ਮਜੀਠਾ ''ਚ ਕਾਂਗਰਸ ਦਾ ਸ਼ੋਅ ਹੋਇਆ ਫਲਾਪ : ਮਜੀਠੀਆ

06/19/2018 6:32:52 AM

ਅੰਮ੍ਰਿਤਸਰ(ਛੀਨਾ )-ਸਾਬਕਾ ਮੰਤਰੀ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੀ ਮਜੀਠਾ ਵਿਖੇ ਕੀਤੀ ਗਈ ਰੈਲੀ ਲੋਕਾਂ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਅਤੇ ਦਾਅਵੇ ਦੇ ਉਲਟ ਕੋਈ ਵੀ ਕਾਂਗਰਸ ਦਾ ਮੰਤਰੀ ਅਤੇ ਸਥਾਨਕ ਮੈਂਬਰ ਪਾਰਲੀਮੈਂਟ ਤਕ ਵੱਲੋਂ ਰੈਲੀ ਤੋਂ ਕਿਨਾਰਾ ਕੀਤੇ ਜਾਣ ਨਾਲ 'ਫਲਾਪ ਸ਼ੋਅ' ਸਿੱਧ ਹੋਇਆ ਹੈ। ਉਨ੍ਹਾਂ ਕਿਹਾ ਕਿ ਸਥਾਨਕ ਕਾਂਗਰਸੀ ਆਗੂ ਵੱਲੋਂ ਪਹਿਲਾਂ ਤੋਂ ਹੀ ਕਾਂਗਰਸ 'ਚ ਸ਼ਾਮਲ ਹੋ ਚੁੱਕੇ ਕੁਝ ਲੋਕਾਂ ਨੂੰ ਮੁੜ ਸ਼ਾਮਲ ਕਰਨ ਦਾ ਡਰਾਮਾ ਕਰ ਕੇ ਰੈਲੀ ਦੀ ਪ੍ਰਧਾਨਗੀ ਕਰ ਰਹੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੂੰ ਨਾ ਕੇਵਲ ਗੁੰਮਰਾਹ ਕੀਤਾ ਗਿਆ ਸਗੋਂ ਹਨੇਰੇ 'ਚ ਰਖ ਕੇ ਧੋਖਾ ਦਿੱਤਾ ਗਿਆ, ਜਿਸ ਦੀ ਹਲਕੇ 'ਚ ਖੂਬ ਚਰਚਾ ਚਲ ਰਹੀ ਹੈ। ਮਜੀਠੀਆ ਨੇ ਕਿਹਾ ਕਿ ਸਥਾਨਕ ਕਾਂਗਰਸੀ ਆਗੂ ਨੂੰ ਆਪਣੀ ਸਾਖ਼ ਬਚਾਉਣ ਲਈ ਡਰਾਮੇਬਾਜ਼ੀ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਨ੍ਹਾਂ ਗੰਗਾ ਸਿੰਘ ਚਵਿੰਡਾ ਦੇਵੀ, ਨਿਰਮਲ ਸਿੰਘ ਨਾਗ ਅਤੇ ਸਵਰਨਜੀਤ ਕੁਰਾਲੀਆ ਆਦਿ ਵੱਲੋਂ 2017 ਦੌਰਾਨ ਕਾਂਗਰਸ 'ਚ ਸ਼ਾਮਲ ਹੋ ਕੇ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਨ ਦਾ ਸਬੂਤ ਪੇਸ਼ ਕਰਦਿਆਂ ਉਨ੍ਹਾਂ ਨੂੰ ਕਾਂਗਰਸ 'ਚ ਸ਼ਾਮਲ ਕਰਨ ਨੂੰ 'ਓਲਡ ਐਂਡ ਵੇਸਟ ਸਮੱਗਰੀ ਦੀ ਰੀਸਾਈਕਲਿੰਗ' ਕਰਾਰ ਦਿੱਤਾ। ਜੋ ਆਪ ਦੇ ਪਿੰਡ ਵੀ ਵੋਟਾਂ ਦੌਰਾਨ ਹਾਰ ਚੁੱਕੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਡਰਾਮੇਬਾਜ਼ੀ ਲਈ ਜਾਣੀ ਜਾਂਦੀ ਹੈ ਅਤੇ ਇਹ 'ਜੁਆਇਨਿੰਗ' ਕੁੱਝ ਨਹੀਂ ਬਲਕਿ ਇਕ ਭਰਮ ਹੈ। ਵਿਸ਼ਾਲ ਰੈਲੀ ਦਾ ਦਾਅਵਾ ਕਰਨ ਵਾਲੇ ਸਿਰਫ 6-7 ਸੌ ਬੰਦਿਆਂ ਤੋਂ ਵੱਧ ਇਕੱਠ ਨਾ ਕਰ ਸਕੇ। ਸਥਾਨਕ ਨੇਤਾ ਆਪਣੇ ਖ਼ੁਦ ਦੇ ਪਾਰਟੀ ਪ੍ਰਧਾਨ ਅਤੇ ਹੋਰ ਸੀਨੀਅਰ ਲੀਡਰਸ਼ਿਪ ਨੂੰ ਅਜਿਹੇ ਗੁੰਮਰਾਹਕੁੰਨ ਪ੍ਰਦਰਸ਼ਨ ਦਾ ਆਯੋਜਨ ਕਰਕੇ ਧੋਖਾ ਦੇ ਰਹੇ ਹਨ, ਜੋ ਕਿ ਇਕ ਫਲਾਪ ਪ੍ਰਦਰਸ਼ਨ ਹੋਣ ਦੀ ਗੱਲ ਕਬੂਲ ਰਹੇ ਹਨ।