ਬਰਡ ਫਲੂ : ਡੇਰਾਬੱਸੀ ’ਚ ਤੀਜੇ ਦਿਨ ਮਾਰੀਆਂ ਗਈਆਂ 14,800 ਮੁਰਗੀਆਂ

01/25/2021 11:33:27 AM

ਮੋਹਾਲੀ/ਡੇਰਾਬੱਸੀ (ਨਿਆਮੀਆਂ, ਅਨਿਲ) : ਏਵੀਅਨ ਇੰਫਲੂਏਂਜ਼ਾਂ (ਬਰਡ ਫਲੂ) ਦੇ ਫੈਲਾਅ ਤੋਂ ਬਚਾਅ ਲਈ ਡੇਰਾਬੱਸੀ ਦੇ ਪਿੰਡ ਭੇਰਾ 'ਚ ਤੀਜੇ ਦਿਨ 14,800 ਮੁਰਗੀਆਂ ਨੂੰ ਮਾਰ ਕੇ ਦਫ਼ਨਾਇਆ ਗਿਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਿਛਲੇ 2 ਦਿਨਾਂ ਦੌਰਾਨ ਕ੍ਰਮਵਾਰ 11,200 ਅਤੇ 18,000 ਮੁਰਗੀਆਂ ਨੂੰ ਮਾਰਨ ਦੀ ਪ੍ਰਕਿਰਿਆ ਪਿੰਡ ਦੇ ਐਲਫ਼ਾ ਪੋਲਟਰੀ ਫ਼ਾਰਮ 'ਚ ਕੀਤੀ ਗਈ ਸੀ, ਜਦੋਂ ਕਿ ਤੀਜੇ ਦਿਨ ਇਹ ਪ੍ਰਕਿਰਿਆ ਰੋਇਲ ਪੋਲਟਰੀ ਫ਼ਾਰਮ 'ਚ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਸ਼ੂ ਮਹਿਕਮੇ ਦੇ ਅਧਿਕਾਰੀ ਅਤੇ ਕਰਮਚਾਰੀ ਪੂਰੀ ਸੰਜ਼ੀਦਗੀ ਅਤੇ ਜ਼ਿੰਮੇਵਾਰੀ ਨਾਲ ਮੁਰਗੀਆਂ ਦੇ ਸਹੀ ਨਿਪਟਾਰੇ ਨੂੰ ਯਕੀਨੀ ਬਣਾ ਰਹੇ ਹਨ। ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਲੋੜੀਂਦੀਆਂ ਸੁਰੱਖਿਆ ਕਿੱਟਾਂ, ਮਸ਼ੀਨਾਂ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਨਿਗਰਾਨੀ ਅਤੇ ਸੈਪਲਿੰਗ ਲਗਾਤਾਰ ਜਾਰੀ ਹੈ ਅਤੇ ਪੋਲਟਰੀ ਫ਼ਾਰਮਾਂ ਦੇ ਮਾਲਕਾਂ ਨੂੰ ਨਿਰਧਾਰਿਤ ਪ੍ਰੋਟੋਕਾਲਾਂ ਦੀ ਸਖ਼ਤੀ ਨਾਲ ਪਾਲਣਾ ਦੇ ਹੁਕਮ ਦਿੱਤੇ ਗਏ ਹਨ।
 

Babita

This news is Content Editor Babita