''ਸ਼ਗਨ ਸਕੀਮ'' ਨੂੰ ਲੈ ਕੇ ਮਜੀਠੀਆ ਤੇ ਧਰਮਸੋਤ ਵਿਚਕਾਰ ਟਕਰਾਅ

03/21/2018 11:09:48 AM

ਚੰਡੀਗੜ੍ਹ (ਰਮਨਦੀਪ ਸੋਢੀ) : ਪੰਜਾਬ ਵਿਧਾਨ ਸਭਾ 'ਚ ਬਜਟ ਸੈਸ਼ਨ ਦੇ ਦੂਜੇ ਦਿਨ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ 'ਸ਼ਗਨ ਸਕੀਮ' ਸਬੰਧੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਘੇਰ ਲਿਆ। ਉਨ੍ਹਾਂ ਧਰਮਸੋਤ ਤੋਂ ਪੁੱਛਿਆ ਕਿ ਉਹ ਦੱਸਣ ਕਿ ਕਾਂਗਰਸ ਸਰਕਾਰ ਨੇ ਹੁਣ ਤੱਕ ਸ਼ਗਨ ਸਕੀਮ (ਆਸ਼ੀਰਵਾਦ) ਦੀ ਕਿੰਨੀ ਰਾਸ਼ੀ ਜਾਰੀ ਕੀਤੀ ਹੈ, ਜਿਸ 'ਤੇ ਧਰਮਸੋਤ ਨੇ ਜਵਾਬ ਦਿੱਤਾ ਕਿ 1-7-2017 ਤੋਂ 21,000 ਰੁਪਏ ਪ੍ਰਤੀ ਲਾਭਪਾਤਰੀ ਇਹ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਮਜੀਠੀਆ ਨੇ ਸਵਾਲ ਕੀਤਾ ਕਿ ਅੰਮ੍ਰਿਤਸਰ ਦੇ ਵੱਖ-ਵੱਖ ਵਿਕਾਸ ਬਲਾਕਾਂ 'ਚ ਇਸ ਸਮੇਂ ਦੌਰਾਨ ਲਾਭਪਾਤਰੀਆਂ ਨੂੰ ਇਸ ਸਕੀਮ ਅਧੀਨ ਕੁੱਲ ਕਿੰਨੀ ਰਕਮ  ਬਲਾਕ ਵਾਈਜ਼ ਵੰਡੀ ਗਈ ਹੈ ਤਾਂ ਧਰਮਸੋਤ ਨੇ ਜਵਾਬ ਦਿੰਦਿਆਂ ਕਿਹਾ ਕਿ ਸਾਰੇ ਬਲਾਕਾਂ 'ਚ ਮਾਰਚ, 2017 ਤੱਕ ਸਾਰੇ ਕੇਸਾਂ ਨੂੰ ਰਕਮ ਵੰਡੀ ਗਈ ਹੈ ਅਤੇ ਅਪ੍ਰੈਲ, 2017 ਤੋਂ ਦਸੰਬਰ , 2017 ਤੱਕ ਦੇ ਕੇਸਾਂ ਲਈ ਜਲਦੀ ਹੀ ਰਕਮ ਦੀ ਅਦਾਇਗੀ ਕੀਤੀ ਜਾਵੇਗੀ।