ਚੰਦੂਮਾਜਰਾ ਨੇ ਲੋਕਾਂ ਨੂੰ ਬਣਾਇਆ ਬੇਵਕੂਫ : ਬੀਰ ਦਵਿੰਦਰ ਸਿੰਘ

03/26/2019 5:39:25 PM

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ/ਦਲਜੀਤ)— ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਨੈਸ਼ਨਲ ਹਾਈਵੇਅ ਦੇ ਕੇਂਦਰੀ ਲੋਕ ਨਿਰਮਾਣ ਮੰਤਰੀ ਵੱਲੋਂ ਰਖਵਾਏ ਨੀਂਹ ਪੱਥਰ ਨੂੰ ਜੁਮਲਾ ਦੱਸਦੇ ਹੋਏ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਪ੍ਰੇਮ ਸਿੰਘ ਚੰਦੂਮਾਜਰਾ ਨੇ ਚਾਰ ਵਰ੍ਹੇ ਲੋਕਾਂ ਨੂੰ ਬੇਵਕੂਫ ਬਣਾਇਆ ਹੈ, ਜੇਕਰ ਕਿਸੇ ਨੇ ਪ੍ਰੋ. ਚੰਦੂਮਾਜਰਾ ਦੇ ਵਿਕਾਸ ਮਾਡਲ ਦੀ ਤਸਵੀਰ ਦੇਖਣੀ ਹੋਵੇ ਤਾਂ ਗੜ੍ਹਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ਦੀ ਦੁਰਦਸ਼ਾ ਤੋਂ ਦੇਖੀ ਜਾ ਸਕਦੀ ਹੈ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਵਜੋਂ ਬੀਰ ਦਵਿੰਦਰ ਸਿੰਘ ਨੂੰ ਐਲਾਨਿਆ ਗਿਆ ਹੈ ਅਤੇ ਉਹ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਸਨ। 


ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਰੀ ਦਵਿੰਦਰ ਸਿੰਘ ਨੇ ਕਿਹਾ ਕਿ ਸ਼੍ਰੋ. ਅ. ਦਲ (ਟਕਸਾਲੀ) ਨੇ ਪੀ. ਡੀ. ਐੱਫ. ਤੋਂ ਪਹਿਲਾਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਇਹ ਕਹਿ ਕੇ ਟਿਕਟ ਦੀ ਪੇਸ਼ਕਸ਼ ਰੱਦ ਕਰ ਦਿੱਤੀ ਸੀ ਕਿ ਉਨ੍ਹਾਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬੀ ਏਕਤਾ ਪਾਰਟੀ ਵੱਲੋਂ ਚੋਣ ਲੜਨ ਲਈ ਰਜ਼ਾਮੰਦੀ ਦੇ ਦਿੱਤੀ ਹੈ। ਸ਼੍ਰੋ. ਅ. ਦਲ (ਟਕਸਾਲੀ) ਵੱਲੋਂ ਉਕਤ ਸੀਟ ਤੋਂ ਬੀਬੀ ਖਾਲੜਾ ਦੀ ਹਮਾਇਤ ਕੀਤੀ ਜਾ ਸਕਦੀ ਹੈ ਬਾਸ਼ਰਤੇ ਕਿ ਉਹ ਅਕਾਲੀ ਦਲ (ਟਕਸਾਲੀ) ਦੀ ਟਿਕਟ 'ਤੇ ਚੋਣ ਲੜਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਮਾਇਤ ਦਾ ਐਲਾਨ ਕਰਨ ਜਾਂ ਨਾ ਕਰਨ ਦੇ ਮੁੱਦੇ 'ਤੇ ਅਕਾਲੀ ਦਲ (ਟਕਸਾਲੀ) ਦੇ ਆਗੂਆਂ ਦੀ ਆਪੋ-ਆਪਣੀ ਵੱਖ-ਵੱਖ ਰਾਏ ਹੋ ਸਕਦੀ ਹੈ, ਜਿਸ ਦਾ ਪ੍ਰਗਟਾਵਾ ਬੀਤੇ ਦਿਨੀਂ ਆਗੂਆਂ ਨੇ ਆਪੋ-ਆਪਣੇ ਨਜ਼ਰੀਏ ਨਾਲ ਕੀਤਾ ਹੈ ਪਰ ਇਸ ਮੁੱਦੇ 'ਤੇ ਪਾਰਟੀ 'ਚ ਮਤਭੇਦ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ (ਬ) ਸੂਬੇ ਅੰਦਰ ਮੁਕੰਮਲ ਰੂਪ 'ਚ ਤਾਕਤ ਵਿਹੂਣਾ ਹੋ ਚੁੱਕਾ ਹੈ ਅਤੇ ਉਹ ਕਿਸੇ ਵੀ ਸੀਟ 'ਤੇ ਲੜਨ ਜਾਂ ਨਾ ਲੜਨ ਬਾਰੇ ਫੈਸਲਾ ਨਹੀਂ ਲੈ ਰਿਹਾ। ਬੀਤੇ ਅਰਸੇ 'ਚ ਜੋ ਘਟਨਾਵਾਂ ਬੇਅਦਬੀ ਅਤੇ ਸਿੱਖ ਨੌਜਵਾਨਾਂ ਜਾਂ ਸਿੱਖ ਸੰਗਤ 'ਤੇ ਸਰਕਾਰੀ ਤਸ਼ੱਦਦ ਦੀਆਂ ਵਾਪਰੀਆਂ ਹਨ, ਉਨ੍ਹਾਂ ਪ੍ਰਤੀ ਪੰਥਕ ਹਿਤੈਸ਼ੀ ਅਖਵਾਉਣ ਵਾਲੀ ਉਕਤ ਧਿਰ ਸਿੱਧੇ ਰੂਪ 'ਚ ਜ਼ਿੰਮੇਵਾਰ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਿੱਖ ਵਿਦਵਾਨ ਹਰਸਿਮਰਨ ਸਿੰਘ, ਸੁਰਿੰਦਰ ਸਿੰਘ ਕ੍ਰਿਸ਼ਨਪੁਰਾ, ਸਾਹਿਬ ਸਿੰਘ ਵਡਾਲੀ, ਬਲਵਿੰਦਰ ਸਿੰਘ ਚੇਅਰਮੈਨ, ਬਲਵੰਤ ਸਿੰਘ ਕੁਰਾਲੀ, ਮੇਜਰ ਸਿੰਘ ਚੇਅਰਮੈਨ, ਸਰਪੰਚ ਹਰਜੀਤ ਸਿੰਘ, ਗੁਰਚਰਨ ਸਿੰਘ, ਸੁਰਜੀਤ ਸੰਧੂ ਆਦਿ ਮੌਜੂਦ ਸਨ।

shivani attri

This news is Content Editor shivani attri