ਕਾਂਗਰਸ ਸਰਕਾਰ ਨੇ ਕਿਸਾਨਾਂ ਨਾਲ ਸਭ ਤੋਂ ਵੱਡਾ ਧੋਖਾ ਕੀਤਾ : ਮਜੀਠੀਆ

01/05/2018 7:35:44 AM

ਚੰਡੀਗੜ੍ਹ(ਪਰਾਸ਼ਰ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸੀ ਵਿਧਾਇਕ ਪ੍ਰਸਤਾਵਿਤ ਕਰਜ਼ਾ ਮੁਆਫੀ ਸਕੀਮ ਦੇ ਲਾਭਪਾਤਰੀਆਂ ਦੀ ਸੂਚੀਆਂ ਘਰਾਂ 'ਚ ਬੈਠ ਤਿਆਰ ਕਰਕੇ ਸਰਕਾਰੀ ਖਜ਼ਾਨੇ ਨੂੰ ਲੁੱਟ ਰਹੇ ਹਨ ਅਤੇ ਕਰਜ਼ਾ ਮੁਆਫੀ ਦੇ ਅਸਲੀ ਹੱਕਦਾਰਾਂ ਨੂੰ ਬੁਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਰਹੇ ਹਨ। ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੇ ਫਸਲੀ ਕਰਜ਼ਾ ਮੁਆਫੀ ਸਕੀਮ ਉਤੇ ਆਪਣਾ ਗਲਬਾ ਜਮਾ ਲਿਆ ਹੈ ਅਤੇ ਉਹ ਛੋਟੇ ਅਤੇ ਸਰਹੱਦੀ ਕਿਸਾਨਾਂ ਨੂੰ ਇਸ ਸਕੀਮ ਦੇ ਦਾਇਰੇ ਵਿਚੋਂ ਬਾਹਰ ਕੱਢੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਖੁਦ ਇਸ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ, ਕਿ ਕਿਸ ਤਰ੍ਹਾਂ ਕਾਂਗਰਸੀ ਆਗੂਆਂ ਵਲੋਂ ਚਹੇਤਿਆਂ ਨੂੰ ਇਸ ਸਕੀਮ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਅਸਲੀ ਕਰਜ਼ਦਾਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਕਾਂਗਰਸੀਆਂ ਉਤੇ ਕਰਜ਼ਦਾਰ ਕਿਸਾਨਾਂ ਦੇ ਨਾਂ ਲਾਭਪਾਤਰੀਆਂ ਦੀ ਸੂਚੀ ਵਿਚ ਪਾਉਣ ਲਈ ਰਿਸ਼ਵਤ ਮੰਗਣ ਦੇ ਦੋਸ਼ ਵੀ ਲੱਗੇ ਹਨ। ਇਸ ਸਾਰੇ ਘਪਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਹੱਕ ਵਿਚ ਇਕ ਰੋਸ ਅੰਦੋਲਨ ਸ਼ੁਰੂ ਕਰੇਗਾ। ਇਹ ਟਿੱਪਣੀ ਕਰਦਿਆਂ ਕਿ ਕਿਸਾਨ ਭਾਈਚਾਰੇ ਨੂੰ ਸਿਰਫ ਸਹਿਕਾਰੀ, ਰਾਸ਼ਟਰੀ ਬੈਂਕਾਂ ਅਤੇ ਆੜ੍ਹਤੀਆਂ ਕੋਲੋਂ ਲਏ 90 ਹਜ਼ਾਰ ਕਰੋੜ ਰੁਪਏ ਦੇ ਸਾਰੇ ਕਰਜ਼ਿਆਂ ਨੂੰ ਮੁਆਫ ਕਰਨ ਵਾਲੀ ਵਿਆਪਕ ਕਰਜ਼ਾ ਮੁਆਫੀ ਸਕੀਮ ਹੀ ਸਵੀਕਾਰ ਹੋਵੇਗੀ, ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਨੂੰ ਮੌਜੂਦਾ ਭ੍ਰਿਸ਼ਟ ਸਕੀਮ ਨੂੰ ਤੁਰੰਤ ਰੱਦ ਕਰਕੇ ਇਕ ਅਜਿਹੀ ਸਕੀਮ ਲਾਗੂ ਕਰਨੀ ਚਾਹੀਦੀ ਹੈ, ਜਿਸ ਵਿਚ ਕਾਂਗਰਸ ਪਾਰਟੀ ਵਲੋਂ ਕੀਤੇ ਵਾਅਦੇ ਮੁਤਾਬਿਕ ਸਾਰੇ ਕਰਜ਼ਦਾਰ ਕਿਸਾਨਾਂ ਨੂੰ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਫਸਲੀ ਕਰਜ਼ਾ ਸਕੀਮ ਨਿਰਾ ਧੋਖਾ ਹੈ, ਕਿਉਂਕਿ ਸਰਕਾਰ ਨੇ ਲਾਭਪਾਤਰੀਆਂ ਦੀ ਗਿਣਤੀ 10 ਲੱਖ ਤੋਂ ਘਟਾ ਕੇ 2 ਲੱਖ ਕਰ ਦਿੱਤੀ। ਹੁਣ ਪਤਾ ਲੱਗਾ ਹੈ ਕਿ ਇਸ ਸਕੀਮ ਵਿਚ ਵੀ ਘਪਲਾ ਹੈ। ਮੌਜੂਦਾ ਸਕੀਮ ਵਿਚ 5 ਏਕੜ ਤੋਂ ਘੱਟ ਜ਼ਮੀਨ ਵਾਲੇ ਸਾਰੇ ਕਿਸਾਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਪੰਜ ਏਕੜ ਜ਼ਮੀਨ ਵਾਲੇ ਛੋਟੇ ਕਿਸਾਨ, ਜਿਨ੍ਹਾਂ ਸਿਰ 2 ਲੱਖ ਤੋਂ ਵਧੇਰੇ ਦਾ ਕਰਜ਼ਾ ਹੈ, ਨੂੰ ਵੀ ਇਸ ਸਕੀਮ ਤਹਿਤ ਅਯੋਗ ਕਰਾਰ ਦੇ ਦਿੱਤਾ ਗਿਆ ਹੈ। ਇਹ ਸਕੀਮ ਉਨ੍ਹਾਂ ਕਿਸਾਨਾਂ ਨੂੰ ਵੀ ਕੋਈ ਰਾਹਤ ਨਹੀਂ ਦੇ ਰਹੀ , ਜਿਹੜੇ ਕਰਜ਼ੇ ਦੇ ਬੋਝ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ, ਕਿਉਂਕਿ ਇਸ ਸਕੀਮ ਦੇ ਘੇਰੇ ਅੰਦਰ ਫਸਲੀ ਕਰਜ਼ਾ ਨਾ ਦੇਣ ਵਾਲੇ ਸਿਰਫ 5 ਫੀਸਦੀ ਕਿਸਾਨਾਂ ਨੂੰ ਲਿਆ ਗਿਆ ਹੈ। ਇੱਥੋਂ ਤਕ ਕਿ ਢਾਈ ਏਕੜ ਜ਼ਮੀਨ ਵਾਲੇ ਸਰਹੱਦੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਵੀ ਇਸ ਸਕੀਮ ਵਿਚੋਂ ਬਾਹਰ ਰੱਖਿਆ ਗਿਆ ਹੈ।