ਬਿਕਰਮ ਮਜੀਠੀਆ ''ਤੇ ਮੁੜ ਅਟਕੀ ਪ੍ਰਧਾਨਗੀ ਦੀ ''ਸੂਈ''!

01/17/2018 6:25:36 AM

ਲੁਧਿਆਣਾ(ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਦੀ ਕੁਰਸੀ ਪਿਛਲੇ ਲੰਬੇ ਸਮੇਂ ਤੋਂ ਖਾਲੀ ਪਈ ਹੈ। ਭਾਵੇਂ ਸਰਕਾਰ ਸਮੇਂ ਅਕਾਲੀ ਦਲ ਨੇ ਯੂਥ ਵਿੰਗ ਦਾ ਪ੍ਰਧਾਨ ਕਿਰਨਬੀਰ ਸਿੰਘ ਕੰਗ ਨੂੰ ਬਣਾਇਆ ਅਤੇ ਫਿਰ ਪੰਜ ਭਾਗਾਂ ਵਿਚ ਵੰਡ ਕੇ ਜ਼ੋਨ ਬਣਾ ਕੇ ਪ੍ਰਧਾਨਗੀਆਂ ਵੀ ਸੌਂਪੀਆਂ ਪਰ ਰਾਸ ਨਹੀਂ ਆਈਆਂ, ਸਗੋਂ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਤੋਂ ਹੋਰ ਦੂਰ ਚਲਾ ਗਿਆ, ਜਿਸ ਦਾ ਨਤੀਜਾ ਵਿਧਾਨ ਸਭਾ ਚੋਣਾਂ 'ਚ ਸ਼ਰਮਨਾਕ ਹਾਰ ਵਜੋਂ ਦੇਖਿਆ ਜਾ ਸਕਦਾ ਹੈ।  ਸਰਕਾਰ ਚਲੀ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਨਾਲ ਸਿਆਸੀ ਤੌਰ 'ਤੇ ਦੋ ਹੱਥ ਕਰਨ ਲਈ ਪੰਜਾਬ 'ਚੋਂ ਕਿਸੇ ਧੜੱਲੇਦਾਰ ਯੂਥ ਅਕਾਲੀ ਦਲ ਦੀ ਭਾਲ ਲਈ ਕੋਈ ਚਾਰ ਮਹੀਨੇ ਲਾਏ ਪਰ ਕੋਈ ਵੀ ਅਜਿਹਾ ਨੌਜਵਾਨ ਨਜ਼ਰ ਨਹੀਂ ਆਇਆ ਕਿ ਜੋ ਯੂਥ ਅਕਾਲੀ ਦਲ ਦੇ ਨੇਤਾਵਾਂ ਨੂੰ ਇਕ ਪਲੇਟਫਾਰਮ 'ਤੇ ਇਕੱਠਾ ਕਰ ਸਕੇ ਤੇ ਕਾਂਗਰਸ ਨਾਲ ਲੋਹਾ ਲੈ ਸਕੇ ਅਤੇ ਨੌਜਵਾਨ ਉਸ ਦੇ ਕਹਿਣ 'ਤੇ ਇਕੱਠੇ ਰਹਿ ਸਕਣ। ਸੁਖਬੀਰ ਬਾਦਲ ਵਲੋਂ ਲੱਖ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਪ੍ਰਧਾਨਗੀ ਲੱਭਣ ਵਾਲੀ ਸੂਈ ਹੁਣ ਫਿਰ ਸਾਬਕਾ ਯੂਥ ਵਿੰਗ ਦੇ ਪ੍ਰਧਾਨ ਤੇ ਸਾਬਕਾ ਵਜ਼ੀਰ ਬਿਕਰਮ ਸਿੰਘ ਮਜੀਠੀਆ 'ਤੇ ਅਟਕ ਗਈ ਹੈ ਪਰ ਦੂਸਰੇ ਪਾਸੇ ਇਹ ਖ਼ਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ. ਮਜੀਠੀਆ ਨੂੰ ਇਹ ਕਮਾਂਡ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਵਿਰੋਧੀਆਂ ਨੇ ਫਿਰ ਸਾਲਾ-ਭਣੋਈਏ ਦਾ ਅਕਾਲੀ ਦਲ ਆਖਣ ਤੋਂ ਇਲਾਵਾ ਪਰਿਵਾਰਵਾਦ ਤੇ ਹੋਰ ਤਰ੍ਹਾਂ-ਤਰ੍ਹਾਂ ਦੇ ਕਸੀਦਿਆਂ ਤੋਂ ਅਕਾਲੀ ਦਲ ਦੀ ਕਿਰਕਿਰੀ ਕਰ ਕੇ ਕਥਿਤ ਨਸ਼ੇ ਦੇ ਦੋਸ਼ ਲਾ ਕੇ ਵਿਰੋਧੀ ਫਿਰ ਭੰਡ ਸਕਦੇ ਹਨ। ਇਸ ਲਈ ਸ. ਮਜੀਠੀਆ ਵੀ ਇਸ ਝਮੇਲੇ ਤੋਂ ਦੂਰ ਰਹਿਣਾ ਹੀ ਬਿਹਤਰ ਸਮਝਣਗੇ ਪਰ ਨੌਜਵਾਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਹੈ ਤੇ ਅੱਗੇ ਲੋਕ ਸਭਾ ਚੋਣਾਂ ਦਾ ਬਿਗੁਲ ਵੱਜਣਾ ਹੈ, ਇਸ ਲਈ ਕੋਈ ਨਾ ਕੋਈ ਤਾਂ ਪ੍ਰਧਾਨ ਬਣਾਉਣਾ ਹੀ ਪਵੇਗਾ। ਫਿਲਹਾਲ ਤਾਂ ਪ੍ਰਧਾਨਗੀ ਦੀ ਸਿਆਸੀ ਸੂਈ ਮਜੀਠੀਏ ਦੇ ਨਾਂ 'ਤੇ ਹੀ ਅਟਕੀ ਹੋਈ ਦੱਸੀ ਜਾ ਰਹੀ ਹੈ।