ਮਜੀਠੀਆ ਨੂੰ ਲੈ ਕੇ ਬੈਕਫੁੱਟ ''ਤੇ ਕੈਪਟਨ, ਬਾਜਵਾ ਨੇ ਖੋਲ੍ਹਿਆ ਮੋਰਚਾ

11/03/2017 1:44:47 PM

ਜਲੰਧਰ (ਰਵਿੰਦਰ ਸ਼ਰਮਾ) — ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਮਜੀਠੀਆ ਦੇ ਖਿਲਾਫ ਕਾਰਵਾਈ ਨੂੰ ਠੰਡੇ ਬਸਤੇ 'ਚ ਪਾਉਣ ਦੇ ਆਪਣੇ ਬਿਆਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੇ ਅੰਦਰ ਚਾਰੇ ਪਾਸਿਓ ਘਿਰਦੇ ਨਜ਼ਰ ਆ ਰਹੇ ਹਨ।
ਮਾਝਾ ਦੇ ਵਿਧਾਇਕਾਂ ਤੋਂ ਬਾਅਦ ਹੁਣ ਸਾਬਕਾ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੈਪਟਨ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਬਾਜਵਾ ਨੇ ਕੈਪਟਨ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜੇ ਕਰ ਦਿੱਤੇ ਹਨ, ਜਿਸ ਕਾਰਨ ਹੌਲੀ-ਹੌਲੀ ਪਾਰਟੀ ਦੇ ਅੰਦਰ ਹੀ ਕੈਪਟਨ ਦੇ ਖਿਲਾਫ ਬਗਾਵਤ ਦੇ ਸੁਰ ਉਭਰਨ ਲੱਗੇ ਹਨ। ਆਉਣ ਵਾਲੇ ਦਿਨਾਂ 'ਚ ਨਾ ਸਿਰÀ ਪਾਰਟੀ ਦੇ ਅੰਦਰ ਹੀ ਇਸ ਦੀ ਚਿੰਗਾਰੀ ਭੜਕ ਸਕਦੀ ਹੈ, ਸਗੋਂ ਨਾਲ ਹੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੀ ਕਾਂਗਰਸ ਦੀ ਮਾੜੀ ਹਾਲਤ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਦੌਰਾਨ ਕਾਂਗਰਸ ਨੇ ਨਸ਼ੇ ਦੇ ਮੁੱਦਿਆਂ ਨੂੰ ਲੈ ਕੇ ਬਿਕਰਮਜੀਤ ਮਜੀਠੀਆ 'ਤੇ ਤਗੜੇ ਹਮਲੇ ਕੀਤੇ ਸਨ। ਇਥੋਂ ਤਕ ਦਾਅਵੇ ਕੀਤੇ ਗਏ ਸਨ ਕਿ ਕਾਂਗਰਸ ਸਰਕਾਰ ਬਣਦੇ ਹੀ ਮਜੀਠੀਆ ਨੂੰ ਜੇਲ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ। ਇਥੋਂ ਤਕ ਕੀ ਕਾਂਗਰਸ ਨੇ ਹਰੇਕ ਸਬ-ਡਿਵੀਜ਼ਨ 'ਤੇ ਧਰਨਾ ਦਿੱਤਾ ਸੀ। ਮਜੀਠੀਆ ਮਾਮਲੇ ਨੂੰ ਲੈ ਕੇ ਸ਼ੁਰੂ ਤੋਂ ਹੀ ਬਾਜਵਾ ਤੇ ਕੈਪਟਨ ਵਿਚਾਲੇ ਛੱਤੀ ਦਾ ਅੰਕੜਾ ਰਿਹਾ ਹੈ। ਡਰੱਗ ਮਾਫੀਆ ਜਗਦੀਸ਼ ਭੋਲਾ ਦੇ ਨਾਲ ਮਜੀਠੀਆ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇ ਸਭ ਤੋਂ ਪਹਿਲਾਂ ਮੋਰਚਾ ਉਸ ਸਮੇਂ ਖੋਲ੍ਹਿਆ ਸੀ, ਜਦ ਪ੍ਰਤਾਪ ਸਿੰਘ ਬਾਜਵਾ ਸੂਬਾ ਕਾਂਗਰਸ ਦੇ ਪ੍ਰਧਾਨ ਸਨ।
ਬਾਜਵਾ ਦੇ ਹੁਕਮਾਂ ਤੋਂ ਬਾਅਦ ਜ਼ਿਲਾ ਹੈਡਕੁਆਰਟਰਾਂ 'ਤੇ ਸਾਰੇ ਜ਼ਿਲਾ ਪ੍ਰਧਾਨਾਂ ਦੀ ਅਗਵਾਈ 'ਚ ਮਜੀਠੀਆ ਦੇ ਖਿਲਾਫ ਧਰਨਾ ਦਿੱਤਾ ਗਿਆ ਸੀ। ਉਸ ਸਮੇਂ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਕਾਂਗਰਸੀ ਆਗੂਆਂ ਨੇ ਸਾਫ ਤੌਰ 'ਤੇ ਕਿਹਾ ਸੀ ਕਿ ਪੂਰੇ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇ। ਉਸ ਸਮੇਂ ਵੀ ਸਿਰਫ ਕੈਪਟਨ ਨੇ ਹੀ ਇਹ ਕਹਿ ਕੇ ਅੜਿੱਕਾ ਪਾ ਦਿੱਤਾ ਸੀ ਕਿ ਇਸ ਮਾਮਲੇ 'ਚ ਸੀ. ਬੀ. ਆਈ. ਦਾ ਦਖਲ ਠੀਕ ਨਹੀਂ ਰਹੇਗਾ। ਪੂਰੀ ਕਾਂਗਰਸ ਕਮੇਟੀ ਉਸ ਸਮੇਂ ਵੀ ਕੈਪਟਨ ਦੇ ਇਸ ਬਿਆਨ ਦੇ ਖਿਲਾਫ ਸੀ। ਬਾਜਵਾ ਨੇ ਤਾਂ ਇਥੋਂ ਤਕ ਦੋਸ਼ ਲਗਾ ਦਿੱਤਾ ਸੀ ਕਿ ਕੈਪਟਨ ਨਹੀਂ ਚਾਹੁੰਦੇ ਕਿ ਮਜੀਠੀਆ ਦੇ ਖਿਲਾਫ ਕੋਈ ਕਾਰਵਾਈ ਹੋਵੇ। ਇਹ ਹੀ ਮੁੱਦਾ ਇਕ ਵਾਰ ਫਿਰ ਕਾਂਗਰਸ ਦੀ ਅੰਦਰੂਨੀ ਸਿਆਸਤ 'ਚ ਉਭਰ ਕੇ ਸਾਹਮਣੇ ਆ ਰਿਹਾ ਹੈ। 
ਦੂਜੇ ਪਾਸੇ ਪਾਰਟੀ ਦੇ ਅੰਦਰ ਮਾਝਾ ਦੇ ਵਿਧਾਇਕ ਮਜੀਠੀਆ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਇਕਜੁੱਟ ਹੋ ਚੁੱਕੇ ਹਨ ਤੇ ਲਗਾਤਾਰ ਕੈਪਟਨ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਪਰ ਕੈਪਟਨ ਦੇ ਇਸ ਬਿਆਨ ਦੇ ਬਾਅਦ ਮਾਝਾ ਦੇ ਵਿਧਾਇਕਾਂ ਦਾ ਦਿਲ ਵੀ ਟੁੱਟ ਗਿਆ ਹੈ। ਇਸੇ ਮਾਮਲੇ ਦੇ ਮੱਦੇਨਜ਼ਰ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੈਪਟਨ ਦੇ ਖਿਲਾਫ ਮੋਰਚਾ ਖੋਲ੍ਹਣ ਦਾ ਮਨ ਬਣਾ ਲਿਆ ਹੈ। ਬਾਜਵਾ ਦਾ ਕਹਿਣਾ ਹੈ ਕਿ ਮਜੀਠੀਆ ਦੇ ਖਿਲਾਪ ਹਰ ਹਾਲ 'ਚ ਕਾਰਵਾਈ ਹੋਣੀ ਚਾਹੀਦੀ ਹੈ, ਜੇਕਰ ਮਜੀਠੀਆ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤਾਂ ਪਾਰਟੀ ਕਿਸ ਆਧਾਰ 'ਤੇ ਜਨਤਾ ਦੇ 'ਚ ਜਾਣਗੇ? ਇਸ ਦਾ ਨੁਕਸਾਨ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ 'ਚ ਭੁਗਤਣਾ ਪੈ ਸਕਦਾ ਹੈ, ਕਿਉਂਕਿ ਜਨਤਾ ਸਾਫ ਤੌਰ 'ਤੇ ਕਾਂਗਰਸ ਤੋਂ ਪੁੱਛੇਗੀ  ਕਿ ਅਜੇ ਤਕ ਮਜੀਠੀਆ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ?