ਵਿਗੜ ਰਹੀ ਹਾਲਤ ਸੂਬੇ ਨੂੰ ਮੁੜ ਸੁੱਟ ਸਕਦੀ ਹੈ ਅੱਤਵਾਦ ਦੇ ਹਨ੍ਹੇਰੇ ''ਚ : ਮਜੀਠੀਆ

11/16/2018 3:09:19 PM

ਚੰਡੀਗੜ੍ਹ (ਅਸ਼ਵਨੀ) : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ 'ਚ ਖੁਫੀਆ ਏਜੰਸੀਆਂ ਵਲੋਂ ਜਾਰੀ ਕੀਤਾ ਗਿਆ ਹਾਈ ਅਲਰਟ ਇਸ ਗੱਲ ਦਾ ਸਿੱਧਾ ਸੰਕੇਤ ਹੈ ਕਿ  ਸੂਬੇ 'ਚ ਅੱਤਵਾਦ ਦੇ ਕਾਲੇ ਦਿਨ ਨਜ਼ਰ ਆਉਣ ਲੱਗ ਪਏ ਹਨ ਅਤੇ ਗਰਮਖ਼ਿਆਲੀ ਸੂਬੇ ਅੰਦਰ ਅਸਥਿਰਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੂਬਾ ਸਰਕਾਰ 'ਤੇ ਅਮਨ-ਕਾਨੂੰਨ ਦੀ ਹਾਲਤ ਸਬੰਧੀ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾਉਂਦਿਆਂ ਮਜੀਠੀਆ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਨਾ ਸਿਰਫ ਗ੍ਰਹਿ ਮੰਤਰੀ ਵਲੋਂ ਸੂਬੇ ਅੰਦਰ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਬਾਰੇ ਕੀਤੀਆਂ ਟਿੱਪਣੀਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ,  ਸਗੋਂ ਭਾਰਤੀ ਫੌਜ ਦੇ ਮੁਖੀ ਵਲੋਂ ਪੰਜਾਬ ਦੀ ਹਾਲਤ ਨਾਜ਼ੁਕ ਹੋਣ ਦੀ ਚਿਤਾਵਨੀ ਪ੍ਰਤੀ ਵੀ ਅੱਖਾਂ ਬੰਦ ਕਰ ਲਈਆਂ ਹਨ। ਉਨ੍ਹਾਂ ਕਿਹਾ ਕਿ ਵਿਗੜ ਰਹੀ ਅਮਨ-ਕਾਨੂੰਨ ਦੀ ਹਾਲਤ ਸੂਬੇ ਨੂੰ ਦੁਬਾਰਾ ਅੱਤਵਾਦ ਦੇ ਹਨ੍ਹੇਰੇ ਅੰਦਰ ਸੁੱਟ ਸਕਦੀ ਹੈ।  

ਕਾਂਗਰਸ ਨੂੰ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਮੂਰਖ ਬਣਾਉਣ ਵਾਲੀ ਪਾਰਟੀ ਕਰਾਰ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਨਿੱਜੀ ਸੈਕਟਰ ਵਲੋਂ ਸੂਬੇ ਅੰਦਰ ਨਿਵੇਸ਼ ਨਾ ਕਰਨ ਦੀ ਮੁੱਖ ਵਜ੍ਹਾ ਅਸਥਿਰਤਾ ਹੈ, ਜਿਸ ਦੇ ਭਾਰੀ ਆਰਥਿਕ ਖਮਿਆਜ਼ੇ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਇਹ ਬਹੁਤ ਹੀ ਮੰਦਭਾਗੀ ਗੱਲ ਹੈ, ਜਿਨ੍ਹਾਂ ਨੇ ਬਹੁਤ ਜ਼ਿਆਦਾ ਖੂਨ ਖਰਾਬਾ ਵੇਖਿਆ ਹੈ। 

Anuradha

This news is Content Editor Anuradha