ਮਜੀਠੀਆ - ਰੰਧਾਵਾ ਬਣੇ ਚੋਟੀ ਦੇ ਦੁਸ਼ਮਣ, ਇਕ ਨੇ ਛਿੜਕਿਆ ਜ਼ਖਮਾਂ 'ਤੇ ਲੂਣ ਤਾਂ ਦੂਜੇ ਨੇ ਲਲਕਾਰਿਆ

10/13/2017 5:19:05 PM

ਬਟਾਲਾ (ਸੈਂਡੀ) - ਦਿਨ-ਬ-ਦਿਨ ਸਰਗਰਮ ਹੁੰਦੀ ਜਾ ਰਹੀ ਸਿਆਸਤ ਨੇ ਗੁਰਦਾਸਪੁਰ ਦੀ ਜ਼ਿਮਨੀ ਚੋਣ 'ਚ ਉਸ ਵੇਲੇ ਇਕ ਨਵਾਂ ਮੋੜ ਲਿਆ ਦਿੱਤਾ, ਜਦੋਂ ਮਾਝੇ ਦੇ ਜਰਨੈਲ ਆਖੇ ਜਾਂਦੇ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਨਿਧੱੜਕ ਆਗੂ ਸੁਖਜਿੰਦਰ ਸਿੰਘ ਰੰਧਾਵਾ ਇਕ ਦੂਜੇ ਦੇ ਚੋਟੀ ਦੇ ਦੁਸ਼ਮਣ ਬਣ ਕੇ ਉਭਰੇ। ਦੋਹਾਂ ਨੇ ਤਗੜੇ ਸਿਆਸੀ ਪਰਹਾਰ ਕਰਦੇ ਹੋਏ ਹਰ ਸਟੇਜ 'ਤੇ ਇਕ ਦੂਜੇ ਨੂੰ ਲਲਕਾਰਿਆ, ਜਿਸ ਨਾਲ ਮਾਝੇ ਦੀ ਸਿਆਸਤ ਦਾ ਪਾਰਾ ਬਹੁਤ ਜ਼ਿਆਦਾ ਗਰਮਾ ਗਿਆ ਹੈ ਅਤੇ ਇਸ ਦਾ ਭਿਆਨਕ ਅਸਰ ਆਉਣ ਵਾਲੇ ਸਮੇਂ 'ਚ ਜ਼ਰੂਰ ਦਿਸੇਗਾ। 
ਰੰਧਾਵਾ ਦੀ ਦੁਸ਼ਮਣੀ ਕਿੱਥੋਂ ਹੋਈ ਸ਼ੁਰੂ :
ਯਾਦ ਰਹੇ ਕਿ ਡੇਰਾ ਬਾਬਾ ਨਾਨਕ ਹਲਕੇ ਤੋਂ ਸੁਖਜਿੰਦਰ ਸਿੰਘ ਰੰਧਾਵਾ 2012 ਦੀਆਂ ਚੋਣਾਂ 'ਚ ਅਕਾਲੀ ਦਲ ਦੇ ਜ਼ਿਲਾ ਜੱਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਹਰਾ ਕੇ ਚੋਣ ਤਾਂ ਜਿੱਤ ਗਏ ਸਨ ਪਰ ਉਸ ਤੋਂ ਬਾਅਦ ਉਹ ਲਗਾਤਾਰ ਇਲਜ਼ਾਮ ਲਗਾਉਂਦੇ ਰਹੇ ਕਿ ਲੰਗਾਹ ਨੇ  ਉਨ੍ਹਾਂ ਦੇ ਹਲਕੇ 'ਚ ਮਜੀਠੀਆ ਦੀ ਸ਼ਹਿ 'ਤੇ ਬੇਤਹਾਸ਼ਾ ਨਜਾਇਜ਼ ਪਰਚੇ ਕਰਵਾਏ। ਇਥੇ ਹੀ ਬਸ ਨਹੀਂ ਰੰਧਾਵਾ, ਮਜੀਠੀਆ ਨੂੰ ਪੰਜਾਬ 'ਚ ਵਿੱਕਦੇ 'ਚਿੱਟੇ' ਦਾ ਵੀ ਕਥਿਤ ਦੋਸ਼ੀ ਮੰਨਦੇ ਹੋਏ ਅਤੇ ਕਈ ਵਾਰ ਟੈਲੀਵੀਜਨਾਂ, ਚੈਨਲਾਂ ਅਤੇ ਅਖਬਾਰਾਂ ਰਾਹੀ 'ਚਿੱਟੇ' ਨੂੰ ਲੈ ਕੇ ਮਜੀਠੀਆ 'ਤੇ ਵਰ੍ਹ ਚੁੱਕੇ ਹਨ। 
