ਬਾਇਓਮੈਟ੍ਰਿਕ ਹਾਜ਼ਰੀ ਨੇ ਸਕੱਤਰੇਤ ਮੁਲਾਜ਼ਮਾਂ ਨੂੰ ਪਹਿਲੇ ਹੀ ਦਿਨ ਲਾਇਆ ਲਾਈਨਾਂ ''ਚ

02/03/2020 11:38:17 PM

ਚੰਡੀਗੜ੍ਹ,(ਭੁੱਲਰ)-ਬਾਇਓਮੈਟ੍ਰਿਕ ਹਾਜ਼ਰੀ ਨੇ ਅੱਜ ਪੰਜਾਬ ਸਕੱਤਰੇਤ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਨਵਾਂ ਸਿਸਟਮ ਮਸ਼ੀਨੀ ਸਿਸਟਮ ਸ਼ੁਰੂ ਹੋਣ ਕਾਰਨ ਪਹਿਲੇ ਹੀ ਦਿਨ ਲੰਬੀਆਂ ਲਾਈਨਾਂ 'ਚ ਲਾ ਦਿੱਤਾ। ਜ਼ਿਕਰਯੋਗ ਹੈ ਕਿ ਅੱਜ ਪੰਜਾਬ ਸਕੱਤਰੇਤ 'ਚ ਮੁਲਾਜ਼ਮ ਡਿਊਟੀ 'ਤੇ ਸਮੇਂ ਦਾ ਪਾਬੰਦ ਕਰਨ ਲਈ ਬਾਇਓਮੈਟ੍ਰਿਕ ਹਾਜ਼ਰੀ ਸਿਸਟਮ ਸ਼ੁਰੂ ਕੀਤਾ ਗਿਆ ਹੈ। ਇਸ ਸਿਸਟਮ ਨੂੰ ਸਥਾਪਿਤ ਕਰਨ ਲਈ ਪਿਛਲੇ ਕਈ ਦਿਨਾਂ ਤੋਂ ਵੱਡੀ ਪੱਧਰ 'ਤੇ ਤਿਆਰੀ ਚੱਲ ਰਹੀ ਸੀ। ਪਿਛਲੇ ਹਫ਼ਤੇ ਪੰਜਾਬ ਸਕੱਤਰੇਤ ਦੀਆਂ 1 ਤੋਂ ਲੈ ਕੇ 10 ਤੱਕ ਸਾਰੀਆਂ ਮੰਜ਼ਿਲਾਂ 'ਤੇ ਸਕੱਤਰੇਤ ਸਟਾਫ਼ ਦੇ ਹਾਜ਼ਰੀ ਲਾਉਣ ਲਈ ਕਈ-ਕਈ ਮਸ਼ੀਨਾਂ ਵੱਖ-ਵੱਖ ਬਰਾਚਾਂ ਸਾਹਮਣੇ ਲਾ ਦਿੱਤੀਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਇਸ ਮਸ਼ੀਨੀ ਸਿਸਟਮ ਨੂੰ ਜਲਦਬਾਜ਼ੀ 'ਚ ਸਥਾਪਿਤ ਕੀਤੇ ਜਾਣ ਕਾਰਨ ਹਾਲੇ ਪੂਰੀ ਤਰ੍ਹਾਂ ਕਾਰਗਰ ਨਹੀਂ ਕੀਤਾ ਜਾ ਸਕਿਆ। ਇਸ 'ਤੇ ਚਲਦੇ ਅੱਜ ਜਦੋਂ ਸਵੇਰੇ 9 ਵਜੇ ਸਕੱਤਰੇਤ ਮੁਲਾਜ਼ਮਾਂ ਨੂੰ ਮਸ਼ੀਨਾਂ 'ਤੇ ਹਾਜ਼ਰੀ ਲਾਉਣੀ ਸ਼ੁਰੂ ਕੀਤੀ ਤਾਂ ਇਹ ਹੈਂਗ ਹੋਣੀਆਂ ਸ਼ੁਰੂ ਹੋ ਗਈਆਂ। ਸ਼ਾਮ ਨੂੰ ਵੀ ਮੁਲਾਜ਼ਮਾਂ ਵੱਲੋਂ ਹਾਜ਼ਰੀ ਲਾਉਣ ਸਮੇਂ ਸਿਸਟਮ ਸਹੀ ਤਰੀਕੇ ਨਾਲ ਨਹੀਂ ਚੱਲ ਸਕਿਆ ਤੇ ਵਾਰ-ਵਾਰ ਤਕਨੀਕੀ ਰੁਕਾਵਟ ਆਉਂਦੀ ਰਹੀ।

ਇਕ ਤੋਂ ਡੇਢ ਘੰਟੇ ਤੱਕ ਲਾਈਨਾਂ 'ਚ ਲੱਗੇ ਰਹੇ ਮੁਲਾਜ਼ਮ
ਜ਼ਿਕਰਯੋਗ ਹੈ ਕਿ ਇਨ੍ਹਾਂ ਬਾਇਓਮੈਟ੍ਰਿਕ ਮਸ਼ੀਨਾਂ ਨੂੰ ਆਧਾਰ ਕਾਰਡ ਨਾਲ ਜੋੜਿਆ ਗਿਆ ਹੈ। ਹਾਜ਼ਰੀ ਲਾਉਣ ਵਾਲੇ ਨੂੰ ਮਸ਼ੀਨ 'ਤੇ ਉਂਗਲੀ ਨਾਲ ਪੰਚ ਕਰਨ ਤੋਂ ਪਹਿਲਾਂ ਆਧਾਰ ਕਾਰਡ ਦਾ ਨੰਬਰ ਵੀ ਦੇਣਾ ਪੈਂਦਾ ਹੈ। ਆਧਾਰ ਕਾਰਡ ਸਿਸਟਮ ਨਾਲ ਲਿੰਕ ਨਾ ਹੋਣ ਕਾਰਨ ਮੁਸ਼ਕਿਲ ਆ ਰਹੀ ਹੈ। ਭਾਵੇਂ ਇਹ ਸਿਸਟਮ ਮੁਲਾਜ਼ਮਾਂ 'ਚ ਲੇਟ-ਲਤੀਫੀ ਖਤਮ ਕਰ ਕੇ ਸਵੇਰੇ ਪੂਰੇ 9 ਵਜੇ ਡਿਊਟੀ 'ਤੇ ਪਹੁੰਚਣ ਤੇ ਸ਼ਾਮ 5 ਵਜੇ ਡਿਊਟੀ ਖਤਮ ਕਰਨ ਲਈ ਸਮੇਂ ਦਾ ਪਾਬੰਦ ਬਣਾਉਣ ਲਈ ਇਹ ਬਾਇਓਮੈਟ੍ਰਿਕ ਸਿਸਟਮ ਸ਼ੁਰੂ ਕੀਤਾ ਗਿਆ ਹੈ ਪਰ ਅੱਜ ਪਹਿਲੇ ਦਿਨ ਦਾ ਹਿਸਾਬ-ਕਿਤਾਬ ਦੇਖਿਆ ਜਾਵੇ ਤਾਂ ਮੁਲਾਜ਼ਮ ਭਾਵੇਂ ਮਸ਼ੀਨੀ ਹਾਜ਼ਰੀ ਦੇ ਡਰ ਕਾਰਨ 9 ਵਜੇ ਸਕੱਤਰੇਤ ਪਹੁੰਚ ਗਏ ਸਨ ਪਰ ਸਿਸਟਮ ਸਹੀ ਨਾ ਹੋਣ ਕਾਰਨ ਉਨ੍ਹਾਂ ਨੂੰ ਇਕ ਤੋਂ ਡੇਢ ਘੰਟੇ ਤੱਕ ਦੇ ਸਮੇਂ ਤੱਕ ਹਾਜ਼ਰੀ ਲਾਉਣ ਲਈ ਲੰਬੀਆਂ ਲਾਈਨਾਂ 'ਚ ਲੱਗਣਾ ਪਿਆ। ਜਿਸ ਕਾਰਨ ਸਕੱਤਰੇਤ ਦੀਆਂ ਬਰਾਚਾਂ ਦਾ ਕੰਮ 11 ਵਜੇ ਦੇ ਆਸ-ਪਾਸ ਹੀ ਸ਼ੁਰੂ ਹੋ ਸਕਿਆ।

ਸ਼ਾਮ ਨੂੰ ਵੀ ਡਿਊਟੀ ਤੋਂ ਬਾਅਦ 1 ਘੰਟਾ ਵਾਧੂ ਰੁਕਣਾ ਪਿਆ
ਸਾਮ ਦੀ ਹਾਜ਼ਰੀ ਸਮੇਂ ਤਾਂ ਮੁਲਾਜ਼ਮਾਂ ਲਈ ਹੋਰ ਵੀ ਮੁਸ਼ਕਿਲ ਹੋ ਗਈ ਹੈ, ਜਿੱਥੇ ਉਹ ਪਹਿਲਾਂ ਪੂਰੇ 5 ਵਜੇ ਨਿਕਲ ਜਾਂਦੇ ਸਨ ਪਰ ਅੱਜ 6 ਵਜੇ ਤੱਕ ਲਾਈਨਾਂ 'ਚ ਲੱਗਕੇ ਹਾਜ਼ਰੀ ਲਾਉਂਦੇ ਰਹੇ। ਇਸ ਤਰ੍ਹਾਂ ਉਨ੍ਹਾਂ ਨੂੰ ਜਿੱਥੇ ਡਿਊਟੀ ਤੋਂ ਬਾਅਦ ਇਕ ਘੰਟਾ ਵੱਧ ਸਮਾਂ ਸਕੱਤਰੇਤ 'ਚ ਹੀ ਰੁਕਣਾ ਪਿਆ ਉਥੇ ਸਂੈਕੜੇ ਮੁਲਾਜ਼ਮ ਸਕੱਤਰੇਤ ਤੋਂ ਉਨ੍ਹਾਂ ਲਈ ਚਲਦੀਆਂ ਵਿਸ਼ੇਸ਼ ਬਸਾਂ 'ਚ ਚੜ੍ਹਨੋਂ ਰਹਿ ਗਏ ਅਤੇ ਬਾਅਦ 'ਚ ਆਪਣੇ ਹੋਰ ਸਾਧਨਾਂ ਰਾਹੀਂ ਜਾਣਾ ਪਿਆ।

ਉੱਚ ਅਧਿਕਾਰੀਆਂ ਨੂੰ ਬਾਇਓਮੈਟ੍ਰਿਕ ਹਾਜ਼ਰੀ 'ਚ ਛੋਟ 'ਤੇ ਰੋਸ
ਮੁਲਾਜ਼ਮਾਂ ਦਾ ਕਹਿਣਾ ਸੀ ਕਿ ਸਮੇਂ ਦਾ ਪਾਬੰਦ ਕਰਨਾ ਤਾਂ ਠੀਕ ਹੈ ਪਰ 5 ਵਜੇ ਤੋਂ ਬਾਅਦ ਮਸ਼ੀਨੀ ਸਿਸਟਮ ਦੇ ਸਹੀ ਨਾ ਹੋਣ ਕਾਰਨ ਲੱਗਣ ਵਾਲੇ ਵਾਧੂ ਸਮੇਂ ਦਾ ਓਵਰਟਾਈਮ ਕੌਣ ਦੇਵੇਗਾ? ਉਨ੍ਹਾਂ ਕਿਹਾ ਕਿ ਸਿਸਟਮ ਇਸੇ ਤਰ੍ਹਾਂ ਚੱਲਿਆ ਤਾਂ ਸਕੱਤਰੇਤ ਤੋਂ ਸ਼ਾਮ ਨੂੰ 5 ਵਜੇ ਤੋਂ ਚੱਲਣ ਵਾਲੀਆਂ ਵਿਸ਼ੇਸ਼ ਬਸਾਂ ਦਾ ਸਮਾਂ ਵੀ ਤਬਦੀਲ ਕਰਨਾ ਪਵੇਗਾ। ਮੁਲਾਜ਼ਮਾਂ 'ਚ ਇਸ ਗੱਲ ਦੀ ਚਰਚਾ ਹੈ ਕਿ ਇਸ ਸਿਸਟਮ 'ਚੋਂ ਆਈ.ਏ.ਐੱਸ., ਪੀ.ਸੀ.ਐੱਸ. ਅਤੇ ਹੋਰ ਉੱਚ ਅਧਿਕਾਰੀਆਂ ਨੂੰ ਛੋਟ ਕਿਉਂ ਦਿੱਤੀ ਗਈ ਹੈ ਜਦਕਿ ਹਾਜ਼ਰੀ ਤਾਂ ਉਨ੍ਹਾਂ ਲਈ ਵੀ ਸਰਕਾਰ ਦੇ ਨਿਯਮਾਂ ਅਨੁਸਾਰ ਓਨੀ ਹੀ ਜ਼ਰੂਰੀ ਹੈ। ਮੁਲਾਜ਼ਮਾਂ ਨੇ ਰੋਸ ਪ੍ਰਗਟ ਕਰਦਿਆਂ ਉੱਚ ਅਫ਼ਸਰਾਂ ਦੀ ਵੀ ਬਾਇਓਮੈਟ੍ਰਿਕ ਹਾਜ਼ਰੀ ਲੱਗਣੀ ਚਾਹੀਦੀ ਹੈ ਕਿਉਂਕਿ ਜੇ ਅਫ਼ਸਰ ਸਮੇਂ 'ਤੇ ਦਫ਼ਤਰ ਆਉਣਗੇ ਤਾਂਹੀ ਮੁਲਾਜ਼ਮ ਸਮੇਂ 'ਤੇ ਕੰਮ ਕਰ ਸਕਣਗੇ।


Related News