਵਾ ਅਤੇ ਜਾਤੀ- ਪ੍ਰਥਾ ਜਿਹੀਆਂ ਕੁਰੀਤੀਆਂ ਦਾ ਸੁਧਾਰ ਕੀਤਾ । ਉਨ੍ਹਾਂ ਕਿਹਾ ਅੱਜ ਸਾਨੂੰ ਲੋੜ ਹੈ, ਗੁਰੂ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਦੀ, ਉਨ੍ਹਾਂ ਕਿਹਾ ਕਿ ਬਾਣੀ ਦੇ ਨਾਲ ਜੁੜੋ ਤੇ ਸਿੱਖੀ ਵਾਲੇ ਬਣੋ। ਇਸ ਮੌਕੇ ਉਨ੍ਹਾਂ ਦੇਸ਼-ਵਿਦੇਸ਼ਾਂ ਵਿਚ ਵਸਦੀ ਸਿੱਖ ਨਾਮ ਲੇਵਾ ਸੰਗਤ ਨੂੰ ਅੱਜ ਇਸ ਪਵਿੱਤਰ ਦਿਹਾੜੇ ਦਿਨ ਦੀ ਮੁਬਾਰਕਬਾਦ ਦਿੱਤੀ। ਉਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਦੇ ਦਿਹਾੜੇ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

Shivani Bassan

This news is Content Editor Shivani Bassan