ਰੰਧਾਵਾ ਦੀਆਂ ਅੱਖਾਂ 'ਚ ਬੁਰੀ ਤਰ੍ਹਾਂ ਰੜਕਦੇ ਹਨ ਮਜੀਠੀਆ :
ਪਿਛਲੇ ਅਕਾਲੀ ਰਾਜ ਤੋਂ ਮਜੀਠੀਆ, ਰੰਧਾਵਾ ਦੀਆਂ ਅੱਖਾਂ 'ਚ  ਬੁਰੀ ਤਰ੍ਹਾਂ ਰੜਕਦੇ ਆ ਰਹੇ ਹਨ, ਜਿਸ ਦੇ ਚੱਲਦੇ ਹੀ ਉਨ੍ਹਾਂ ਨੇ ਕਰੀਬ 40-45 ਵਿਧਾਇਕਾਂ ਦੇ ਦਸਤਖਤਾਂ ਵਾਲੀ ਚਿੱਠੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਦਿਆ ਮਜੀਠੀਆ ਨੂੰ ਜੇਲ੍ਹ 'ਚ ਸੁੱਟਣ ਦੀ ਗੱਲ ਕਹੀ ਸੀ ਪਰ ਇਸ ਵਾਰ ਤਾਂ ਹੱਦ ਨਾਲੋਂ ਵੱਧ ਕਰਦਿਆਂ ਰੰਧਾਵਾ ਨੇ ਵੱਡਾ ਲਲਕਾਰਾ ਮਾਰਦਿਆਂ ਕਿਹਾ ਹੈ ਕਿ ਜੇਕਰ ਮਜੀਠੀਆ 'ਚ ਹਿੱਮਤ ਹੈ, ਤਾਂ ਉਹ ਅਸਤੀਫਾ ਦੇ ਕੇ ਮੇਰੇ ਜਾਂ ਆਪਣੇ ਹਲਕੇ 'ਚੋਂ ਦੁਬਾਰਾ ਚੋਣ ਲੜ ਕੇ ਵੇਖ ਲਵੇ , ਪਤਾ ਲੱਗ ਜਾਓ ਕੌਣ ਕਿੰਨੇ ਪਾਣੀ 'ਚ ਹੈ।  ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਰੰਧਾਵਾ ਮਜੀਠੀਆ ਖਿਲਾਫ਼ ਕਾਰਵਾਈ ਕਰਵਾਉਣ ਲਈ ਪੂਰੀ ਤਰ੍ਹਾਂ ਮੁੱਖ ਮੰਤਰੀ ਦੇ ਪਿੱਛੇ ਪਏ ਹੋਏ ਹਨ।
ਮਜੀਠੀਆ ਨੇ ਕਿਸ ਤਰ੍ਹਾਂ ਛਿੜਕਿਆ ਰੰਧਾਵਾ ਦੇ ਜ਼ਖਮਾਂ 'ਤੇ ਲੂਣ :
ਚਰਚਾ ਹੈ ਕਿ ਰੰਧਾਵਾ ਇਸ ਲਈ ਮਜੀਠੀਆ ਨੂੰ ਬੁਰੀ ਤਰ੍ਹਾਂ ਲਲਕਾਰ ਰਹੇ ਹਨ ਕਿਉਂਕਿ ਮਜੀਠੀਆ ਵੱਲੋਂ ਜ਼ਿਮਨੀ ਚੋਣ ਦੌਰਾਨ ਰੰਧਾਵਾ ਦੇ ਪੁਰਾਣੇ ਜਖ਼ਮਾਂ ਤੇ ਲੂਣ ਛਿੜਕਦੇ ਹੋਏ ਉਨ੍ਹਾਂ ਦੇ ਵੱਡੇ ਭਰਾ ਇੰਦਰਜੀਤ ਸਿੰਘ ਰੰਧਾਵਾ ਅਤੇ 2017 'ਚ ਆਪਣੇ ਚਾਚੇ ਵਿਰੁੱਧ ਚੋਣ ਲੜ ਚੁੱਕੇ ਭਤੀਜੇ ਦੀਪ ਇੰਦਰ ਸਿੰਘ ਰੰਧਾਵਾ ਨੂੰ ਅਕਾਲੀ ਦਲ 'ਚ ਸ਼ਾਮਲ ਕਰਵਾਇਆ ਹੈ। ਚਰਚਾ ਇਹ ਵੀ ਹੈ, ਕਿ ਜਦੋਂ ਲੰਗਾਹ ਕਾਂਡ ਤੋਂ ਬਾਅਦ ਡੇਰਾ ਬਾਬਾ ਨਾਨਕ ਹਲਕੇ 'ਚ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਤੋੜਦੇ ਹੋਏ ਰੰਧਾਵਾ ਲੋਕਾਂ ਨੂੰ ਧੜਾਧੜ ਕਾਂਗਰਸ 'ਚ ਸ਼ਾਮਲ ਕਰਵਾ ਰਹੇ ਸਨ, ਤਾਂ ਤੁਰੰਤ ਮਜੀਠੀਆ ਨੇ ਉਕਤ ਹਲਕੇ ਦੀ ਵਾਗ-ਡੋਰ ਆਪਣੇ ਹੱਥਾਂ 'ਚ ਲੈ ਲਈ ਸੀ ਅਤੇ ਰੰਧਾਵਾ ਨੂੰ ਹਰ ਸਟੇਜ 'ਤੇ ਵੰਗਾਰਨਾ ਸ਼ੁਰੂ ਕਰ ਦਿੱਤਾ ਸੀ। 
15 ਦਾ ਨਤੀਜਾ ਤਹਿ ਕਰੇਗਾ ਦੋਹਾਂ ਦੀ ਲੜਾਈ ਦਾ ਨਵਾਂ ਰੰਗ :
ਉਕਤ ਦੋਹਾਂ ਆਗੂਆਂ ਦਾ ਇਕ -ਦੂਜੇ ਵਿਰੁੱਧ ਅਗਲਾ ਸਿਆਸੀ ਵਾਰ ਕੀ ਹੋਵੇਗਾ, ਇਹ 15 ਅਕਤੂਬਰ ਨੂੰ ਆਉਣ ਵਾਲਾ ਗੁਰਦਾਸਪੁਰ ਜ਼ਿਮਨੀ ਚੋਣ ਦਾ ਨਤੀਜਾ ਤੈਅ ਕਰੇਗਾ।  ਹਾਲ ਦੀ ਘੜੀ ਸੂਤਰ ਅਤੇ ਜਾਣਕਾਰ ਦੱਸਦੇ ਰਹੇ ਹਨ, ਕਿ ਲੰਗਾਹ ਕਾਂਡ ਕਰਕੇ ਡੇਰਾ ਬਾਬਾ ਨਾਨਕ ਹਲਕੇ ਤੋਂ ਅਕਾਲੀ ਦਲ ਬੁਰੀ ਤਰ੍ਹਾਂ ਪੱਛੜਦਾ ਦਿਖਾਈ ਦੇ ਰਿਹਾ ਹੈ, ਜੇ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਕਾਂਗਰਸੀਆ ਦੀ ਚੜ ਮਚੇਗੀ ਅਤੇ ਅਕਾਲੀ ਦਲ ਬੈਕ ਫੁੱਟ 'ਤੇ ਆ ਜਾਵੇਗਾ, ਜਿਸ ਤੋਂ ਬਾਅਦ ਦੋਹਾਂ ਧਿਰਾਂ 'ਚ ਤਲਖੀ ਸਿਖ਼ਰ 'ਤੇ ਪੁੱਜ ਜਾਵੇਗੀ। ਬਾਕੀ ਇਨ੍ਹਾਂ ਦੋਨਾਂ ਸਿਆਸੀ ਆਗੂਆਂ ਦੀ ਜੰਗ ਕਿਹੜਾ ਨਵਾਂ ਰੰਗ ਵਖਾਉਂਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ।