ਇਸ ਪਿੰਡ ''ਚ ਵੱਸਦੀ ਹੈ ਪੰਛੀਆਂ ਦੀ ਅਦਭੁੱਤ ਦੁਨੀਆ, ਵੇਖ ਕੇ ਖਿੜ ਜਾਵੇਗੀ ਰੂਹ (ਵੀਡੀਓ)

08/18/2018 2:07:36 PM

ਬਰਨਾਲਾ (ਪੁਨੀਤ) : ਪਹੁ ਫੁਟਾਲੇ ਨਾਲ ਜਦੋਂ ਪੰਛੀ ਚਹਿਚਹਾਉਂਦੇ ਹਨ ਤਾਂ ਉਨ੍ਹਾਂ ਵਿਚ ਕੁਦਰਤ ਹੱਸਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਪਿੰਡ ਬਾਰੇ ਦੱਸਣ ਜਾ ਰਹੇ ਹਾਂ, ਜਿਥੇ ਕੁਦਰਤ ਦਾ ਰੱਬੀ ਨੂਰ ਵਰਸਦਾ ਹੈ। ਚੜ੍ਹਦੇ ਸੂਰਜ ਨਾਲ ਚਿੜੀਆਂ, ਘੁੱਗੀਆਂ, ਤੋਤੇ, ਕਬੂਤਰ, ਚੁਗਲ ਤੇ ਗਟਾਰਾਂ ਦੇ ਗੀਤ ਕੁਦਰਤ ਨੂੰ ਅਜਿਹੇ ਰੂਹਾਨੀ ਰੰਗ 'ਚ ਰੰਗ ਦਿੰਦੇ ਹਨ ਕਿ ਵੇਖਣ ਵਾਲੇ ਦੀ ਰੂਹ ਖਿੜ ਜਾਵੇ। ਇਹ ਦ੍ਰਿਸ਼ ਬਰਨਾਲਾ ਦੇ ਪਿੰਡ ਧੌਲਾ ਦਾ ਹੈ, ਜਿਥੇ ਪੰਛੀਆਂ ਦੀ ਇਕ ਵੱਖਰੀ ਹੀ ਦੁਨੀਆ ਵੱਸਦੀ ਹੈ। 

ਪੰਛੀਆਂ ਦੀ ਇਹ ਦੁਨੀਆ ਸਹਿਜ-ਸੁਭਾਅ ਦੀ ਨਹੀਂ ਵਸੀ, ਇਹ ਤਾਂ ਚੌਗਿਰਦਾ ਪ੍ਰੇਮੀ ਸੰਦੀਪ ਬਾਵਾ ਦੀ ਸਾਲਾਂ ਦੀ ਅਣਥੱਕ ਮਿਹਨਤ ਅਤੇ ਪੰਛੀਆਂ ਨਾਲ ਨਿਰਸਵਾਰਥ ਮੋਹ ਦਾ ਨਤੀਜਾ ਹੈ, ਜਿਸ ਨੇ ਅਲੋਪ ਹੋ ਰਹੇ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਬਚਾਉਣ ਲਈ ਵਿਸ਼ੇਸ਼ ਕਿਸਮ ਦੇ ਆਲ੍ਹਣੇ ਬਣਾ ਕੇ ਉਨ੍ਹਾਂ ਦੇ ਆਸ਼ੀਆਨੇ ਦਾ ਪ੍ਰਬੰਧ ਤਾਂ ਕੀਤਾ ਹੀ, ਨਾਲ ਦੀ ਨਾਲ ਉਨ੍ਹਾਂ ਨੂੰ ਵਾਤਾਵਰਣ ਦੇਣ ਲਈ ਪੌਦੇ ਲਗਾ ਪਿੰਡ 'ਚ ਹੀ ਇਕ ਨਿੱਕਾ ਜਿਹਾ ਜੰਗਲ ਸਿਰਜ ਦਿੱਤਾ। ਸੰਦੀਪ ਵਲੋਂ ਪਿੰਡ ਦੀਆਂ ਵੱਖ-ਵੱਖ ਥਾਵਾਂ 'ਤੇ 1500 ਦੇ ਕਰੀਬ ਆਲ੍ਹਣੇ ਲਗਾਏ ਗਏ। ਪਹਿਲਾਂ-ਪਹਿਲ ਸੰਦੀਪ ਨੇ ਸਾਰਾ ਖਰਚ ਖੁਦ ਕੀਤਾ ਪਰ ਹੌਲੀ-ਹੌਲੀ ਪਿੰਡ ਵਲੋਂ ਉਸਨੂੰ ਵਿੱਤੀ ਮਦਦ ਦਿੱਤੀ ਜਾਣ ਲੱਗੀ ਹਾਲਾਂਕਿ ਸੰਦੀਪ ਨੂੰ ਇਸ ਗੱਲ ਦਾ ਰੰਜ ਹੈ ਕਿ ਸਰਕਾਰ ਨੇ ਉਸ ਦਾ ਸਾਥ ਨਹੀਂ ਦਿੱਤਾ। 

ਦਰਖਤਾਂ ਨੂੰ ਕੱਟ ਅਤੇ ਟਿੱਬਿਆਂ ਨੂੰ ਪੱਧਰਾ ਕਰਕੇ ਇਨਸਾਨ ਨੇ ਆਪਣੇ ਮਿੱਤਰ ਪੰਛੀਆਂ ਨੂੰ ਲਗਭਗ ਖਤਮ ਕਰ ਦਿੱਤਾ ਹੈ, ਅਜਿਹੇ ਵਿਚ ਸਮਾਜ ਨੂੰ ਪੈਦਾ ਹੋ ਰਹੇ ਖਤਰੇ ਤੋਂ ਬਚਾਉਣ ਲਈ ਇਨ੍ਹਾਂ ਪੰਛੀਆਂ ਨੂੰ ਬਚਾਉਣ ਦੀ ਲੋੜ ਹੈ। ਇਸ ਸਫਰ 'ਤੇ ਸੰਦੀਪ ਇਕੱਲਾ ਹੀ ਤੁਰਿਆ ਸੀ ਪਰ ਹੌਲੀ-ਹੌਲੀ ਪਿੰਡ ਦੇ ਨੌਜਵਾਨਾਂ ਦਾ ਸਾਥ ਮਿਲਿਆ ਅਤੇ ਕਾਰਵਾਂ ਬਣਦਾ ਗਿਆ। ਇਸ ਵੇਲੇ ਸੰਦੀਪ ਬਾਵਾ ਦੀ ਟੀਮ 'ਚ 80 ਨੌਜਵਾਨ ਹਨ ਅਤੇ ਹਰ ਰੋਜ਼ 10 ਨੌਜਵਾਨ ਪੰਛੀਆਂ ਦੇ ਰੈਣ ਬਸੇਰੇ ਦਾ ਪ੍ਰਬੰਧ ਕਰਦੇ ਹਨ। 

ਚੌਗਿਰਦੇ ਨੂੰ ਬਚਾਉਣ ਅਤੇ ਅਲੋਪ ਹੋ ਰਹੇ ਪੰਛੀਆਂ ਨੂੰ ਬਚਾਉਣ ਦਾ ਸੰਦੀਪ ਬਾਵਾ ਦਾ ਇਹ ਉਪਰਾਲਾ ਸੱਚਮੁੱਚ ਕਾਬਿਲੇ ਤਾਰੀਫ ਹੈ। ਲੋੜ ਹੈ ਹੋਰ ਵੀ ਸੰਸਥਾਵਾਂ ਨੂੰ ਇਸ ਤੋਂ ਪ੍ਰੇਰਣਾ ਲੈਣ ਦੀ ਤਾਂ ਜੋ ਇਕ ਵਾਰ ਫਿਰ ਤੋਂ ਪੰਜਾਬ ਦੇ ਪਿੰਡਾਂ 'ਚ ਪਹਿਲਾਂ ਵਾਲਾ ਕੁਦਰਤੀ ਨਜ਼ਾਰਾ ਵੇਖਣ ਨੂੰ ਮਿਲ ਸਕੇ।