ਸ਼ਹੀਦ ਬੇਅੰਤ ਸਿੰਘ ''ਤੇ ਟਿੱਪਣੀ ਤੋਂ ਗੁੱਸੇ ''ਚ ਆਏ ਕਾਂਗਰਸੀਆਂ ਨੇ ਫੂਕਿਆ ਮਜੀਠੀਆ ਦਾ ਪੁਤਲਾ

09/08/2017 4:33:54 AM

ਲੁਧਿਆਣਾ(ਰਿੰਕੂ)-ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਬੀਤੇ ਦਿਨੀਂ ਇਕ ਨਿਜੀ ਟੀ. ਵੀ. ਚੈਨਲ 'ਤੇ ਮਰਹੂਮ ਮੁੱਖ ਮੰਤਰੀ ਸਵ. ਬੇਅੰਤ ਸਿੰਘ ਸਬੰਧੀ ਕੀਤੀ ਗਈ ਟਿੱਪਣੀ ਤੋਂ ਗੁੱਸੇ ਵਿਚ ਆਏ ਕਾਂਗਰਸੀ ਆਗੂਆਂ ਵੱਲੋਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਸ਼ੋਕ ਪਰਾਸ਼ਰ ਪੱਪੀ ਦੀ ਅਗਵਾਈ ਵਿਚ ਸਥਾਨਕ ਜਗਰਾਓਂ ਪੁਲ 'ਤੇ ਮਜੀਠੀਆ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਸਕੱਤਰ ਜੁੱਗੀ ਬਰਾੜ, ਕੌਂਸਲਰ ਰਾਕੇਸ਼ ਪਰਾਸ਼ਰ, ਪੰਜਾਬ ਯੁਵਾ ਕਾਂਗਰਸ ਦੇ ਸਕੱਤਰ ਵਿਜੇ ਅਗਨੀਹੋਤਰੀ ਗੋਲਡੀ, ਐੱਸ. ਸੀ. ਡਿਪਾਰਟਮੈਂਟ ਦੇ ਚੇਅਰਮੈਨ ਚੇਤਨ ਧਾਲੀਵਾਲ ਖਾਸ ਤੌਰ 'ਤੇ ਸ਼ਾਮਲ ਰਹੇ। ਪੱਪੀ ਪਰਾਸ਼ਰ ਨੇ ਕਿਹਾ ਕਿ ਮਜੀਠੀਆ ਵੱਲੋਂ ਸਵ. ਬੇਅੰਤ ਸਿੰਘ ਨੂੰ ਸ਼ਹੀਦ ਕਹਿਣ 'ਤੇ ਕਿੰਤੂ-ਪ੍ਰੰਤੂ ਕੀਤਾ ਗਿਆ, ਜਿਸ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਬੇਅੰਤ ਸਿੰਘ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਮਜੀਠੀਆ ਪੰਜਾਬ ਵਿਚ ਹੋਈ ਅਕਾਲੀ ਦਲ ਦੀ ਸ਼ਰਮਨਾਕ ਹਾਰ ਕਾਰਨ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕਾ ਹੈ। ਇਸ ਲਈ ਅਜਿਹੀ ਘਟੀਆ ਬਿਆਨਬਾਜ਼ੀ 'ਤੇ ਉਤਰ ਆਇਆ ਹੈ। ਪਰਾਸ਼ਰ ਨੇ ਕਿਹਾ ਕਿ ਪੰਜਾਬ ਵਿਚ ਕਾਲੇ ਦੌਰ ਦੌਰਾਨ ਮਜੀਠੀਆ ਅਤੇ ਸੁਖਬੀਰ ਬਾਦਲ ਵਿਦੇਸ਼ਾਂ ਦਾ ਆਨੰਦ ਲੈ ਰਹੇ ਸਨ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਡਰ ਦੇ ਮਾਰੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ। ਅਜਿਹੇ ਮਾਹੌਲ ਵਿਚ ਸ਼ਹੀਦ ਬੇਅੰਤ ਸਿੰਘ ਨੇ ਪੰਜਾਬ ਵਿਚ ਬਲ ਰਹੀ ਫਿਰਕਾਪ੍ਰਸਤੀ ਦੀ ਅੱਗ ਨੂੰ ਆਪਣੀ ਸ਼ਹੀਦੀ ਦੇ ਕੇ ਠੰਡਾ ਕੀਤਾ। ਜੁੱਗੀ ਬਰਾੜ ਅਤੇ ਗੋਲਡੀ ਅਗਨੀਹੋਤਰੀ ਨੇ ਕਿਹਾ ਕਿ ਮਜੀਠੀਆ ਦਲ ਦੀ ਫਿਤਰਤ ਹੈ ਕਿ ਜਦੋਂ ਉਹ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਇਹ ਉਨ੍ਹਾਂ ਮੁੱਦਿਆਂ 'ਤੇ ਰਾਜਨੀਤੀ ਕਰਦੇ ਹਨ, ਜਿਸ ਨਾਲ ਪੰਜਾਬ ਵਿਚ ਫਿਰਕੂ ਮਾਹੌਲ ਪੈਦਾ ਹੋਵੇ ਪਰ ਹੁਣ ਪੰਜਾਬ ਕਾਂਗਰਸ ਪਾਰਟੀ ਅਜਿਹਾ ਨਹੀਂ ਹੋਣ ਦੇਵੇਗੀ। 
ਇਸ ਮੌਕੇ ਰਾਜੀਵ ਸ਼ਰਮਾ, ਸੁਭਾਸ਼ ਸ਼ਰਮਾ, ਸੰਜੀਵ ਕੁਮਾਰ, ਪਰਮਜੀਤ ਸਿੰਘ, ਮੁਹੰਮਦ ਅੱਬਾਸ, ਸੋਹਣ ਸਿੰਘ, ਮੁਕੇਸ਼ ਕੁਮਾਰ, ਧੂਰੀ, ਮਿੰਟੂ, ਦਲੀਪ ਸਿੰਘ, ਹਰਜੀਤ ਸਿੰਘ, ਗਗਨਦੀਪ ਸਿੰਘ, ਰੋਹਿਤ ਕੁਮਾਰ, ਰਿੰਕੂ, ਅਸ਼ੋਕ ਕੁਮਾਰ ਸ਼ੋਕੀ, ਪ੍ਰਦੀਪ ਸ਼ਰਮਾ, ਦਲੀਪ ਸ਼ਰਮਾ, ਦੀਪਕ ਸ਼ਰਮਾ, ਸੋਨੂ, ਪ੍ਰਵੀਨ ਅਗਰਵਾਲ ਪਿੰਕਾ ਅਤੇ ਦੀਪਕ ਮੌਜੂਦ ਰਹੇ।